ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ''ਚ ਪਿਆ ਖਿਲਾਰਾ

01/16/2019 8:23:43 PM

ਜਲੰਧਰ (ਜਸਬੀਰ ਵਾਟਾਂ ਵਾਲੀ) ਦੇਸ਼ ਭਰ ਵਿਚ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ-2019 ਦਾ ਬਿਗੁਲ ਵਜਾ ਦਿੱਤਾ ਗਿਆ ਹੈ, ਉੱਥੇ ਹੀ ਪੰਜਾਬ ਕਾਂਗਰਸ ਵਿਚ ਚੋਣਾਂ ਤੋਂ ਪਹਿਲਾਂ ਹੀ ਖਿਲਾਰਾ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦੀ ਤਾਜ਼ਾ ਮਿਸਾਲ ਉਸ ਮੌਕੇ ਸਾਹਮਣੇ ਆਈ ਜਦੋਂ ਜੋਗਿੰਦਰ ਸਿੰਘ ਪੰਜਗਰਾਈਆਂ ਨੇ ਕਾਂਗਰਸ ਤੋਂ ਹੱਥ ਛੁਡਾ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ। ਇਨ੍ਹਾਂ ਤੋਂ ਪਹਿਲਾਂ ਵਿਧਾਇਕ ਸੁਰਜੀਤ ਸਿੰਘ ਧੀਮਾਨ, ਕੁਲਬੀਰ ਸਿੰਘ ਜ਼ੀਰਾ, ਕਾਕਾ ਰਣਦੀਪ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਵਲੋਂ ਸਰਕਾਰ ਦੇ ਵਿਰੋਧ ਵਿਚ ਕੀਤੀ ਗਈ ਬਿਆਨਬਾਜ਼ੀ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਠਾਏ ਗਏ ਸਵਾਲ ਵਿਸ਼ੇਸ਼ ਤੌਰ 'ਤੇ ਜ਼ਿਕਰਜੋਗ ਹਨ। ਇਨ੍ਹਾਂ ਸਾਰਿਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਗਾਏ ਗਏ ਸਨ ਕਿ ਉਹ ਆਮ ਵਰਕਰਾਂ ਨੂੰ ਤਾਂ ਕੀ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ। ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਕਾਂਗਰਸ ਦਾ ਹੇਠਲਾ ਵਰਗ ਮੁੱਖ ਆਗੂਆਂ ਅਤੇ ਅਫਸਰਾਂ ਦੀ ਬੇਰੁਖੀ ਤੋਂ ਕਾਫੀ ਪਰੇਸ਼ਾਨ ਹੈ।

