ਨੌਕਰੀਆਂ ਕਰ ਰਹੇ ਇੰਜਨੀਅਰਾਂ ਨੇ PAU ''ਚ ਲਗਾਇਆ ਸਿਖਲਾਈ ਕੈਂਪ

03/29/2019 6:56:45 PM

ਲੁਧਿਆਣਾ- ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵੱਲੋਂ 'ਟਰੈਕਟਰ ਅਤੇ ਖੇਤ ਮਸ਼ੀਨਰੀ' ਵਿਸ਼ੇ ਤੇ ਨੌਕਰੀਆਂ ਕਰ ਰਹੇ ਇੰਜਨੀਅਰਾਂ ਨੂੰ ਸਮਰੱਥਾ ਵਿਕਾਸ ਪ੍ਰੋਗਰਾਮ ਅਧੀਨ ਦੋ ਰੋਜ਼ਾ ਸਿਖਲਾਈ ਦਿੱਤੀ ਗਈ। ਇਸ 'ਚ ਮਹਿੰਦਰਾ ਐਂਡ ਮਹਿੰਦਰਾ ਅਤੇ ਸਵਰਾਜ ਦੇ ਪੰਜਾਬ, ਹਰਿਆਣਾ, ਉਤਰਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਰਾਜਾਂ ਤੋਂ ਨੌਕਰੀ ਕਰ ਰਹੇ ਇੰਜਨੀਅਰਾਂ ਨੇ ਵਿਸ਼ੇ ਨਾਲ ਸੰਬੰਧਤ ਸਿਖਲਾਈ ਪ੍ਰਾਪਤ ਕੀਤੀ । 

ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਇਸ ਸਿਖਲਾਈ ਦੇ ਮਹੱਤਵ ਬਾਰੇ ਚਾਨਣਾ ਪਾਉਦਿਆਂ ਸਿਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕਿ ਭੋਜਨ ਅਤੇ ਖੇਤੀ ਖੇਤਰ 'ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਦਯੋਗਿਕ ਇਕਾਈਆਂ ਅਤੇ ਸਿੱਖਿਆ ਸੰਸਥਾਵਾਂ ਵਿਚਕਾਰ ਸਾਂਝੇ ਕਦਮਾਂ ਦੀ ਲੋੜ ਹੈ।ਇਸ ਨਾਲ ਹੀ ਟਿਕਾਊ ਕਿਫਾਇਤੀ ਅਤੇ ਢੁੱਕਵੀਂ ਤਕਨੀਕ ਵਿਕਸਿਤ ਕੀਤੀ ਜਾ ਸਕੇਗੀ। 

ਡਾ. ਅਸ਼ੋਕ ਕੁਮਾਰ ਨੇ ਲੋੜ ਆਧਾਰਿਤ ਸਿੱਖਿਆ ਸਿਲੇਬਸ ਬਨਾਉਣ ਲਈ ਉਦਯੋਗਿਕ ਮਾਹਿਰਾਂ ਦੀ ਭੂਮਿਕਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰਾਂ ਕਰਨ ਨਾਲ ਨੌਕਰੀ ਖੇਤਰ ਦੀਆਂ ਲੋੜਾਂ ਦੀ ਪਛਾਣ ਅਤੇ ਉਸ ਮੁਤਾਬਿਕ ਵਿਦਿਆਰਥੀਆਂ ਦੀ ਸਿਖਲਾਈ ਸੰਭਵ ਹੋ ਸਕੇਗੀ । ਇਸ ਮੌਕੇ ਭਾਗ ਲੈਣ ਵਾਲਿਆਂ ਨੂੰ ਭਾਰਤ ਵਿੱਚ ਖੇਤ ਮਸ਼ੀਨੀਕਰਨ ਦੀਆਂ ਸੰਭਾਵਨਾਵਾਂ ਅਤੇ ਉਭਰਵੇਂ ਮੁੱਦਿਆਂ ਨਾਲ ਸੰਬੰਧਤ ਹਰ ਪਹਿਲੂ ਤੇ ਸਿਖਲਾਈ ਦਿੱਤੀ ਗਈ । 

ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਅਤੇ ਸਹਿਯੋਗੀ ਪ੍ਰੋਫੈਸਰ ਡਾ. ਵਿਸ਼ਾਲ ਬੈਕਟਰ ਇਸ ਸਿਖਲਾਈ ਪ੍ਰੋਗਰਾਮ ਦੇ ਕੁਆਰਡੀਨੇਟਰ ਸਨ। ਉਹਨਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦੀ ਯੋਜਨਾ ਨੌਕਰੀ ਕਰ ਰਹੇ ਇੰਜਨੀਅਰਾਂ ਨੂੰ ਖੇਤੀ ਮਸ਼ੀਨਰੀ ਅਤੇ ਟਰੈਕਟਰ ਦੀ ਚੋਣ ਅਤੇ ਵਰਤੋਂ ਦੇ ਨਾਲ-ਨਾਲ ਕਾਰਜਯੋਗਤਾ ਨੂੰ ਆਧਾਰ ਬਣਾ ਕੇ ਬਣਾਈ ਗਈ ਹੈ ।


Iqbalkaur

Content Editor

Related News