ਖੌਫਜ਼ਦਾ ਲੋਕਾਂ ਨੇ ਕੜਾਕੇ ਦੀ ਠੰਡ ''ਚ ਖੁੱਲ੍ਹੇ ਆਸਮਾਨ ਹੇਠਾਂ ਸੜਕ ''ਤੇ ਗੁਜ਼ਾਰੀ ਰਾਤ

11/22/2017 4:20:16 AM

ਲੁਧਿਆਣਾ(ਖੁਰਾਣਾ)–ਸੋਮਵਾਰ ਦੀ ਸਵੇਰ ਸੂਫੀਆ ਚੌਕ ਦੇ ਨੇੜੇ ਢਹਿ-ਢੇਰੀ ਹੋਈ 6 ਮੰਜ਼ਿਲਾ ਫੈਕਟਰੀ ਦੇ ਖੌਫਨਾਕ ਹਾਦਸੇ ਦੇ ਮੰਜ਼ਰ ਨੇ ਲੋਕਾਂ ਦਾ ਮਾਨਸਿਕ ਸੰਤੁਲਨ ਜਿਵੇਂ ਵਿਗਾੜ ਕੇ ਰੱਖ ਦਿੱਤਾ ਕਿਉਂਕਿ ਲੋਕਾਂ ਨੇ ਖੌਫ ਦੇ ਸਾਏ 'ਚ ਬਾਹਰ ਸੜਕ 'ਤੇ ਰਾਤ ਗੁਜ਼ਾਰੀ, ਹਾਦਸਾ ਦੇਖਣ ਵਾਲਿਆਂ ਮੁਤਾਬਕ ਅੱਗ ਲੱਗਣ ਤੋਂ ਬਾਅਦ ਡਿੱਗੀ ਬਿਲਡਿੰਗ ਦੇ ਮਲਬੇ 'ਚ ਦੱਬੇ ਲੋਕਾਂ ਦੀਆਂ ਚੀਕਾਂ ਹੁਣ ਵੀ ਉਨ੍ਹਾਂ ਦੇ ਕੰਨਾਂ ਨੂੰ ਚੀਰ ਰਹੀਆਂ ਹਨ। ਇਸੇ ਡਰ ਕਾਰਨ ਉਹ ਆਪਣੇ ਘਰਾਂ ਨੂੰ ਛੱਡ ਕੇ ਕੜਾਕੇ ਦੀ ਠੰਡ 'ਚ ਰਾਤ ਸੜਕ 'ਤੇ ਗੁਜ਼ਾਰਨ ਨੂੰ ਮਜਬੂਰ ਹਨ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਹਾਦਸੇ ਦੀਆਂ ਤਸਵੀਰਾਂ ਉਨ੍ਹਾਂ ਦੇ ਜ਼ਹਿਨ 'ਚ ਦੌੜ ਰਹੀਆਂ ਹਨ, ਜਿਸ ਕਾਰਨ ਉਹ ਆਪਣੇ ਘਰਾਂ ਦੇ ਬਾਹਰ ਗਲੀ-ਮੁਹੱਲਿਆਂ 'ਚ ਰਹਿ ਰਹੇ ਹਨ। ਮੌਕੇ 'ਤੇ ਮੌਜੂਦ ਔਰਤਾਂ ਪਰਮਜੀਤ ਕੌਰ, ਮਨਦੀਪ ਕੌਰ, ਸਰਬਜੋਤ ਆਦਿ ਨੇ ਦੱਸਿਆ ਕਿ ਜਦ ਇਕ ਜ਼ਬਰਦਸਤ ਧਮਾਕੇ ਨਾਲ ਬਿਲਡਿੰਗ ਡਿੱਗੀ ਤਾਂ ਚਾਰੇ ਪਾਸੇ ਫੈਲੇ ਧੂੰਏਂ ਕਾਰਨ ਹਨੇਰਾ ਛਾ ਗਿਆ। ਬੱਚੇ, ਬਜ਼ੁਰਗ ਅਤੇ ਔਰਤਾਂ ਸਾਰੇ ਘਰਾਂ ਤੋਂ ਨਿਕਲ ਕੇ ਸੁਰੱਖਿਅਤ ਸਥਾਨ ਵੱਲ ਭੱਜੇ । ਉਕਤ ਔਰਤਾਂ ਦਾ ਕਹਿਣਾ ਹੈ ਕਿ ਉਹ ਇੰਨੀਆਂ ਸਹਿਮ ਗਈਆਂ ਕਿ ਜ਼ਰੂਰੀ ਸਾਮਾਨ ਕੱਢਣ ਤੱਕ ਲਈ ਘਰਾਂ 'ਚ ਨਹੀਂ ਜਾ ਰਹੀਆਂ ਸਨ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਮਕਾਨ ਨਾ ਡਿੱਗ ਪਵੇ, ਜਿਸ ਵਜ੍ਹਾ ਨਾਲ ਉਨ੍ਹਾਂ ਨੇ ਘਰਾਂ ਨੂੰ ਤਾਲੇ ਲਗਾ ਦਿੱਤੇ ।
ਭੁੱਖੇ-ਪਿਆਸੇ ਵਿਲਕਦੇ ਰਹੇ ਬੱਚੇ
