ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ
Saturday, Jul 23, 2022 - 08:07 PM (IST)
ਅੰਮ੍ਰਿਤਸਰ/ਪੱਟੀ (ਸੰਜੀਵ/ਸੋਢੀ) - ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਹੋਏ ਪੁਲਸ ਮੁਕਾਬਲੇ ਵਿਚ ਢੇਰ ਕੀਤੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਕੁੱਸਾ ਦੇ ਪੋਸਟਮਾਰਟਮ ਵਿਚ ਦੋਨੋਂ ਦੇ ਸਰੀਰ ਵਿਚ ਚਾਰ-ਚਾਰ ਗੋਲੀਆਂ ਲੱਗਣ ਦੇ ਨਿਸ਼ਾਨ ਸਨ। ਮੈਡੀਕਲ ਕਾਲਜ ਦੇ ਸੀਨੀਅਰ ਸਹਾਇਕ ਪ੍ਰੋਫ਼ੈਸਰ ਡਾ. ਜੇ. ਪੀ. ਸਿੰਘ ਵਲੋਂ ਦੋਵਾਂ ਸ਼ੂਟਰਾਂ ਦੇ ਪੋਸਟਮਾਰਟਮ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਪੀ ਜਾ ਰਹੀ ਹੈ। ਉਹ ਰਿਪੋਰਟ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।
ਪੜ੍ਹੋ ਇਹ ਵੀ ਖ਼ਬਰ: ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਦਾ ਪਹਿਲਾ ਬਿਆਨ ਆਇਆ ਸਾਹਮਣੇ (ਵੀਡੀਓ)
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਚ ਰੂਪਾ ਅਤੇ ਮਨਪ੍ਰੀਤ ਨੂੰ ਪੁਲਸ ਦੀਆਂ ਚਾਰ-ਚਾਰ ਗੋਲੀਆਂ ਨੇ ਢੇਰ ਕੀਤਾ ਸੀ। ਮਨਪ੍ਰੀਤ ਸਿੰਘ ਕੁੱਸਾ ਦੇ ਮੱਥੇ, ਸਿਰ ਅਤੇ ਅੱਖ ਅਤੇ ਹੱਥ ਵਿਚ ਗੋਲੀ ਲੱਗੀ ਸੀ ਅਤੇ ਉਸ ਦਾ ਦਿਮਾਗ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਸੀ। ਉਥੇ ਦੂਸਰੇ ਪਾਸੇ ਜਗਰੂਪ ਸਿੰਘ ਰੂਪਾ ਨੂੰ ਵੀ ਪੁਲਸ ਦੀਆਂ 4 ਗੋਲੀਆਂ ਨੇ ਢੇਰ ਕੀਤਾ ਸੀ, ਜਿਸ ਵਿਚ ਇਕ ਗੋਲੀ ਢਿੱਡ ਵਿਚ, ਇਕ ਗੋਲੀ ਲੱਤ ਵਿਚ, ਇਕ ਗੋਲੀ ਧੋਣ ਅਤੇ ਇਕ ਗੋਲੀ ਮੋਢੇ ’ਤੇ ਲੱਗੀ ਸੀ। ਇਸ ਤੋਂ ਬਾਅਦ ਰੂਪਾ ਦੇ ਫੇਫੜੇ ਪੂਰੀ ਤਰ੍ਹਾਂ ਖ਼ਤਮ ਹੋ ਗਏ। ਇੰਟਰਨਲ ਬਾਲੀਡਿੰਗ ਉਸ ਦੀ ਮੌਤ ਦਾ ਕਾਰਨ ਬਣ ਗਈ।
ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ
ਕੀ ਕਹਿੰਦੇ ਹਨ ਰੂਪਾ ਦੇ ਪਰਿਵਾਰ ਵਾਲੇ
ਪਰਿਵਾਰ ਅਨੁਸਾਰ ਜਗਰੂਪ ਸਿੰਘ ਰੂਪਾ ਸਾਲ 2017 ਵਿਚ ਬੁਰੀ ਸੰਗਤ ਵਿਚ ਪੈ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਬੇਦਖਲ ਕਰ ਦਿੱਤਾ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਢਾਈ ਸਾਲ ਤੋਂ ਰੂਪਾ ਕਦੇ ਵੀ ਘਰ ਨਹੀਂ ਆਇਆ ਸੀ ਅਤੇ ਨਾ ਹੀ ਉਸ ਦਾ ਸਾਡੇ ਨਾਲ ਕੋਈ ਸੰਪਰਕ ਸੀ। ਰੂਪਾ ਨੂੰ ਮਾਰ ਦਿੱਤੇ ਜਾਣ ਦੀ ਖ਼ਬਰ ਉਨ੍ਹਾਂ ਨੂੰ ਟੀ. ਵੀ. ਤੋਂ ਮਿਲੀ ਸੀ।
ਪੜ੍ਹੋ ਇਹ ਵੀ ਖ਼ਬਰ: ਜਾਣੋ ਕੌਣ ਹਨ ਗੈਂਗਸਟਰ ਮਨੂੰ ਕੁੱਸਾ ਅਤੇ ਜਗਰੂਪ ਰੂਪਾ, ਕਿਸ ਨੇ ਮਾਰੀ ਸੀ ਮੂਸੇਵਾਲਾ ਨੂੰ ਪਹਿਲੀ ਗੋਲੀ
ਦੇਰ ਰਾਤ ਦੋਨੋਂ ਸ਼ੂਟਰਾਂ ਦਾ ਕਰਵਾਇਆ ਅੰਤਿਮ ਸਸਕਾਰ
ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਪੋਸਟਮਾਰਟਮ ਤੋਂ ਬਾਅਦ ਦੋਨੋਂ ਸ਼ੂਟਰਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀਆ ਗਈਆ ਸੀ। ਪੁਲਸ ਦੇ ਨਾਲ ਦੋਨੋਂ ਪਰਿਵਾਰ ਵਾਲੇ ਲਾਸ਼ਾਂ ਨੂੰ ਆਪਣੇ-ਆਪਣੇ ਪਿੰਡ ਲੈ ਗਏ, ਜਿੱਥੇ ਦੇਰ ਰਾਤ ਸ਼ੂਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਕੁੱਸਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਿਛਲੇ ਕਈ ਸਾਲਾ ਤੋਂ ਅਪਰਾਧ ਦੀ ਦੁਨੀਆ ਵਿਚ ਭਟਕ ਰਹੇ ਜਗਰੂਪ ਸਿੰਘ ਰੂਪਾ ਦੀ ਮੌਤ ਤੋਂ ਬਾਅਦ ਵੀ ਘਰ ਜਾਣਾ ਨਸੀਬ ਨਹੀਂ ਹੋਇਆ। ਪੋਸਟਮਾਰਟਮ ਹਾਊਸ ਵਿਚ ਰੂਪਾ ਦੀ ਲਾਸ਼ ਨੂੰ ਸਿੱਧਾ ਪਿੰਡ ਜੋੜਾ ਦੇ ਸਮਸ਼ਾਨਘਾਟ ਲਿਜਾਇਆ ਗਿਆ, ਜਿੱਥੇ ਦਰਮਿਆਨੀ ਰਾਤ ਢਾਈ ਵਜੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਨਸ਼ਾ ਕਰਨ ਦੇ ਆਦੀ ਜਗਰੂਪ ਰੂਪਾ ਖਿਲਾਫ 9 ਅਪਰਾਧਿਕ ਮਾਮਲੇ ਦਰਜ ਹਨ, ਜਿਸ ਦਾ ਪੁਲਸ ਅਨਕਾਊਂਟਰ ਤੋਂ ਬਾਅਦ ਹੁਣ ਚੈਪਟਰ ਖ਼ਤਮ ਹੋ ਜਾਵੇਗਾ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