ਵਿਸਾਖੀ ''ਤੇ ਸਤਲੁਜ ਦਰਿਆ ''ਤੇ ਭਰਦੈ ਭਾਰੀ ਮੇਲਾ

Monday, Mar 05, 2018 - 01:38 AM (IST)

ਵਿਸਾਖੀ ''ਤੇ ਸਤਲੁਜ ਦਰਿਆ ''ਤੇ ਭਰਦੈ ਭਾਰੀ ਮੇਲਾ

ਰੂਪਨਗਰ, (ਕੈਲਾਸ਼)- ਰੂਪਨਗਰ ਵਿਚ ਵਗਦਾ ਸਤਲੁਜ ਦਰਿਆ ਜੋ ਹਿਮਾਚਲ ਦੇ ਪਰਬਤਾਂ ਅਤੇ ਕੈਲਾਸ਼ ਪਰਬਤ ਤੋਂ ਸ਼ੁਰੂ ਹੋ ਕੇ ਰੂਪਨਗਰ ਪਹੁੰਚਦਾ ਹੈ, ਦਾ ਜਲ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਵਿਸਾਖੀ ਦੇ ਤਿਉਹਾਰ ਮੌਕੇ ਇਸ ਦੇ ਕੰਢਿਆਂ 'ਤੇ ਭਾਰੀ ਮੇਲਾ ਭਰਦਾ ਹੈ।  ਇਸ ਮੇਲੇ ਵਿਚ ਸੂਬੇ ਭਰ ਤੋਂ ਲੋਕ ਇਸ਼ਨਾਨ ਕਰਨ ਲਈ ਇਥੇ ਪਹੁੰਚਦੇ ਹਨ। ਭਾਵੇਂ ਹੀ ਸਤਲੁਜ ਦਰਿਆ ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਇਕ ਇਤਿਹਾਸਕ ਦਰਿਆ ਰਿਹਾ ਹੈ ਪਰ ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਰਿਆ 'ਤੇ ਆਉਣ ਵਾਲੇ ਸੈਂਕੜਿਆਂ ਦੀ ਗਿਣਤੀ ਵਿਚ ਇਸ਼ਨਾਨ ਕਰਨ ਵਾਲੇ ਲੋਕਾਂ ਲਈ ਕਿਸੇ ਪ੍ਰਕਾਰ ਦੇ ਇਸ਼ਨਾਨਘਾਟ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ, ਜੋ ਪੰਜਾਬ ਵਿਚ ਵਗਣ ਵਾਲੇ ਪੰਜ ਦਰਿਆਵਾਂ ਵਿਚੋਂ ਸਭ ਤੋਂ ਲੰਮਾ ਹੈ, ਦੀ ਲੰਬਾਈ ਲੱਗਭਗ 1450 ਕਿਲੋਮੀਟਰ ਦੱਸੀ ਜਾ ਰਹੀ ਹੈ। ਸਤਲੁਜ ਦੀ ਪਵਿੱਤਰਤਾ ਨੂੰ ਦੇਖਦੇ ਹੋਏ ਵਿਸਾਖੀ ਮੌਕੇ ਸੈਂਕੜੇ ਲੋਕ ਇਸ਼ਨਾਨ ਕਰਨ ਲਈ ਰੂਪਨਗਰ ਵਿਚ ਪਹੁੰਚਦੇ ਹਨ।
ਜ਼ਿਲਾ ਪ੍ਰਸ਼ਾਸਨ ਨੇ ਲਾਈ ਨਹਾਉਣ 'ਤੇ ਪਾਬੰਦੀ
ਸ਼ਹਿਰ ਨਿਵਾਸੀਆਂ ਅਨੁਸਾਰ ਸਤਲੁਜ ਦਰਿਆ ਦਾ ਜਲ ਅਤੇ ਸਰਹਿੰਦ ਨਹਿਰ ਦਾ ਪਾਣੀ ਜਿਥੇ ਆਪਣੇ ਆਪ ਵਿਚ ਮਹੱਤਵਪੂਰਨ ਹੈ, ਉਥੇ ਵਿਸਾਖੀ ਤੋਂ ਇਲਾਵਾ ਵੀ ਲੋਕਾਂ ਵੱਲੋਂ ਇਸ਼ਨਾਨ ਕਰਨਾ ਜਾਰੀ ਰਹਿੰਦਾ ਹੈ ਪਰ ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਡੁੱਬਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਰਹਿੰਦ ਨਹਿਰ ਅਤੇ ਸਤਲੁਜ ਦਰਿਆ ਵਿਚ ਨਹਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਲੋਕਾਂ ਨੇ ਕਿਹਾ ਕਿ ਜਿਥੇ ਇਕ ਪਾਸੇ ਵਿਸਾਖੀ ਦੇ ਤਿਉਹਾਰ 'ਤੇ ਸ਼ਹਿਰ ਵਿਚ ਭਾਰੀ ਮੇਲਾ ਲੱਗਦਾ ਹੈ ਅਤੇ ਲੋਕ ਵੱਡੀ ਗਿਣਤੀ ਵਿਚ ਦਰਿਆ 'ਤੇ ਨਹਾਉਣ ਪਹੁੰਚਦੇ ਹਨ, ਉਥੇ ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਇੱਕਾ-ਦੁੱਕਾ ਪੁਲਸ ਕਰਮਚਾਰੀ ਤਾਇਨਾਤ ਕਰ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ। 
ਸਥਾਨਕ ਸਮਾਜ ਸੇਵੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਤਲੁਜ ਦਰਿਆ 'ਤੇ ਇਸ਼ਨਾਨਘਾਟ ਦੀ ਵਿਵਸਥਾ ਕੀਤੀ ਜਾਵੇ ਅਤੇ ਮਹਿਲਾਵਾਂ ਲਈ ਵੀ ਇਕ ਇਸ਼ਨਾਨਘਾਟ ਦਾ ਨਿਰਮਾਣ ਕਰਵਾਇਆ ਜਾਵੇ, ਤਾਂ ਕਿ ਇਤਿਹਾਸਕ ਤੌਰ 'ਤੇ ਇਸਦਾ ਮਹੱਤਵ ਬਣਿਆ ਰਹੇ। ਇਸ ਮੌਕੇ 'ਤੇ ਉਨ੍ਹਾਂ ਕਪੂਰ ਖਾਨਦਾਨ ਦੁਆਰਾ ਬਣਾਏ ਗਏ ਇਸ਼ਨਾਨਘਾਟ ਦੀ ਅਣਦੇਖੀ 'ਤੇ ਵੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਜੇਕਰ ਸਰਹਿੰਦ ਨਹਿਰ 'ਤੇ ਨਵਾਂ ਇਸ਼ਨਾਨਘਾਟ ਨਹੀਂ ਬਣਵਾ ਸਕਦਾ ਤਾਂ ਘੱਟੋ-ਘੱਟ ਪੁਰਾਣੇ ਇਸ਼ਨਾਨਘਾਟ ਦੀ ਰਿਪੇਅਰ ਤਾਂ ਕੀਤੀ ਜਾ ਸਕਦੀ ਹੈ। 
PunjabKesari
ਸਤਲੁਜ ਦਰਿਆ ਤੇ ਸਰਹਿੰਦ ਨਹਿਰ 'ਚ ਸੁੱਟੀ ਜਾ ਰਹੀ ਹੈ ਗੰਦਗੀ
