ਜਲ ਸਰੋਤ ਮੁਲਾਜ਼ਮਾਂ ਕੀਤਾ ਸਰਕਾਰ ਦਾ ਪਿੱਟ-ਸਿਆਪਾ
Friday, Jul 14, 2017 - 01:17 AM (IST)

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਅਦਾਰੇ ਅੰਦਰ ਕੰਮ ਕਰਦੇ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀ ਤਨਖਾਹ ਨਾ ਮਿਲਣ ਕਰ ਕੇ ਅੱਜ ਇਥੇ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਅੱਗੇ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਗੇਟ ਰੈਲੀ ਕੀਤੀ ਗਈ।
ਰੈਲੀ ਦੌਰਾਨ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਖੂਬ ਪਿੱਟ-ਸਿਆਪਾ ਕੀਤਾ। ਮੁਲਾਜ਼ਮ ਮੰਗ ਕਰ ਰਹੇ ਸਨ ਕਿ ਪੰਜਾਬ ਸਰਕਾਰ ਤਨਖਾਹ ਕਢਵਾਉਣ ਦੀਆਂ ਪਾਵਰਾਂ ਤੁਰੰਤ ਜਾਰੀ ਕਰੇ। ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਸੂਬਾਈ ਆਗੂ ਸਤੀਸ਼ ਰਾਣਾ ਨੇ ਦੱਸਿਆ ਕਿ ਅੱਜ 13 ਦਿਨ ਬੀਤ ਜਾਣ ਦੇ ਬਾਵਜੂਦ ਜਲ ਸਰੋਤ ਦੇ ਮੁਲਾਜ਼ਮਾਂ ਨੂੰ ਤਨਖਾਹ ਨਸੀਬ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਨਖਾਹ ਕਢਵਾਉਣ ਦੀਆਂ ਪਾਵਰਾਂ ਜੋ ਅਦਾਰੇ ਨੂੰ ਜਾਰੀ ਕਰਨੀਆਂ ਹਨ, ਉਹ ਕੇਸ ਲਗਾਤਾਰ ਲਟਕਾਇਆ ਜਾ ਰਿਹਾ ਹੈ। ਅਜੇ ਵੀ ਇਹ ਕੇਸ ਏ. ਜੀ. ਦਫ਼ਤਰ ਵਿਖੇ ਪਿਆ ਹੈ।
ਬੁਲਾਰਿਆਂ ਨੇ ਕਿਹਾ ਕਿ ਤਨਖ਼ਾਹ ਨਾ ਮਿਲਣ ਕਰ ਕੇ ਮੁਲਾਜ਼ਮਾਂ ਨੂੰ ਨਿੱਤ ਦੇ ਘਰੇਲੂ ਖਰਚੇ ਕਰਨ ਵਿਚ ਦਿਕਤ ਪੇਸ਼ ਆ ਰਹੀ ਹੈ ਤੇ ਮੁਲਾਜ਼ਮ ਮਾਨਸਿਕ ਤੇ ਆਰਥਿਕ ਤੌਰ 'ਤੇ ਪ੍ਰੇਸ਼ਾਨ ਹੋ ਰਹੇ ਹਨ।
ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂ ਹਰੀ ਕ੍ਰਿਸ਼ਨ ਨੇ ਆਖਿਆ ਕਿ ਤਨਖਾਹ ਕਢਵਾਉਣ ਦੀਆਂ ਪਾਵਰਾਂ ਤੁਰੰਤ ਜਾਰੀ ਕਰ ਕੇ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀ ਤਨਖਾਹ ਜਾਰੀ ਕੀਤੀ ਜਾਵੇ ।
ਇਸ ਸਮੇਂ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾ ਆਗੂ ਸਤੀਸ਼ ਰਾਣਾ, ਹਰੀ ਕ੍ਰਿਸ਼ਨ ਤੋਂ ਇਲਾਵਾ ਸੁਰਿੰਦਰ ਸਿੰਘ, ਕੁਲਵੰਤ ਸਿੰਘ ਪੰਨੂ, ਰਕੇਸ਼ ਕੁਮਾਰ, ਰਜਿੰਦਰ ਬਹਾਦੁਰ, ਸ਼ਾਰਦਾ ਦੇਵੀ, ਗਰੀਬ ਦਾਸ, ਬਿਸ਼ਨ ਦਾਸ, ਕਸ਼ਮੀਰੀ ਲਾਲ, ਕਮਲਜੀਤ, ਪ੍ਰਕਾਸ਼ ਚੰਦ, ਰਾਜ ਰਾਣੀ, ਮਨਜੀਤ ਸਿੰਘ, ਸੁਖਵਿੰਦਰ ਕੌਰ, ਅਨੀਤਾ ਰਾਣੀ, ਸੋਨੀਆ, ਸੰਦੀਪ ਕੌਰ, ਹਰਪ੍ਰੀਤ ਕੌਰ, ਰਮਨਦੀਪ, ਰੇਨੂੰ ਸ਼ਰਮਾ, ਹਰਵਿੰਦਰ ਕੁਮਾਰ, ਗਗਨਦੀਪ ਸਿੰਘ, ਨਰਿੰਦਰ ਕੁਮਾਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।