ਜਾਖੜ, ਬਾਜਵਾ ਤੇ ਕੈਪਟਨ ਦੀ ਖਿੱਚੋਤਾਣ
ਕਾਂਗਰਸ ਵਿਚ ਪਏ ਖਿਲਾਰੇ ਅਤੇ ਖਿੱਚੋਤਾਣ ਦੀ ਇਕ ਹੋਰ ਪ੍ਰਮੁੱਖ ਮਿਸਾਲ ਗੁਰਦਾਸਪੁਰ ਸੀਟ 'ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਆਪਣਾ-ਆਪਣਾ ਦਾਅਵੇ ਪੇਸ਼ ਕੀਤੇ ਜਾਣਾ ਵੀ ਹੈ। ਇਨ੍ਹਾਂ ਦੋਹਾਂ ਮੁੱਖ ਆਗੂਆਂ ਵੱਲੋਂ ਇਸ ਸੀਟ 'ਤੇ ਕੀਤੇ ਗਏ ਦਾਅਵੇ ਤੋਂ ਬਾਅਦ ਕਾਂਗਰਸ ਹਾਈਕਮਾਨ ਲਈ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਇੱਥੇ ਇਹ ਦੱਸਣਯੋਗ ਹੈ ਕਿ ਸੁਨੀਲ ਜਾਖੜ ਨੇ 2017 ਵਿਚ ਗੁਰਦਾਸਪੁਰ ਹਲਕੇ ਦੀ ਉਪ ਚੋਣ ਇਕ ਲੱਖ 90 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਦੇ ਨਾਲ-ਨਾਲ ਪ੍ਰਤਾਪ ਬਾਜਵਾ ਨੇ ਵੀ 2009 ਵਿਚ ਇੱਥੋਂ ਵਿਨੋਦ ਖੰਨਾ ਨੂੰ ਹਰਾਇਆ ਸੀ। ਭਾਵੇਂ ਕਿ 2014 ਦੀਆਂ ਚੋਣਾਂ ਵਿਚ ਉਹ ਵਿਨੋਦ ਖੰਨਾ ਹੱਥੋਂ ਹਾਰ ਵੀ ਗਏ ਸਨ, ਇਸ ਦੇ ਬਾਵਜੂਦ ਬਾਜਵਾ ਨੇ ਇਹ ਕਹਿੰਦਿਆਂ ਟਿਕਟ 'ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਕਿ ਗੁਰਦਾਸਪੁਰ ਮੇਰੇ ਪਰਿਵਾਰ ਦੀ ਕਰਮਭੂਮੀ ਹੈ। ਦੂਜੇ ਪਾਸੇ ਸੁਨੀਲ ਜਾਖੜ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਗੁਰਦਾਸਪੁਰ ਤੋਂ ਬਿਨਾਂ ਹੋਰ ਕਿਸੇ ਹਲਕੇ ਤੋਂ ਚੋਣ ਨਹੀਂ ਲੜਨਗੇ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਗੁਰਦਾਸਪੁਰ ਤੋਂ 2 ਚੋਟੀ ਦੇ ਆਗੂਆਂ ਵਲੋਂ ਕੀਤੀ ਦਾਅਵੇਦਾਰੀ ਨੇ ਹਾਈ ਕਮਾਂਡ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਖਿੱਚੋਤਾਣ ਵੀ ਜਗਜ਼ਾਹਰ ਹੈ। ਹਰ ਕੋਈ ਜਾਣਦਾ ਹੈ ਕਿ ਜਦੋਂ ਕਾਂਗਰਸ ਹਾਈਕਮਾਂਡ ਵੱਲੋਂ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਤਾਂ ਕੈਪਟਨ ਨੇ ਉਸ ਮੌਕੇ ਇਸ ਦੇ ਵਿਰੋਧ ਵਿਚ ਖੁਲ੍ਹੇਆਮ ਮੁਹਿੰਮ ਚਲਾਈ ਸੀ। ਇਸ ਮੁਹਿੰਮ ਵਿਚ ਸੁਨੀਲ ਜਾਖੜ ਨੇ ਕੈਪਟਨ ਦੇ ਹੱਕ ਨਿੱਤਰਦਿਆਂ ਬਾਜਵਾ ਦਾ ਵਿਰੋਧ ਕੀਤਾ ਸੀ। 

ਜ਼ੀਰਾ ਦੀ ਲਲਕਾਰ
ਇਸ ਦੇ ਨਾਲ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਜ਼ੀਰਾ ਦਾ ਮਾਮਲਾ ਕਾਂਗਰਸ 'ਤੇ ਸੰਕਟ ਤੋਂ ਘੱਟ ਨਹੀਂ ਹੈ। ਵਿਧਾਇਕ ਜ਼ੀਰਾ ਵੱਲੋਂ ਫ਼ਿਰੋਜ਼ਪੁਰ 'ਚ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਸਰਕਾਰ ਨੂੰ ਨਸ਼ਿਆਂ ਦੇ ਮਾਮਲੇ 'ਤੇ ਘੇਰਿਆ ਗਿਆ ਸੀ, ਜਿਸ ਤੋਂ ਬਾਅਦ ਹਾਈਕਮਾਂਡ ਵੱਲੋਂ ਉਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਮੁਅੱਤਲ ਕਰ ਦਿੱਤਾ ਗਿਆ। ਕੁਲਦੀਪ ਸਿੰਘ ਜ਼ੀਰਾ ਨੇ ਸਰਕਾਰ ਨੂੰ ਨਸ਼ੇ ਦੇ ਮਾਮਲੇ 'ਤੇ ਅਲਰਟ ਕਰਦਿਆਂ ਸਟੇਜ 'ਤੇ ਖੜ੍ਹੇ ਹੇ ਕੇ ਪੰਜਾਬ 'ਚ ਫੈਲੇ ਨਸ਼ਿਆਂ ਦੇ ਕਾਲੇ ਕਾਰੋਬਾਰ ਅਤੇ ਮੁੱਖ ਅਫ਼ਸਰਾਂ ਦੀ ਮਿਲੀਭੁਗਤ ਸਬੰਧੀ ਖੁਲਾਸੇ ਕੀਤੇ ਸਨ। ਇਸ ਤੋਂ ਬਾਅਦ ਹਾਈਕਮਾਂਡ ਵੱਲੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਸਸਪੈਂਡ ਕਰ ਦਿੱਤਾ ਗਿਆ।  ਭਾਵੇਂ ਕਿ ਜ਼ੀਰਾ ਨੇ ਇਸ ਸਬੰਧੀ ਸਫਾਈ ਦਿੰਦਿਆਂ ਇਹ ਕਿਹਾ ਕਿ ਉਨ੍ਹਾਂ ਨੇ ਆਪਣੀ ਸਰਕਾਰ ਖਿਲਾਫ ਕੁਝ ਨਹੀਂ ਕਿਹਾ ਅਤੇ ਉਨ੍ਹਾਂ ਦੀ ਲੜਾਈ ਨਸ਼ਿਆਂ ਅਤੇ ਭ੍ਰਿਸ਼ਟ ਪੁਲਸ ਅਫਸਰਾਂ ਖਿਲਾਫ ਹੈ। ਮੀਡੀਆ ਵਿਚ ਜ਼ੀਰਾ ਨੇ ਇਹ ਵੀ ਬਿਆਨ ਦਿੱਤਾ ਕਿ ਉਨ੍ਹਾਂ ਨੇ ਆਪਣਾ ਪੱਖ ਲਿਖਤੀ ਰੂਪ ਵਿਚ ਪਾਰਟੀ ਸਾਹਮਣੇ ਰੱਖਿਆ ਸੀ ਪਰ ਬਾਵਜੂਦ ਇਸ ਦੇ ਉਨ੍ਹਾਂ ਮੇਰੀ ਸੁਣਵਾਈ ਨਹੀਂ ਕੀਤੀ। ਕਾਂਗਰਸ ਵਿਰੋਧੀਆਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕਰ ਰਹੇ ਹਨ, ਜੋ ਨਸ਼ੇ ਖਤਮ ਕਰਨ ਦੀ ਮੰਗ ਕਰ ਰਹੇ ਹਨ।

ਜਲੰਧਰ ਵਿਚ ਪ੍ਰਧਾਨਗੀ ਨੂੰ ਲੈ ਕੇ ਪਿਆ ਖਿਲਾਰਾ
ਜਲੰਧਰ ਵਿਚ ਵੀ ਸੰਤੋਖ ਸਿੰਘ ਚੌਧਰੀ ਵੱਲੋਂ ਬਲਦੇਵ ਦੇਵ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਕਾਂਗਰਸ ਵਿਚ ਖਿੱਚੋਤਾਣ ਕਾਫੀ ਵੱਧ ਗਈ ਹੈ।  ਜ਼ਿਲ੍ਹੇ ਵਿਚ ਪ੍ਰਧਾਨਗੀ ਦੀ ਦੌੜ ਲਈ ਹਿੰਦੂ ਵਰਗ ਤੋਂ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਮਨੋਜ ਅਰੋੜਾ, ਬਲਰਾਜ ਠਾਕੁਰ, ਬਲਦੇਵ ਸਿੰਘ ਦੇਵ ਅਤੇ ਹਰਜਿੰਦਰ ਸਿੰਘ ਲਾਡਾ ਸਣੇ ਕਈ ਲੋਕ ਜ਼ੋਰ ਲਗਾ ਰਹੇ ਸਨ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਸੰਤੋਖ ਚੌਧਰੀ ਲਈ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਦੀ ਲਗਾਤਾਰ ਵਧਦੀ ਸਰਗਰਮੀ ਅਤੇ ਸ਼ੋਹਰਤ ਪਰੇਸ਼ਾਨੀ ਦਾ ਕਾਰਨ ਬਣ ਰਹੀ ਸੀ, ਜਿਸ ਕਾਰਨ ਚੌਧਰੀ ਨੇ ਹੋਰ ਸਾਰੇ ਦਾਅਵੇਦਾਰਾਂ ਨੂੰ ਛੱਡ ਬਲਦੇਵ ਸਿੰਘ ਦੇਵ ਨੂੰ ਪ੍ਰਧਾਨ ਬਣਾਉਣ ਦੀ ਪੈਰਵੀ ਕਰ ਕੇ ਇਕ ਤੀਰ ਨਾਲ ਕਈ ਸ਼ਿਕਾਰ ਕੀਤੇ ਹਨ। ਜ਼ਿਲਾ ਪ੍ਰਧਾਨ ਅਹੁਦੇ 'ਤੇ ਨਿਯੁਕਤੀ ਤੋਂ ਤੁਰੰਤ ਬਾਅਦ ਵਿਧਾਇਕ ਰਿੰਕੂ ਦੇ ਸਮਰਥਕਾਂ ਨੇ ਦੇਵ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਇਸ ਸਿਆਸੀ ਘਮਾਸਾਨ ਵਿਚ ਕਾਂਗਰਸ ਨੂੰ ਫਾਇਦਾ ਹੋਵੇਗਾ ਜਾਂ ਨੁਕਾਸਾਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ 2019 ਦੀਆਂ ਚੋਣਾਂ ਤੋਂ ਪਹਿਲਾ ਕਾਂਗਰਸ ਵਿਚ ਖਿਲਾਰਾ ਪੈਣਾ ਸ਼ੁਰੂ ਹੋ ਗਿਆ ਹੈ। 


Related News