ਸਤਲੁਜ ਦੇ ਪਵਿੱਤਰ ਜਲ ਵਿਚ ਕੁਝ ਫੈਕਟਰੀਆਂ ਵੱਲੋਂ ਲਗਾਤਾਰ ਗੰਦਗੀ ਸੁੱਟੇ ਜਾਣ ਕਾਰਨ ਵੀ ਜਿਥੇ ਇਸਦਾ ਖਮਿਆਜ਼ਾ ਲੋਕਾਂ ਅਤੇ ਪਾਣੀ ਵਿਚ ਰਹਿਣ ਵਾਲੇ ਜੀਵ-ਜੰਤੂਆਂ ਨੂੰ ਭੁਗਤਣਾ ਪੈ ਰਿਹਾ ਹੈ, ਉਥੇ ਪ੍ਰਸ਼ਾਸਨ ਦੀ ਅਣਦੇਖੀ ਵੀ ਚਿੰਤਾਜਨਕ ਹੈ। ਵਰਨਣਯੋਗ ਹੈ ਕਿ ਰੂਪਨਗਰ ਦੇ ਨਾਲ ਸਥਿਤ ਆਸਰੋਂ, ਰੈਲ ਮਾਜਰਾ ਤੇ ਟੋਸਾਂ ਦੀਆਂ ਕੁਝ ਫੈਕਟਰੀਆਂ ਦਾ ਗੰਦਾ ਪਾਣੀ ਵੀ ਸਤਲੁਜ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਸਰਹਿੰਦ ਨਹਿਰ ਵਿਚ ਸ਼ਹਿਰ ਦੇ ਅੰਦਰ ਹੀ ਕੁਝ ਥਾਵਾਂ ਤੋਂ ਗੰਦਾ ਪਾਣੀ ਅਤੇ ਗੰਦਗੀ ਸੁੱਟੇ ਜਾਣ ਦਾ ਸਿਲਸਿਲਾ ਜਾਰੀ ਹੈ ਪਰ ਇਸ ਪਾਸੇ ਵੀ ਪ੍ਰਸ਼ਾਸਨ ਦੀ ਅਣਦੇਖੀ ਬਣੀ ਹੋਈ ਹੈ।
 PunjabKesari
ਆਜ਼ਾਦੀ ਤੋਂ ਪਹਿਲਾਂ ਕਪੂਰ ਪਰਿਵਾਰ ਨੇ ਬਣਵਾਇਆ ਸੀ ਇਸ਼ਨਾਨਘਾਟ
ਜਾਣਕਾਰੀ ਮੁਤਾਬਿਕ ਸਤਲੁਜ ਦਰਿਆ ਦੇ ਪਾਣੀ ਨੂੰ ਚੈਨੇਲਾਈਜ਼ ਕਰ ਕੇ ਇਥੋਂ ਦੋ ਨਹਿਰਾਂ ਅੱਗੇ ਕੱਢੀਆਂ ਗਈਆਂ ਹਨ, ਜਿਸ ਵਿਚ ਇਕ ਨਹਿਰ ਬਿਸਤ ਦੁਆਬ ਤੇ ਦੂਜੀ ਸਰਹਿੰਦ ਨਹਿਰ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਤਿਹਾਸ ਮੁਤਾਬਿਕ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਜੇਲ ਵਿਚ ਬੰਦ ਕੈਦੀਆਂ ਵੱਲੋਂ ਸਰਹਿੰਦ ਨਹਿਰ ਦੀ ਖੁਦਾਈ ਕੀਤੀ ਗਈ ਸੀ ਅਤੇ ਇਹ ਸਰਹਿੰਦ ਨਹਿਰ ਰੂਪਨਗਰ ਤੋਂ ਸ਼ੁਰੂ ਹੋ ਕੇ ਰਾਜਸਥਾਨ ਤਕ ਪਹੁੰਚਦੀ ਹੈ। ਸ਼ਹਿਰ ਦੇ ਅੰਦਰ ਵੀ ਸਰਹਿੰਦ ਨਹਿਰ 'ਤੇ ਆਜ਼ਾਦੀ ਤੋਂ ਪਹਿਲਾਂ ਸਥਾਨਕ ਕਪੂਰ ਪਰਿਵਾਰ ਵੱਲੋਂ ਇਕ ਇਸ਼ਨਾਨਘਾਟ ਬਣਵਾਇਆ ਗਿਆ ਸੀ। ਸੂਤਰਾਂ ਅਨੁਸਾਰ ਜਦੋਂ ਕਪੂਰ ਪਰਿਵਾਰ ਦਾ ਇਕ ਨੌਜਵਾਨ ਸਰਹਿੰਦ ਨਹਿਰ ਵਿਚ ਨਹਾਉਂਦੇ ਸਮੇਂ ਡੁੱਬ ਗਿਆ ਸੀ ਤਾਂ ਉਸ ਤੋਂ ਬਾਅਦ ਹੀ ਉਕਤ ਇਸ਼ਨਾਨਘਾਟ ਦਾ ਨਿਰਮਾਣ ਹੋਇਆ ਸੀ, ਤਾਂ ਕਿ ਭਵਿੱਖ ਵਿਚ ਉਕਤ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ।


Related News