ਇਲਾਕੇ 'ਚ ਕਿਰਾਏ ਦੇ ਮਕਾਨਾਂ 'ਚ ਰਹਿਣ ਵਾਲੇ ਜ਼ਿਆਦਾਤਰ ਪਰਿਵਾਰ ਜਿਥੇ ਰਾਤ ਨੂੰ ਬੱਚਿਆਂ ਨੂੰ ਸੁਲਾਉਣ ਤੇ ਉਨ੍ਹਾਂ ਦੇ ਉੱਤੇ ਲੈਣ ਲਈ ਰਜਾਈਆਂ, ਕੰਬਲ ਦਾ ਇੰਤਜ਼ਾਮ ਕਰਦੇ ਦਿਖਾਈ ਦਿੱਤੇ, ਉਥੇ ਬੱਚਿਆਂ ਤੇ ਬਜ਼ੁਰਗਾਂ ਲਈ ਖਾਣ-ਪੀਣ ਦਾ ਪ੍ਰਬੰਧ ਕਰਦੇ ਰਹੇ। ਇਸ ਸਬੰਧ ਵਿਚ ਮੀਖਾ ਸਿੰਘ ਅਤੇ ਉਸ ਦੀ ਪਤਨੀ ਰੋਜ਼ੀ ਨੇ ਦੱਸਿਆ ਕਿ ਹਾਦਸੇ ਵਾਲੀ ਰਾਤ ਨੂੰ ਖਾਣ-ਪੀਣ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਦੇ ਬੱਚੇ ਸਾਰੀ ਰਾਤ ਭੁੱਖ ਨਾਲ ਵਿਲਕਦੇ ਰਹੇ। 
ਬਿਜਲੀ ਰਹੀ ਬੰਦ, ਪਾਣੀ ਦੀ ਕਿੱਲਤ 
ਵੱਡੇ ਪੈਮਾਨੇ 'ਤੇ ਇਲਾਕੇ 'ਚ ਬੰਦ ਪਈ ਬਿਜਲੀ ਸਪਲਾਈ ਕਾਰਨ ਜ਼ਿਆਦਾਤਰ ਘਰਾਂ 'ਚ ਪਾਣੀ ਦੀ ਕਿੱਲਤ ਆਉਣ ਲੱਗੀ ਹੈ। ਲੋਕ ਪੀਣ ਵਾਲੇ ਪਾਣੀ ਦੀ ਇਕ-ਇਕ ਬੂੰਦ ਲਈ ਇਧਰ-ਓਧਰ ਭਟਕ ਰਹੇ ਹਨ। ਇਸ ਦੌਰਾਨ ਨਗਰ ਨਿਗਮ ਵੱਲੋਂ ਇਲਾਕੇ 'ਚ ਭੇਜੇ ਗਏ ਪਾਣੀ ਦੇ ਟੈਂਕਰਾਂ ਤੋਂ ਪਾਣੀ ਭਰਨ ਲਈ ਲੋਕਾਂ ਦੀ ਭੀੜ ਲੱਗੀ ਰਹੀ ਕਿਉਂਕਿ ਸੰਘਣੀ ਆਬਾਦੀ ਹੋਣ ਦੌਰਾਨ ਪਾਣੀ ਪੂਰਾ ਨਹੀਂ ਹੋ ਰਿਹਾ।
ਘਰ 'ਚ 15 ਮੈਂਬਰ ਪਰ ਕੋਈ ਅੰਦਰ ਜਾਣ ਨੂੰ ਤਿਆਰ ਨਹੀਂ
ਮੌਕੇ 'ਤੇ ਬਜ਼ੁਰਗ ਜਥੇ. ਨਛੱਤਰ ਸਿੰਘ ਨੇ ਦੱਸਿਆ ਕਿ ਘਰ ਦੇ 15 ਮੈਂਬਰ ਹਾਦਸੇ ਤੋਂ ਬਾਅਦ ਬਾਹਰ ਗਲੀ 'ਚ ਬੈਠੇ ਹੋਏ ਹਨ ਪਰ ਅੰਦਰ ਜਾਣ ਨੂੰ ਤਿਆਰ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਘਰ ਹਾਦਸਾਗ੍ਰਸਤ ਹੋਈ ਬਿਲਡਿੰਗ ਦੇ ਨਾਲ ਹੈ, ਇਸੇ ਕਾਰਨ ਉਹ ਡਰੇ ਹੋਏ ਹਨ। ਉਥੇ ਫੈਕਟਰੀ 'ਚ ਜ਼ੋਰਦਾਰ ਧਮਾਕੇ ਨਾਲ ਉਨ੍ਹਾਂ ਦੇ ਘਰ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਖਾਣ-ਪੀਣ ਆਦਿ ਨੂੰ ਤਾਂ ਜਿਵੇਂ-ਜਿਵੇਂ ਗੁਜ਼ਾਰਾ ਕਰ ਰਹੇ ਹਨ ਪਰ ਔਰਤਾਂ ਨੂੰ ਬਾਥਰੂਮ ਜਾਣ ਆਦਿ ਦੀ ਸਮੱਸਿਆ ਪੇਸ਼ ਆ ਰਹੀ ਹੈ।


Related News