ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਭਾ ਦੇ 5 ਮੁਲਾਜ਼ਮ ਕੋਰੋਨਾ ਪਾਜ਼ੇਟਿਵ
Thursday, Aug 20, 2020 - 05:45 PM (IST)
ਨਾਭਾ (ਖੁਰਾਣਾ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਨਾਭਾ ਦਫ਼ਤਰ ਦੇ 4 ਮੁਲਾਜ਼ਮ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਨਾਲ ਸਿਹਤ ਵਿਭਾਗ ਹਰਕਤ ਵਿਚ ਆ ਗਿਆ। ਸਿਹਤ ਵਿਭਾਗ ਦੀ ਟੀਮ ਨੇ ਦਫਤਰ ਦੇ ਕੁੱਲ 76 ਮੁਲਾਜ਼ਮਾਂ ਦੇ ਟੈਸਟ ਕੀਤੇ ਜਿਨ੍ਹਾਂ ਵਿੱਚੋਂ 75 ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਅਤੇ ਇੱਕ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜੋ ਚੋਂਦਾ ਉੱਪ ਮੰਡਲ ਦਫਤਰ ਨਾਲ ਸਬੰਧਤ ਹੈ ਅਤੇ ਹੁਣ ਦਫ਼ਤਰ ਦੇ ਕੁੱਲ 5 ਮੁਲਾਜ਼ਮ ਕੋਰੋਨਾ ਵਾਇਰਸ ਦੀ ਚਪੇਟ ਵਿਚ ਹਨ। ਜਿਨ੍ਹਾਂ ਨੂੰ ਘਰਾਂ ਦੇ ਵਿਚ ਏਕਾਂਤਵਾਸ ਕੀਤਾ ਹੋਇਆ ਹੈ।
ਇਸ ਸਬੰਧੀ ਨਾਭਾ ਪੀ.ਐਸ.ਪੀ.ਸੀ.ਐਲ ਦੇ ਕਾਰਜਕਾਰੀ ਇੰਜੀਨੀਅਰ ਜੀ ਐਸ. ਗੁਰਮ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਦੇ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਰਫ ਜ਼ਰੂਰੀ ਕੰਮ ਦੇ ਲਈ ਹੀ ਦਫ਼ਤਰ ਆਉਣ ਤਾਂ ਹੀ ਅਸੀਂ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚ ਸਕਾਂਗੇ। ਜਦੋਂ ਇਸ ਬਾਬਤ ਨਾਭਾ ਦੀ ਐਸ.ਐਮ.ਓ ਨਾਲ ਫ਼ੋਨ ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ।