ਫੈਕਟਰੀ ’ਚ ਡਿੱਗ ਕੇ ਹੋਈ ਮਜ਼ੂਦਰ ਦੀ ਮੌਤ ਨੂੰ ਲੈ ਕੇ ਮਾਹੌਲ ਹੋਇਆ ਤਣਾਅਪੂਰਨ
Thursday, Aug 02, 2018 - 01:22 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਬੀਤੇ ਦਿਨੀਂ ਹੰਡਿਆਇਅਾ ਵਿਖੇ ਇਕ ਕੰਬਾਇਨ ਕੰਪਨੀ ’ਚ ਸ਼ੈਡ ਪਾਉਂਦਿਆਂ ਡਿੱਗ ਕੇ ਹੋਈ ਮਜ਼ਦੂਰ ਦੀ ਮੌਤ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ। ਅੱਜ ਹੰਡਿਆਇਆ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਅਤੇ ਟਕਰਾਅ ਵਾਲਾ ਹੋ ਗਿਆ। ਜਦੋਂ ਜ਼ਿਲੇ ਦੇ ਸਮੂਹ ਕੰਬਾਇਨ ਕੰਪਨੀਆਂ ਦੇ ਮਾਲਕਾਂ ਨੇ ਫੈਕਟਰੀਆਂ ਨੂੰ ਜਿੰਦਰੇ ਲਗਾ ਦਿੱਤੇ।
ਫੈਕਟਰੀਆਂ ’ਚ ਕੰਮ ਕਰਦੇ ਮਜ਼ਦੂਰਾਂ ਨੇ ਕਿਸਾਨ ਜਥੇਬੰਦੀਆਂ ਦੇ ਵਿਰੋਧ ’ਚ ਬਰਾਬਰ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ। ਮਾਹੌਲ ਨੂੰ ਤਣਾਅਪੂਰਨ ਦੇਖਦਿਆਂ ਐੱਸ.ਡੀ.ਐੱਮ. ਸੰਦੀਪ ਕੁਮਾਰ, ਡੀ.ਐੱਸ.ਪੀ. ਰਾਜੇਸ਼ ਕੁਮਾਰ ਛਿੱਬਰ ਭਾਰੀ ਪੁਲਸ ਫੋਰਸ ਲੈ ਕੇ ਮੌਕੇ ’ਤੇ ਪਹੁੰਚ ਗਏ। ਪ੍ਰਸ਼ਾਸਨ ਨੇ ਦੋਵੇਂ ਧਿਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਕੋਸ਼ਿਸ਼ ’ਚ ਕਾਮਯਾਬ ਨਹੀਂ ਹੋ ਸਕਿਆ।
ਸਾਡੇ ਪੁਲਸ ਨੇ ਧੱਕੇ ਨਾਲ ਪੁੱਟੇ ਟੈਂਟ, ਜਦੋਂਕਿ ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਦਿੱਤਾ ਹੁੰਗਾਰਾ
ਗੱਲਬਾਤ ਕਰਦਿਆਂ ਫੈਕਟਰੀ ਮਜ਼ਦੂਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ 27 ਜੁਲਾਈ ਨੂੰ ਠੇਕੇਦਾਰ ਦੇ ਇਕ ਲੇਬਰ ਦੇ ਮਜ਼ਦੂਰ ਗੁਰਬੰਤ ਸਿੰਘ ਦੀ ਸ਼ੈੱਡ ਤੋਂ ਡਿੱਗ ਕੇ ਮੌਤ ਹੋ ਗਈ ਸੀ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਫੈਕਟਰੀ ਅੱਗੇ ਧਰਨਾ ਲਗਾ ਦਿੱਤਾ। ਸਮੂਹ ਕੰਬਾਈਨ ਮਾਲਕਾਂ ਨੇ ਇਸ ਘਟਨਾ ਦੇ ਰੋਸ ਵਜੋਂ ਪੂਰੇ ਜ਼ਿਲੇ ਕੰਬਾਇਨ ਦੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ ਹਨ ਜਿਸ ਕਾਰਨ ਹਜ਼ਾਰਾਂ ਹੀ ਮਜ਼ਦੂਰ ਬੇਰੋਜ਼ਗਾਰ ਹੋ ਗਏ ਹਨ। ਅਸੀਂ ਰੋਜ਼ ਕਮਾ ਕੇ ਰੋਟੀ ਖਾਣ ਵਾਲੇ ਹਾਂ। ਪਿਛਲੇ ਤਿੰਨ ਦਿਨਾਂ ਤੋਂ ਸਾਨੂੰ ਕੋਈ ਕੰਮ ਨਹੀਂ ਮਿਲਿਆ। ਜਿਸ ਕਰਕੇ ਸਾਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਮਜ਼ਬੂਰੀਵੱਸ ਅੱਜ ਸਾਨੂੰ ਧਰਨਾ ਲਗਾਉਣਾ ਪਿਆ ਪਰ ਪੁਲਸ ਨੇ ਸਾਡੇ ਧੱਕੇ ਨਾਲ ਟੈਂਟ ਪੁੱਟ ਦਿੱਤੇ। ਸਾਡੇ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ। ਜਦੋਂਕਿ ਕਿਸਾਨ ਜਥੇਬੰਦੀਆਂ ਨੂੰ ਪੁਲਸ ਵਲੋਂ ਕੁਝ ਵੀ ਨਹੀਂ ਕਿਹਾ ਗਿਆ। ਲਗਦਾ ਹੈ ਕਿ ਪੁਲਸ ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਹੁੰਗਾਰਾ ਦੇ ਰਹੀ ਹੈ। ਇਸ ਮੌਕੇ ਭੋਲਾ ਸਿੰਘ, ਗੁਰਪ੍ਰੀਤ ਸਿੰਘ, ਦਿਲਬਖਸ਼ ਖਾਂ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਫੈਕਟਰੀ ਮਜ਼ਦੂਰ ਹਾਜ਼ਰ ਸਨ।
ਫੈਕਟਰੀ ਮਾਲਕ ਪੀਡ਼ਤ ਪਰਿਵਾਰ ਨੂੰ ਦੇਣ ਮੁਆਵਜ਼ਾ ਜਾਂ ਪੁਲਸ ਕਰੇ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ
ਦੂਜੇ ਪਾਸੇ ਕਿਸਾਨ ਯੂਨੀਅਨ ਦੇ ਆਗੂ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਜਾਂ ਤਾਂ ਫੈਕਟਰੀ ਮਾਲਕ ਪੀਡ਼ਤ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ ਦੇਵੇ ਕਿਉਂਕਿ ਮ੍ਰਿਤਕ ਮਜ਼ਦੂਰ ਗੁਰਬੰਤ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਹੁਣ ਪਰਿਵਾਰ ’ਚ ਕਮਾਉਣ ਵਾਲਾ ਕੋਈ ਵੀ ਵਿਅਕਤੀ ਨਹੀਂ ਰਿਹਾ। ਇਸ ਲਈ ਪੀਡ਼ਤ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਜੇਕਰ ਫੈਕਟਰੀ ਮਾਲਕ ਪੀਡ਼ਤ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੰਦੇ ਤਾਂ ਪੁਲਸ ਨੂੰ ਸਖ਼ਤ ਧਾਰਾਵਾਂ ਤਹਿਤ ਫੈਕਟਰੀ ਮਾਲਕ ’ਤੇ ਕੇਸ ਦਰਜ ਕਰਨਾ ਚਾਹੀਦਾ ਹੈ। ਪੁਲਸ ਨੇ ਢਿੱਲੀਆਂ ਧਾਰਾਵਾਂ ਲਗਾ ਕੇ ਫੈਕਟਰੀ ਮਾਲਕ ਵਿਰੁੱਧ ਕੇਸ ਦਰਜ ਕੀਤਾ ਹੈ। ਜੋ ਸਾਨੂੰ ਮਨਜੂਰ ਨਹੀਂ। ਅੱਜ ਜੱਥੇਬੰਦੀਅਾਂ ਵਲੋਂ ਲਾਸ਼ ਨੂੰ ਫੈਕਟਰੀ ਅੱਗੇ ਰੱਖ ਕੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਧਰਨੇ ਦਾ ਵੀ ਸਾਡਾ ਚੌਥਾ ਦਿਨ ਹੋ ਗਿਆ ਹੈ। ਜਦੋਂ ਤਕ ਇਨਸਾਫ ਨਹੀਂ ਮਿਲਦਾ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਸਮੇਂ ਮਜ਼ਦੂਰ ਆਗੂ ਭੋਲਾ ਸਿੰਘ ਤੋਂ ਇਲਾਵਾ ਕਿਸਾਨ ਅਤੇ ਮਜ਼ੂਦਰ ਜਥੇਬੰਦੀਆਂ ਵੀ ਹਾਜ਼ਰ ਸਨ।
ਠੇਕੇਦਾਰ ਦੀ ਲੇਬਰ ਸੀ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਸਾਡੇ ਨਾਲ ਨਾਜਾਇਜ਼ ਧੱਕਾ
ਸਟੈਂਡਰਡ ਕੰਬਾਇਨ ਫੈਕਟਰੀ ਮਾਲਕ ਹਰਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਠੇਕੇਦਾਰ ਨੂੰ ਸ਼ੈੱਡ ਬਣਾਉਣ ਲਈ ਠੇਕਾ ਦਿੱਤਾ ਸੀ। ਉਕਤ ਮਜ਼ਦੂਰ ਠੇਕੇਦਾਰ ਹੀ ਲੈ ਕੇ ਆਇਆ ਸੀ। ਘਟਨਾ ਵਾਲੇ ਦਿਨ ਇਕ ਘੰਟਾ ਪਹਿਲਾਂ ਉਹ ਫੈਕਟਰੀ ’ਚ ਆਇਆ ਸੀ ਅਤੇ 10 ਵਜੇ ਦੇ ਕਰੀਬ ਉਹ ਸ਼ੈੱਡ ਉਪਰੋਂ ਡਿੱਗ ਗਿਆ। ਅਸੀਂ ਆਪਣੀ ਗੱਡੀ ’ਚ ਉਸ ਨੂੰ ਹਸਪਤਾਲ ਲੈ ਕੇ ਗਏ। ਸਾਡੇ ਉਪਰ ਪੁਲਸ ਨੇ ਕੇਸ ਵੀ ਦਰਜ ਕਰ ਦਿੱਤਾ। ਪਰ ਹੁਣ ਕਿਸਾਨ ਜਥੇਬੰਦੀਆਂ ਵਲੋਂ ਨਾਜਾਇਜ਼ ਤੌਰ ’ਤੇ ਧਰਨਾ ਲਗਾਇਆ ਜਾ ਰਿਹਾ ਹੈ। ਜਦੋਂਕਿ ਸਾਡਾ ਕੋਈ ਕਸੂਰ ਨਹੀਂ। ਹੁਣ ਮਾਮਲਾ ਅਦਾਲਤ ’ਚ ਚੱਲੇਗਾ ਜੋ ਅਦਾਲਤ ਦਾ ਫੈਸਲਾ ਆਵੇਗਾ ਸਾਨੂੰ ਮਨਜ਼ੂਰ ਹੋਵੇਗਾ। ਕਿਸਾਨ ਜਥੇਬੰਦੀਆਂ ਦੇ ਲਗਾਏ ਜਾ ਰਹੇ ਧਰਨੇ ਦੇ ਰੋਸ ਵਜੋਂ ਸਮੂਹ ਫੈਕਟਰੀ ਮਾਲਕ ਹਡ਼ਤਾਲ ’ਤੇ ਚਲੇ ਗਏ ਹਨ। ਅਸੀਂ ਇਹ ਨਾਜਾਇਜ਼ ਧੱਕੇਸ਼ਾਹੀ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਸਾਨੂੰ ਪੀਡ਼ਤ ਪਰਿਵਾਰ ਨਾਲ ਹਮਦਰਦੀ ਹੈ। ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਪਰ ਅਸੀਂ ਜਥੇਬੰਦੀਆਂ ਰਾਹੀਂ ਕੋਈ ਗੱਲਬਾਤ ਨਹੀਂ ਕਰਨੀ। ਖ਼ਬਰ ਲਿਖੇ ਜਾਣ ਤੱਕ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ।