ਛਾਪੇਮਾਰੀ ਕਰਨ ਗਈ ਆਬਕਾਰੀ ਵਿਭਾਗ ਅਤੇ ਪੁਲਸ ਪਾਰਟੀ ''ਤੇ ਲੋਕਾਂ ਵੱਲੋਂ ਹਮਲਾ

06/02/2020 3:24:06 PM

ਗੁਰਦਾਸਪੁਰ (ਵਿਨੋਦ) : ਛਾਪੇਮਾਰੀ ਕਰਨ ਗਈ ਆਬਕਾਰੀ ਤੇ ਕਰ ਵਿਭਾਗ ਦੀ ਟੀਮ ਤੇ ਪੁਲਸ ਉਤੇ ਹਮਲਾ ਕਰਨ ਦੇ ਚੱਲਦੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸਟੇਸ਼ਨ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਦੇ ਇੰਸਪੈਕਟਰ ਅਜੇ ਕੁਮਾਰ ਹਲਕਾ ਧਾਰੀਵਾਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਜਿੰਦਰ ਸਿੰਘ ਉਰਫ਼ ਸਾਬਾ ਵਾਸੀ ਸੋਹਲ ਘਰ 'ਚ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਦਾ ਹੈ। ਇਸ ਸੂਚਨਾ 'ਤੇ ਸਹਾਇਕ ਇੰਸਪੈਕਟਰ ਸਤਿੰਦਰਪਾਲ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਜਦ ਉਕਤ ਦੇ ਘਰ ਛਾਪੇਮਾਰੀ ਕੀਤੀ ਤਾਂ ਉਥੇ ਮੁਲਜ਼ਮ ਦੀ ਪਤਨੀ ਮਨਜੀਤ ਕੌਰ ਮਿਲੀ, ਜਿਸ ਨੂੰ ਇਕ ਕਮਰੇ ਦਾ ਤਾਲਾ ਖੋਲ੍ਹਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਦੌਰਾਨ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਨੂੰ ਮੌਕੇ 'ਤੇ ਬੁਲਾਇਆ ਗਿਆ ਪਰ ਮੁਲਜ਼ਮ ਨੇ ਕੁਝ ਹੋਰ ਲੋਕਾਂ ਦੀ ਮਦਦ ਨਾਲ ਪੁਲਸ ਪਾਰਟੀ 'ਤੇ ਇੱਟ-ਪੱਥਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਸੁਖਦੇਵ ਸਿੰਘ ਆਬਕਾਰੀ ਵਿਭਾਗ ਦਾ ਇੰਸਪੈਕਟਰ ਅਤੇ ਸਹਾਇਕ ਸਬ-ਇੰਸਪੈਕਟਰ ਸਤਿੰਦਰਪਾਲ ਸਿੰਘ ਜ਼ਖਮੀ ਹੋ ਗਏ, ਮੁਲਜ਼ਮਾਂ ਨੇ ਸਰਕਾਰੀ ਗੱਡੀਆਂ ਦੀ ਵੀ ਤੋੜਭੰਨ ਕੀਤੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਇੰਸਪੈਕਟਰ ਅਜੇ ਕੁਮਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਮਨਜੀਤ ਕੌਰ ਪਤਨੀ ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਰਵੀ, ਬਿੱਲਾ, ਰਾਜਾ ਸਾਰੇ ਵਾਸੀ ਸੋਹਲ ਸਮੇਤ 15-16 ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।


Gurminder Singh

Content Editor

Related News