ਪੰਜਾਬ ''ਚ ਵੀ ਮਿਲੇ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ

03/26/2018 12:17:08 AM

ਬੰਗਾ, (ਚਮਨ ਲਾਲ/ਰਾਕੇਸ਼)- ਭਾਰਤ ਦੇ ਕੁਝ ਸੂਬਿਆਂ ਵਾਂਗ ਪੰਜਾਬ 'ਚ ਵੀ ਛੋਟੀਆਂ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲਿਆਂ ਨੂੰ ਸਿਰਫ ਤੇ ਸਿਰਫ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਾਉਣ ਦੀ ਲੋੜ ਹੈ, ਤਾਂ ਜੋ ਨੰਨ੍ਹੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲਿਆਂ 'ਚ ਮੌਤ ਦੇ ਡਰ ਦੇ ਨਾਲ-ਨਾਲ ਕਾਨੂੰਨ ਦਾ ਖੌਫ਼ ਹੋਵੇ। ਬੰਗਾ ਤੇ ਇਸਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੇ ਇਸ ਸਬੰਧੀ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਇਕ ਇਸ ਤਰ੍ਹਾਂ ਦਾ ਅਦਾਰਾ ਹੈ, ਜਿਸਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਮੇਸ਼ਾ ਸਰਕਾਰਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਗਰੀਬਾਂ ਤੇ ਦੇਸ਼ 'ਤੇ ਆਈਆਂ ਆਫ਼ਤਾਂ 'ਚ ਹਮੇਸ਼ਾ ਦੇਸ਼ ਵਾਸੀਆਂ ਦੀ ਮਦਦ ਕੀਤੀ ਹੈ।
ਜਬਰ-ਜ਼ਨਾਹ ਕਰਨ ਵਾਲਾ ਵਿਅਕਤੀ ਸਮਾਜ ਤੇ ਦੇਸ਼ ਲਈ ਕਲੰਕ 
ਸੋਨੀਆ ਜੈਨ ਸਾਬਕਾ ਪ੍ਰਿੰਸੀਪਲ ਜੈਨ ਮਾਡਲ ਸੀ. ਸੈ. ਸਕੂਲ ਨੇ ਕਿਹਾ ਕਿ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਵਿਅਕਤੀ ਪ੍ਰਤੀ ਸਮਾਜ ਕਦੇ ਵੀ ਹਮਦਰਦੀ ਨਹੀਂ ਜਤਾ ਸਕਦਾ। ਇਹੋ ਜਿਹਾ ਵਿਅਕਤੀ ਜਿਥੇ ਸਮਾਜ ਲਈ ਕਲੰਕ ਹੈ, ਉਥੇ ਹੀ ਦੇਸ਼ ਦੀ ਤਰੱਕੀ 'ਚ ਰੋੜਾ ਹੈ। ਇਸ ਤਰ੍ਹਾਂ ਦਾ ਘਿਨੌਣਾ ਅਪਰਾਧ ਕਰਨ ਵਾਲੇ ਨੂੰ ਲੋਕਾਂ ਦੇ ਸਾਹਮਣੇ ਚੌਕ 'ਚ ਫਾਂਸੀ ਲਾਉਣੀ ਚਾਹੀਦੀ ਹੈ, ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦਾ ਮਨ 'ਚ ਵਿਚਾਰ ਲਿਆਉਣ ਵਾਲਾ ਵਿਅਕਤੀ ਇਸ ਤਰ੍ਹਾਂ ਦਾ ਘਿਨੌਣਾ ਅਪਰਾਧ ਕਰਨ ਤੋਂ ਪਹਿਲਾਂ ਸੌਂ ਵਾਰ ਸੋਚੇ।
ਫਾਂਸੀ ਜਾਂ ਗੋਲੀ ਮਾਰਨ ਦਾ ਬਣੇ ਕਾਨੂੰਨ
ਇਸ ਪ੍ਰਤੀ ਆਪਣੇ ਵਿਚਾਰ ਪੇਸ਼ ਕਰਦਿਆਂ ਬੰਗਾ ਦੇ ਸਤੀਸ਼ ਮੂੰਗਾ ਨੇ ਕਿਹਾ ਕਿ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ ਲੋਕਾਂ ਦੇ ਸਾਹਮਣੇ ਚੌਕ 'ਚ ਫਾਂਸੀ ਜਾਂ ਗੋਲੀ ਮਾਰਨ ਦਾ ਕਾਨੂੰਨ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਵਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਲਈ ਚਿੰਤਾ ਦਾ ਵਿਸ਼ਾ ਹਨ। 
ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਉੱਚਿਤ ਕਦਮ
