ਇੰਪਰੂਵਮੈਂਟ ਟਰੱਸਟ ਅਲਾਟੀਆਂ ਨੂੰ ਮੁੱਢਲੀਆਂ ਸਹੂਲਤਾਂ ਉਪਲੱਬਧ ਕਰਵਾਉਣ ’ਚ ਨਾਕਾਮ
Saturday, Jul 25, 2020 - 02:04 PM (IST)
ਜਲੰਧਰ (ਚੋਪੜਾ) – ਬਦਹਾਲੀ ਦੇ ਸ਼ਿਕਾਰ ਅਤੇ ਬੈਂਕ ਦੇ ਕਰੋੜਾਂ ਰੁਪਏ ਦੇ ਕਰਜ਼ਾਈ ਇੰਪਰੂਵਮੈਂਟ ਟਰੱਸਟ ਨੂੰ ਜਿੱਥੇ ਇਕ ਪਾਸੇ ਆਪਣੇ ਸਟਾਫ ਨੂੰ ਤਨਖਾਹ ਦੇਣ ਵਿਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਿਰਹਾ ਹੈ ਅਤੇ ਆਪਣੀਆਂ ਕਈ ਸਕੀਮਾਂ ਦੇ ਅਲਾਟੀਆਂ ਨੂੰ ਸੜਕਾਂ, ਸਟਰੀਟ ਲਾਈਟਾਂ ਅਤੇ ਸੀਵਰੇਜ ਵਰਗੀਆਂ ਮੁੱਢਲੀਆਂ ਸਹੂਲਤਾਂ ਉਪਲੱਬਧ ਕਰਵਾਉਣ ਵਿਚ ਨਾਕਾਮ ਸਾਬਿਤ ਹੋ ਰਿਹਾ ਹੈ, ਉੱਥੇ ਹੀ ਟਰੱਸਟ ਆਪਣੀਆਂ 3 ਸਕੀਮਾਂ ਵਿਚ ਜੰਗਲੀ ਬੂਟੀ ਸਾਫ ਕਰਵਾਉਣ ਲਈ ਲਗਭਗ 20 ਲੱਖ ਰੁਪਏ ਖਰਚਣ ਦੀ ਤਿਆਰੀ ਕਰੀ ਬੈਠਾ ਹੈ। ਇਨ੍ਹਾਂ ਸਕੀਮਾਂ ਵਿਚ 94.97 ਏਕੜ ਸੂਰਿਆ ਐਨਕਲੇਵ ਐਕਸਟੈਨਸ਼ਨ ਸਕੀਮ ਦਾ ਹਾਲ ਇੰਨਾ ਬੁਰਾ ਹੈ ਕਿ ਉੱਥੇ ਨਾ ਤਾਂ ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਮਿਲ ਸਕੇ ਹਨ ਅਤੇ ਨਾ ਹੀ ਉੱਥੇ ਸੜਕਾਂ, ਸਟਰੀਟ ਲਾਈਟਾਂ ਅਤੇ ਸੀਵਰੇਜ ਵਰਗੀਆਂ ਮੁੱਢਲੀਆਂ ਸਹੂਲਤਾਂ ਹੀ ਉਪਲੱਬਧ ਹਨ ਪਰ ਟਰੱਸਟ ਨੇ ਹਾਊਸ ਦੀ ਮੀਟਿੰਗ ਵਿਚ ਪ੍ਰਸਤਾਵ ਨੰਬਰ 443 ਤਹਿਤ ਉਕਤ ਸਕੀਮ ਵਿਚ ਜੰਗਲੀ ਬੂਟੀ ਸਾਫ ਕਰਨ ਅਤੇ ਬਰਮ ਠੀਕ ਕਰਨ ਦੇ ਕੰਮ ਲਈ 11.91 ਲੱਖ ਰੁਪਏ ਦਾ ਪ੍ਰਸਤਾਵ ਪਾਸ ਕਰ ਕੇ ਮਨਜ਼ੂਰੀ ਲਈ ਸਰਕਾਰ ਨੂੰ ਭੇਜਿਆ ਹੈ।
