ਤਨਖਾਹ ਤੋਂ ਵਾਂਝੇ ਕਰਮਚਾਰੀਆਂ ਨੇ ਸਰਕਾਰ ਨੂੰ ਦਿੱਤਾ 2 ਦਿਨ ਦਾ ਅਲਟੀਮੇਟਮ

Tuesday, Mar 13, 2018 - 03:13 PM (IST)

ਤਨਖਾਹ ਤੋਂ ਵਾਂਝੇ ਕਰਮਚਾਰੀਆਂ ਨੇ ਸਰਕਾਰ ਨੂੰ ਦਿੱਤਾ 2 ਦਿਨ ਦਾ ਅਲਟੀਮੇਟਮ

ਨਵਾਂਸ਼ਹਿਰ (ਤ੍ਰਿਪਾਠੀ)— ਡੀ. ਸੀ. ਦਫਤਰ ਯੂਨੀਅਨ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ 'ਚ ਡੀ. ਸੀ. ਦਫਤਰ, ਉੱਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫਤਰ ਨਵਾਂਸ਼ਹਿਰ, ਬਲਾਚੌਰ ਤੇ ਬੰਗਾ ਤੇ ਮੁਲਾਜ਼ਮਾਂ ਨੇ ਭਾਗ ਲਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਜਨਵਰੀ ਤੇ ਫਰਵਰੀ ਮਹੀਨਿਆਂ ਦੀ ਤਨਖਾਹ ਸਰਕਾਰ ਵੱਲੋਂ ਰਿਲੀਜ਼ ਨਹੀਂ ਕੀਤੀ ਗਈ, ਜਿਸ ਕਾਰਨ ਕਰਮਚਾਰੀਆਂ ਨੂੰ ਭਾਰੀ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਨਖਾਹ ਦੀਆਂ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਲਿਖਤੀ ਤੌਰ 'ਤੇ 21 ਫਰਵਰੀ ਨੂੰ ਮਾਮਲਾ ਲਿਆਂਦਾ ਗਿਆ, ਜਿਸ ਵਿਚ 1 ਹਫਤੇ ਦੇ ਅੰਦਰ ਤਨਖਾਹ ਰਿਲੀਜ਼ ਹੋਣ ਦਾ ਭਰੋਸਾ ਮਿਲਿਆ ਸੀ ਪਰ ਅੱਜ 3 ਹਫਤੇ ਬੀਤ ਜਾਣ ਬਾਅਦ ਵੀ ਕਰਮਚਾਰੀ ਤਨਖਾਹ ਤੋਂ ਵਾਂਝੇ ਹਨ। 
ਇਨ੍ਹਾਂ ਦਿਨਾਂ 'ਚ ਬੱਚਿਆਂ ਦਾ ਸਕੂਲਾਂ 'ਚ ਦਾਖਲਾ ਤੇ ਪੜ੍ਹਾਈ ਦੀਆਂ ਕਿਤਾਬਾਂ ਆਦਿ ਲੈਣ ਦੇ ਇਲਾਵਾ ਕਈ ਹੋਰ ਖਰਚ ਹੁੰਦੇ ਹਨ ਪਰ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨੀਆਂ ਆ ਰਹੀਆਂ ਹਨ, ਜਿਸ ਦਾ ਪ੍ਰਭਾਵ ਸਰਕਾਰੀ ਕੰਮਾਂ 'ਤੇ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ 2 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਤਨਖਾਹ ਰਿਲੀਜ਼ ਨਾ ਹੋਈ ਤਾਂ ਜ਼ਿਲੇ ਭਰ 'ਚ ਕਰਮਚਾਰੀ 15-16 ਮਾਰਚ ਨੂੰ ਪੂਰਨ ਤੌਰ 'ਤੇ ਕੰਮਕਾਜ ਠੱਪ ਰੱਖ ਕੇ ਡੀ. ਸੀ. ਦਫਤਰ ਦੇ ਬਾਹਰ ਰੋਸ ਧਰਨਾ ਦੇਣਗੇ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਗੁੱਲਪੁਰ, ਜਨਰਲ ਸਕੱਤਰ ਸੰਤਰਾਮ, ਸੀਨੀਅਰ ਵਾਈਸ ਪ੍ਰਧਾਨ ਬਿਮਲਾ ਦੇਵੀ, ਸਤਿੰਦਰ ਕੌਰ, ਦਲਜੀਤ ਸਿੰਘ, ਤਰਲੋਚਨ ਸਿੰਘ, ਧੰਨਾ ਰਾਮ ਤੇ ਸਤਨਾਮ ਸਿੰਘ ਗਰਚਾ ਆਦਿ ਮੌਜੂਦ ਸਨ ।  


Related News