ਇਸ ਪ੍ਰਤੀ ਆਪਣੇ ਵਿਚਾਰ ਪੇਸ਼ ਕਰਦਿਆਂ ਬੰਗਾ ਨਿਵਾਸੀ ਮੋਨਾ ਦੇਵੀ ਨੇ ਕਿਹਾ ਕਿ ਉਹ ਵੀ ਇਕ ਔਰਤ ਹੋਣ ਦੇ ਨਾਤੇ ਇਸ ਗੱਲ ਪ੍ਰਤੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਔਰਤ ਦਾ ਸਮਾਜ 'ਚ ਕੀ ਸਥਾਨ ਹੈ ਤੇ ਔਰਤ/ਬੱਚੀ ਨਾਲ ਹੋਏ ਜੁਰਮ ਤੋਂ ਬਾਅਦ ਸਮਾਜ ਉਸ ਨੂੰ ਕਿਸ ਢੰਗ ਨਾਲ ਦੇਖਦਾ ਹੈ। ਇਸ ਲਈ ਸਰਕਾਰ ਨੂੰ ਪੰਜਾਬ ਕੇਸਰੀ ਦੁਆਰਾ ਚਲਾਈ ਫਾਂਸੀ ਦੀ ਸਜ਼ਾ ਦੀ ਮੁਹਿੰਮ ਨੂੰ ਅਮਲੀ ਜਾਮਾ ਪਾਉਂਦੇ ਹੋਏ ਤੁਰੰਤ ਕਾਨੂੰਨ ਅਮਲ 'ਚ ਲਿਆਉਣਾ ਚਾਹੀਦਾ ਹੈ ।
ਜਲਦੀ ਬਣੇ ਫਾਂਸੀ ਦੀ ਸਜ਼ਾ ਦਾ ਕਾਨੂੰਨ 
ਬੰਗਾ ਆਦਰਸ਼ ਨਗਰ ਵਾਸੀ ਰਿਤਿਕਾ ਚੁੱਘ ਨੇ ਕਿਹਾ ਕਿ ਬੱਚੇ ਸਭ ਦੇ ਸਾਂਝੇ ਹੁੰਦੇ ਹਨ ਤੇ ਇਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਲਈ ਸਰਕਾਰ ਨੂੰ ਤੁਰੰਤ ਪਹਿਲ ਕਰਨੀ ਚਾਹੀਦੀ ਹੈ।
ਪੰਜਾਬ ਕੇਸਰੀ ਗਰੁੱਪ ਦੀ ਹਰੇਕ ਮੁਹਿੰਮ ਸ਼ਲਾਘਾਯੋਗ
ਪੱਲਵੀ ਸ਼ਰਮਾ ਨੇ ਕਿਹਾ ਕਿ ਦੂਜੇ ਸੂਬਿਆਂ ਵਾਂਗ ਸਰਕਾਰ ਪਹਿਲ ਦੇ ਆਧਾਰ 'ਤੇ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਾਵੇ। ਉਨ੍ਹਾਂ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਇਸ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਵੱਲੋਂ ਚੁੱਕਿਆ ਇਹ ਕਦਮ ਬੱਚੀਆਂ ਦੇ ਭਵਿੱਖ ਲਈ ਵਧੀਆ ਕਦਮ ਹੈ।
ਦੋਸ਼ੀ ਨੂੰ ਸ਼ਰੇਆਮ ਚੌਕ 'ਚ ਮਾਰੀ ਜਾਵੇ ਗੋਲੀ
ਬਿਜ਼ਨੈੱਸਮੈਨ ਅਨਿਲ ਚੁੱਘ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਘਿਨੌਣੇ ਅਪਰਾਧ ਕਰਨ ਵਾਲੇ ਵਿਅਕਤੀ ਨੂੰ ਬਾਜ਼ਾਰ 'ਚ ਖੜ੍ਹਾ ਕਰ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਉਨ੍ਹਾਂ ਪਿਛਲੇ ਦਿਨੀਂ ਗੁਆਂਢੀ ਦੇਸ਼ ਦੀ ਵਾਇਰਲ ਹੋਈ ਇਕ ਵੀਡੀਓ ਦਾ ਖੁਲਾਸਾ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਉਕਤ ਦੇਸ਼ ਦੇ ਸੈਨਿਕਾਂ ਵੱਲੋਂ ਅਜਿਹਾ ਘਿਨੌਣਾ ਜੁਰਮ ਕਰਨ ਵਾਲੇ ਨੂੰ ਬਾਜ਼ਾਰ ਵਿਚ ਗੋਲੀਆਂ ਮਾਰ ਕੇ ਮਾਰਿਆ ਗਿਆ, ਤਾਂ ਫਿਰ ਪੰਜਾਬ ਸਰਕਾਰ ਫਾਂਸੀ ਦਾ ਫੈਸਲਾ ਕਿਉਂ ਨਹੀਂ ਲੈ ਸਕਦੀ?
ਜਬਰ-ਜ਼ਨਾਹ ਲਈ ਫਾਂਸੀ ਲਾਜ਼ਮੀ 
ਬੰਗਾ ਵਾਸੀ ਅਰਚਨਾ ਧੁੱਪੜ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦੁਆਰਾ ਬੱਚੀਆਂ ਨਾਲ ਹੋਣ ਵਾਲੇ ਜਬਰ-ਜ਼ਨਾਹ ਲਈ ਦਿੱਤੀ ਜਾਣ ਵਾਲੀ ਫਾਂਸੀ ਦੀ ਸਜ਼ਾ ਦੀ ਮੁਹਿੰਮ ਜਿਥੇ ਸ਼ਲਾਘਾਯੋਗ ਕਦਮ ਹੈ, ਉਥੇ ਹੀ ਸਰਕਾਰ ਨੂੰ ਇਸ 'ਤੇ ਅਮਲ ਕਰਦੇ ਹੋਏ ਜਲਦ ਕਾਨੂੰਨ ਬਣਾਉਣਾ ਚਾਹੀਦਾ ਹੈ।


Related News