ਇਸ ਤੋਂ ਇਲਾਵਾ ਇਕ ਹੋਰ ਪ੍ਰਸਤਾਵ ਵਿਚ 170 ਏਕੜ ਸੂਰਿਆ ਐਨਕਲੇਵ ਅਤੇ 70.5 ਏਕੜ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵਿਚ ਜੰਗਲੀ ਬੂਟੀ ਸਾਫ ਕਰਨ ਲਈ 8.01 ਲੱਖ ਰੁਪਏ ਖਰਚ ਕਰਨ ਜਾ ਰਿਹਾ ਹੈ। ਚੇਅਰਮੈਨ ਅਾਹਲੂਵਾਲੀਆ ਦੀ ਅਗਵਾਈ ਵਿਚ 16 ਜੂਨ ਨੂੰ ਹੋਈ ਹਾਊਸ ਦੀ ਮੀਟਿੰਗ ਵਿਚ ਰੱਖੇ ਗਏ ਇਸ ਪ੍ਰਸਤਾਵ ਅਨੁਸਾਰ ਸਹਾਇਕ ਇੰਜੀਨੀਅਰ ਵਲੋਂ 8 ਜੂਨ ਨੂੰ ਦਿੱਤੀਆਂ ਰਿਪੋਰਟਾਂ ਦੇ ਆਧਾਰ ’ਤੇ ਟਰੱਸਟ ਨੂੰ ਇਨ੍ਹਾਂ ਤਿੰਨਾਂ ਵਿਕਾਸ ਸਕੀਮਾਂ ਵਿਚ ਇਨ੍ਹਾਂ ਕੰਮਾਂ ਲਈ ਲੇਬਰ ਅਤੇ ਜੇ. ਸੀ. ਬੀ. ਦੀ ਜ਼ਰੂਰਤ ਹੈ। ਸਰਕਾਰ ਨੂੰ ਹਾਊਸ ਮੀਟਿੰਗ ਦੀ ਭੇਜੀ ਗਈ ਪ੍ਰੋਸੀਡਿੰਗ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਟਰੱਸਟ ਕੋਲ ਸਾਲ 2020-21 ਦੇ ਬਜਟ ਵਿਚ ਉਕਤ ਕੰਮ ਲਈ ਲੋੜੀਂਦਾ ਫੰਡ ਮੌਜੂਦ ਹੈ, ਜਦਕਿ ਦੂਜੇ ਪਾਸੇ ਤਿੰਨਾਂ ਸਕੀਮਾਂ ਨਾਲ ਸਬੰਧਤ ਅਲਾਟੀਆਂ ਨੇ ਉਕਤ ਪ੍ਰਸਤਾਵਾਂ ’ਤੇ 20 ਲੱਖ ਰੁਪਏ ਦੇ ਕਰੀਬ ਖਰਚੀ ਜਾਣ ਵਾਲੀ ਰਕਮ ’ਤੇ ਉਂਗਲ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਕੰਮ ਦੀ ਆੜ ਵਿਚ ਟਰੱਸਟ ਅਧਿਕਾਰੀ ਲੱਖਾਂ ਰੁਪਏ ਦਾ ਹੇਰ-ਫੇਰ ਕਰਨ ਦੀ ਤਿਆਰੀ ਵਿਚ ਹਨ, ਜਦਕਿ ਪ੍ਰਸਤਾਵ ਵਿਚ ਸ਼ਾਮਲ ਕੀਤੇ ਗਏ ਕੰਮ ਜੇਕਰ ਸਹੀ ਮਾਇਨਿਆਂ ਵਿਚ ਈਮਾਨਦਾਰੀ ਨਾਲ ਕਰਵਾਏ ਜਾਣ ਤਾਂ ਲੱਖਾਂ ਰੁਪਏ ਬਚਾਏ ਜਾ ਸਕਦੇ ਹਨ।
ਚੇਅਰਮੈਨ ਠੇਕੇਦਾਰਾਂ ਨੂੰ ਖੁਸ਼ ਕਰਨ ਦੀ ਕਵਾਇਦ ’ਚ ਜੁਟੇ : ਵਿਵੇਕ ਖੰਨਾ
ਜ਼ਿਲਾ ਭਾਜਪਾ ਦੇ ਉਪ ਪ੍ਰਧਾਨ ਅਤੇ ਕੌਂਸਲਰ ਪਤੀ ਵਿਵੇਕ ਖੰਨਾ ਨੇ ਕਿਹਾ ਕਿ ਟਰੱਸਟ ਦੇ ਚੇਅਰਮੈਨ ਵਲੋਂ ਜੰਗਲੀ ਬੂਟੀ ਦੀ ਸਫਾਈ ਦੇ ਨਾਂ ’ਤੇ ਲੱਖਾਂ ਰੁਪਏ ਖਰਚ ਕਰਨਾ ਸਿਰਫ ਠੇਕੇਦਾਰਾਂ ਨੂੰ ਖੁਸ਼ ਕਰਨ ਦੀ ਕਵਾਇਦ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੀਆਂ ਸਕੀਮਾਂ ਵਿਚ ਸੜਕਾਂ ਦਾ ਬੁਰਾ ਹਾਲ ਹੈ, ਜਿਨ੍ਹਾਂ ਵਿਚ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਨ੍ਹਾਂ ਕਾਰਣ ਰੋਜ਼ਾਨਾ ਅਨੇਕ ਹਾਦਸੇ ਵਾਪਰਦੇ ਹਨ। ਵਧੇਰੇ ਬੂਟੀ ਨਾਨ-ਕੰਸਟਰੱਕਸ਼ਨ ਜ਼ੋਨ ਵਿਚ ਉੱਗੀ ਹੋਈ ਹੈ। ਇਕ ਪਾਸੇ ਟਰੱਸਟ ਫੰਡ ਨਾ ਹੋਣ ਦਾ ਰੋਣਾ ਰੋਂਦਿਆਂ ਵਿਕਾਸ ਕਾਰਜ ਨਹੀਂ ਕਰਵਾ ਰਿਹਾ ਅਤੇ ਦੂਜੇ ਪਾਸੇ ਚੇਅਰਮੈਨ ਸਿਰਫ ਜੰਗਲੀ ਬੂਟੀ ਸਾਫ ਕਰਵਾਉਣ ’ਤੇ ਲੱਖਾਂ ਰੁਪਏ ਬਰਬਾਦ ਕਰਨਾ ਚਾਹੁੰਦੇ ਹਨ, ਜਦਕਿ ਇਹ ਕੰਮ ਬਹੁਤ ਘੱਟ ਪੈਸੇ ਖਰਚ ਕੇ ਕਰਵਾਇਆ ਜਾ ਸਕਦਾ ਹੈ।
ਟਰੱਸਟ ਸਿਰਫ 25 ਫੀਸਦੀ ਫੰਡ ਦੇਵੇ, ਸਾਰਾ ਕੰਮ ਕਰਵਾ ਕੇ ਦਿਖਾ ਦੇਵਾਂਗੇ : ਰਾਜੀਵ ਧਮੀਜਾ
ਸੂਰਿਆ ਐਨਕਲੇਵ ਵੈੱਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਰਾਜੀਵ ਧਮੀਜਾ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਵਿਚ ਹੋ ਰਹੇ ਘਪਲਿਆਂ ਕਾਰਣ ਇਹ ਜਨਤਾ ਵਿਚ ਆਪਣਾ ਆਧਾਰ ਗੁਆ ਚੁੱਕਾ ਹੈ। ਟਰੱਸਟ ਵਲੋਂ ਜਿਨ੍ਹਾਂ 3 ਸਕੀਮਾਂ ਵਿਚ ਸਿਰਫ ਜੰਗਲੀ ਬੂਟੀ ਸਾਫ ਕਰਵਾਉਣ ਅਤੇ ਬਰਮ ਠੀਕ ਕਰਨ ’ਤੇ 20 ਲੱਖ ਰੁਪਏ ਖਰਚਣ ਦੀ ਯੋਜਨਾ ਬਣਾਈ ਗਈ ਹੈ। ਜੇਕਰ ਟਰੱਸਟ ਸਾਨੂੰ ਇਸ ਵਿਚੋਂ 25 ਫੀਸਦੀ ਰਕਮ ਵੀ ਦੇ ਦੇਵੇ ਤਾਂ ਅਸੀਂ ਤਿੰਨਾਂ ਸਕੀਮਾਂ ਵਿਚ ਜੰਗਲੀ ਬੂਟੀ ਦਾ ਪੂਰੀ ਤਰ੍ਹਾਂ ਸਫਾਇਆ ਕਰਵਾ ਦੇਵਾਂਗੇ। ਧਮੀਜਾ ਨੇ ਕਿਹਾ ਕਿ ਜਨਤਾ ਦੇ ਪੈਸਿਆਂ ਨਾਲ ਮਚਾਈ ਗਈ ਲੁੱਟ ਦਾ ਹੀ ਨਤੀਜਾ ਹੈ ਕਿ ਅੱਜ ਲੋਕ ਇੰਪਰੂਵਮੈਂਟ ਟਰੱਸਟ ਦੀਆਂ ਸਕੀਮਾਂ ਵਿਚ ਆਪਣਾ ਆਸ਼ਿਆਨਾ ਬਣਾਉਣ ਵਿਚ ਵੀ ਖੌਫ ਮਹਿਸੂਸ ਕਰਨ ਲੱਗੇ ਹਨ। ਚੇਅਰਮੈਨ ਅਤੇ ਅਧਿਕਾਰੀਆਂ ਨੂੰ ਅਜਿਹੇ ਪ੍ਰਸਤਾਵ ਬਣਾਉਣ ਤੋਂ ਪਹਿਲਾਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।