ਗ੍ਰਹਿ ਮੰਤਰੀ ਨਾਲ ਮੁਲਾਕਾਤ ਸਬੰਧੀ ਤੱਥਾਂ ’ਤੇ ਆਧਾਰਤ ਸੱਚ ਸੁਖਬੀਰ ਬਾਦਲ ਨੇ ਕੀਤਾ ਜਨਤਕ

08/15/2021 4:34:29 PM

ਜਲੰਧਰ/ਚੰਡੀਗੜ੍ਹ  (ਲਾਭ ਸਿੰਘ ਸਿੱਧੂ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਸਬੰਧੀ ਤੱਥਾਂ ’ਤੇ ਆਧਾਰਤ ਸੱਚ ਲੋਕਾਂ ਸਾਹਮਣੇ ਰੱਖਿਆ ਅਤੇ ਦੱਸਿਆ ਕਿ ਉਹ 11 ਅਗਸਤ ਨੂੰ ਸਵੇਰੇ 11.30 ਵਜੇ ਲੋਕ ਸਭਾ ਸਪੀਕਰ ਦੇ ਚੈਂਬਰ ਵਿਚ ਅਮਿਤ ਸ਼ਾਹ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਪੰਜਾਬ ਦੇ ਰਾਜਪਾਲ ਤੋਂ ਚਾਰਜ ਖੋਹ ਕੇ ਚੰਡੀਗੜ੍ਹ ਲਈ ਵੱਖਰਾ ਪ੍ਰਸ਼ਾਸਕ ਲਾਏ ਜਾਣ ਸਬੰਧੀ ਪੰਜਾਬੀਆਂ ਦੇ ਮਨਾਂ ਵਿਚ ਖਦਸ਼ਾ ਹੈ। ਇੱਥੇ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਕੋਲ 11 ਅਗਸਤ ਨੂੰ ਸਵੇਰੇ 11.30 ਵਜੇ ਪਹੁੰਚ ਕੀਤੀ ਸੀ ਅਤੇ ਦੱਸਿਆ ਸੀ ਕਿ ਪੰਜਾਬੀ ਮਹਿਸੂਸ ਕਰਦੇ ਹਨ ਕਿ ਇਸ ਨਾਲ ਰਾਜਧਾਨੀ ਸ਼ਹਿਰ ’ਤੇ ਉਨ੍ਹਾਂ ਦਾ ਦਾਅਵਾ ਕਮਜ਼ੋਰ ਪੈ ਜਾਵੇਗਾ। ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਇਹ ਵੀ ਕਿਹਾ ਸੀ ਕਿ ਉਹ ਇਸ ਸਾਰੇ ਮਾਮਲੇ ਸਬੰਧੀ ਵਿਸਥਾਰ ਵਿਚ ਜਾਣਕਾਰੀ ਦੇਣ ਲਈ ਉਨ੍ਹਾਂ ਨੂੰ ਅਕਾਲੀ ਦਲ ਦੇ ਸੰਸਦ ਮੈਂਬਰਾਂ ਦਾ ਵਫਦ ਲੈ ਕੇ ਵੀ ਮਿਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਸਾਰੇ ਮਾਮਲੇ ਵਿਚ ਸਹੀ ਹੁੰਗਾਰਾ ਭਰਿਆ ਸੀ ਅਤੇ ਉਨ੍ਹਾਂ ਨੂੰ ਆਪਣਾ ਕੇਸ ਰੱਖਣ ਲਈ ਮਿਲਣ ਦਾ ਸਮਾਂ ਦੇਣ ਦਾ ਵਾਅਦਾ ਵੀ ਕੀਤਾ ਸੀ।

ਇਹ ਵੀ ਪੜ੍ਹੋ : ‘ਆਫ਼ਤ ਦੀ ਇਸ ਘੜੀ ’ਚੋਂ ਅਸੀਂ ਜੇਤੂ ਹੋ ਕੇ ਨਿਕਲਾਂਗੇ’: ਕੈਪਟਨ ਅਮਰਿੰਦਰ ਸਿੰਘ 

ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿਚ ਕੱਲ੍ਹ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਉਨ੍ਹਾਂ ਅਤੇ ਗ੍ਰਹਿ ਮੰਤਰੀ ਦਰਮਿਆਨ 11 ਅਗਸਤ ਨੂੰ ਹੋਈ ਮੀਟਿੰਗ ਦਾ ਖੰਡਨ ਕਰਨਾ ਹੈਰਾਨੀਜਨਕ ਹੈ। ਗ੍ਰਹਿ ਮੰਤਰਾਲੇ ਨੇ ਨਾ ਸਿਰਫ ਗਲਤ ਬਿਆਨਬਾਜ਼ੀ ਕੀਤੀ ਹੈ ਸਗੋਂ ਜਿਸ ਤਰੀਕੇ ਉਹ ਮੀਟਿੰਗ ਦਾ ਖੰਡਨ ਕਰਨ ਦਾ ਯਤਨ ਕਰ ਰਹੇ ਹਨ, ਉਹ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਗ੍ਰਹਿ ਮੰਤਰਾਲੇ ਵੱਲੋਂ ਚੰਡੀਗੜ੍ਹ ਲਈ ਵੱਖਰਾ ਪ੍ਰਸ਼ਾਸਕ ਲਾਏ ਜਾਣ ’ਤੇ ਕੇਂਦਰ ਵੱਲੋਂ ਵਿਚਾਰ ਨਾ ਕਰਨ ਦੇ ਬਿਆਨ ਦਾ ਸਵਾਗਤ ਕਰਦਾ ਹੈ। ਇਸ ਨਾਲ ਦੋਵਾਂ ਆਗੂਆਂ ਦਰਮਿਆਨ ਹੋਈ ਮੀਟਿੰਗ ਦਾ ਉਦੇਸ਼ ਜ਼ਰੂਰ ਪੂਰਾ ਹੋ ਗਿਆ ਹੈ।

ਇਹ ਵੀ ਪੜ੍ਹੋ : ਜ਼ਿਲ੍ਹਾ ਗੁਰਦਾਸਪੁਰ ’ਚ ਪੂਰੇ ਉਤਸ਼ਾਹ ਤੇ ਜਾਹੋ ਜਲਾਲ ਨਾਲ ਮਨਾਇਆ ਗਿਆ 75ਵਾਂ ਆਜ਼ਾਦੀ ਦਿਹਾੜਾ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News