ਅੱਜ ਤੋਂ ਹੋਰ ਮਹਿੰਗਾ ਹੋਵੇਗਾ ਸ਼ਹਿਰ
Sunday, Apr 01, 2018 - 08:15 AM (IST)

ਚੰਡੀਗੜ੍ਹ (ਰਾਜਿੰਦਰ) - ਚੰਡੀਗੜ੍ਹ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਲੋਂ ਜਾਰੀ ਕੀਤੀ ਗਈ ਐਕਸਾਈਜ਼ ਪਾਲਿਸੀ 2018-19 ਐਤਵਾਰ (1 ਅਪ੍ਰੈਲ) ਨੂੰ ਲਾਗੂ ਹੋ ਜਾਵੇਗੀ। ਇਸ ਦੇ ਲਾਗੂ ਹੋਣ ਨਾਲ ਹੀ ਇੰਡੀਅਨ ਮੇਡ ਫਾਰੇਨ ਲਿਕਰ ਤੇ ਕੰਟਰੀ ਮੇਡ ਲਿਕਰ ਦੇ ਰੇਟ ਵਿਚ 15 ਫੀਸਦੀ ਵਾਧਾ ਹੋ ਜਾਵੇਗਾ, ਜਦਕਿ ਬੀਅਰ ਤੇ ਵਾਈਨ ਦੇ ਰੇਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਲਿਕਰ ਰੇਟ ਵਿਚ ਵਾਧਾ ਕਰਨ ਦੇ ਬਾਵਜੂਦ ਇਥੇ ਅਜੇ ਵੀ ਰੇਟ ਪੰਜਾਬ ਤੇ ਹਰਿਆਣਾ ਤੋਂ ਘੱਟ ਹੀ ਹੋਣਗੇ। ਪਾਲਿਸੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਵਾਰ ਲੋਅ ਅਲਕੋਹਲਿਕ ਡ੍ਰਿੰਕਸ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਵਾਰ ਲਿਕਰ ਕੋਟਾ ਵੀ ਵਧਾਇਆ ਗਿਆ ਹੈ। ਇੰਡੀਅਨ ਮੇਡ ਫਾਰੇਨ ਲਿਕਰ ਦੇ ਕੋਟੇ ਨੂੰ 74 ਲੱਖ ਪਰੂਫ ਲੀਟਰ ਤੋਂ ਵਧਾ ਕੇ 90 ਲੱਖ ਕੀਤਾ ਗਿਆ ਹੈ, ਉਥੇ ਹੀ ਕੰਟਰੀ ਮੇਡ ਲਿਕਰ ਦੇ ਕੋਟੇ ਨੂੰ 8 ਲੱਖ ਤੋਂ 10 ਲੱਖ ਕੀਤਾ ਗਿਆ ਹੈ।
ਕਮਰਸ਼ੀਅਲ ਪ੍ਰਾਪਰਟੀ ਟੈਕਸ 'ਚ 10 ਫੀਸਦੀ ਵਾਧਾ
ਨਗਰ ਨਿਗਮ ਨੇ 1 ਅਪ੍ਰੈਲ ਤੋਂ ਕਮਰਸ਼ੀਅਲ ਪ੍ਰਾਪਰਟੀ ਟੈਕਸ ਦੇ ਰੇਟ ਵਿਚ ਵੀ 10 ਫੀਸਦੀ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਨਿਗਮ ਨੇ ਪਿਛਲੇ ਸਾਲ ਅਗਸਤ ਵਿਚ ਹਾਊਸ ਮੀਟਿੰਗ ਵਿਚ ਕਮਰਸ਼ੀਅਲ ਪ੍ਰਾਪਰਟੀ ਟੈਕਸ ਵਿਚ ਵਾਧਾ ਕਰਨ ਦੇ ਮਤੇ ਨੂੰ ਅਪਰੂਵਲ ਦੇ ਦਿੱਤੀ ਸੀ। ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਸਾਲ ਲਈ ਲੋਕਾਂ ਨੂੰ ਵਧਿਆ ਹੋਇਆ ਕਮਰਸ਼ੀਅਲ ਪ੍ਰਾਪਰਟੀ ਟੈਕਸ ਹੀ ਅਦਾ ਕਰਨਾ ਹੋਵੇਗਾ। ਇਸ ਤੋਂ ਪਹਿਲਾ 2004 ਵਿਚ ਪ੍ਰਾਪਰਟੀ ਟੈਕਸ ਲਾਇਆ ਗਿਆ ਸੀ। ਇਸ ਤੋਂ ਬਾਅਦ ਹਰ ਸਾਲ ਰੇਟ ਰਿਵਾਈਜ਼ਡ ਕਰਨ ਦਾ ਫੈਸਲਾ ਲਿਆ ਗਿਆ ਸੀ, ਜਦਕਿ ਪਿਛਲੇ 10 ਸਾਲਾਂ ਤੋਂ ਰੇਟ ਰੀਵਾਈਜ਼ਡ ਨਹੀਂ ਕੀਤੇ ਗਏ ਹਨ। ਨਿਗਮ ਏਰੀਆ ਦੇ ਅੰਡਰ 23 ਹਜ਼ਾਰ ਕਮਰਸ਼ੀਅਲ ਯੂਨਿਟ ਹਨ।