ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਮਿਡ-ਡੇ-ਮੀਲ ਬੰਦ ਰੱਖਣ ਦਾ ਐਲਾਨ

11/19/2017 12:30:26 PM

ਕਪੂਰਥਲਾ (ਮੱਲ੍ਹੀ)— ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਸ਼ਨੀਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਈ ਇਕ ਅਹਿਮ ਅਤੇ ਪ੍ਰਭਾਵਸ਼ਾਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਮੇਜ ਸਿੰਘ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ 'ਚ ਚੱਲ ਰਹੀ ਮਿਡ-ਡੇ-ਮੀਲ ਸਕੀਮ ਤਹਿਤ ਕੁਕਿੰਗ ਕਾਸਟ ਨਹੀਂ ਆਈ ਅਤੇ ਮਿਡ-ਡੇ-ਮੀਲ ਸਕੀਮ ਨੂੰ ਚੱਲਦਾ ਰੱਖਣ ਲਈ ਸਕੂਲ ਮੁਖੀਆਂ ਨੇ ਅਧਿਕਾਰੀਆਂ ਦੇ ਭਰੋਸੇ 'ਤੇ ਪੱਲਿਓਂ ਹਜ਼ਾਰਾਂ ਰੁਪਏ ਖਰਚ ਕੀਤੇ, ਜੋ ਜ਼ਿਲਾ ਪੱਧਰ 'ਤੇ ਕਰੋੜਾਂ ਰੁਪਏ ਦੀ ਰਾਸ਼ੀ ਮਾਪੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦੁਖੀ ਹੋ ਕੇ ਹੁਣ ਜਦੋਂ ਯੂਨੀਅਨਾਂ ਨੇ ਸਕੂਲ ਮੁਖੀਆਂ ਦੀ ਸਮੱਸਿਆ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਤਾਂ ਅਧਿਕਾਰੀਆਂ ਨੇ ਨਿਗੂਣੀ ਜਿਹੀ ਰਾਸ਼ੀ ਖਾਤਿਆਂ 'ਚ ਟਰਾਂਸਫਰ ਕਰ ਦਿੱਤੀ ਹੈ, ਜੋ ਬਕਾਇਆ ਰਾਸ਼ੀ ਤੋਂ ਵੀ ਕਾਫੀ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਅਨ ਆਪਣੇ ਸਕੂਲ 'ਚ ਉਦੋਂ ਤੱਕ ਖਾਣਾ ਬੰਦ ਰੱਖੇਗੀ, ਜਦੋਂ ਤੱਕ ਪੂਰੀ ਬਕਾਇਆ ਰਾਸ਼ੀ ਅਤੇ ਪੇਸ਼ਗੀ ਰਾਸ਼ੀ ਪ੍ਰਾਪਤ ਨਹੀਂ ਹੋ ਜਾਂਦੀ।
ਸੈਂਟਰ ਹੈੱਡ ਟੀਚਰ ਤੇ ਯੂਨੀਅਨ ਦੇ ਆਗੂ ਸੁਰਿੰਦਰਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਟੀਚਰਾਂ ਦੀ ਮਿਡ-ਡੇ-ਮੀਲ ਬਕਾਇਆ ਰਾਸ਼ੀ ਤਾਂ ਪੂਰੀ ਜਾਰੀ ਕਰ ਨਹੀਂ ਰਿਹਾ, ਸਗੋਂ ਟੀਚਰਾਂ ਨੂੰ ਮਿਡ-ਡੇ-ਮੀਲ ਚਾਲੂ ਰੱਖਣ ਲਈ ਦਬਾਅ ਪਾ ਰਿਹਾ ਹੈ, ਜਿਸ ਨੂੰ ਹਰਗਿਜ਼ ਸਹਿਣ ਨਹੀਂ ਕਰਾਂਗੇ।
ਯੂਨੀਅਨ ਆਗੂ ਰਵੀ ਵਾਹੀ, ਅਮਿੰਦਰ ਸਿੰਘ ਥਿੰਦ, ਸੁਰਜੀਤ ਸਿੰਘ, ਗੁਰਦੀਪ ਸਿੰਘ ਵਾਲੀਆ, ਗੁਰਮੇਜ ਸਿੰਘ, ਗੁਰਦੇਵ ਸਿੰਘ, ਕੁਲਦੀਪ ਠਾਕੁਰ, ਰਾਜ ਕੁਮਾਰ, ਪ੍ਰਦੀਪ ਸਿੰਘ, ਸਤਪਾਲ ਸਿੰਘ, ਮਨਪ੍ਰੀਤ ਸਿੰਘ, ਅਜੇ ਕੁਮਾਰ ਗੁਪਤਾ, ਰਜਿੰਦਰ ਸਿੰਘ, ਅਸ਼ਵਨੀ ਕੁਮਾਰ, ਨਵਜੀਤ ਜੌਲੀ ਆਦਿ ਨੇ ਕਿਹਾ ਕਿ ਉਹ ਸਤੰਬਰ 2017 ਮਹੀਨੇ 'ਚ ਡੀ. ਈ. ਓ. ਕਪੂਰਥਲਾ ਨੂੰ ਮਿਲ ਕੇ ਮਿਡ-ਡੇ-ਮੀਲ ਦੇ ਪੈਸੇ ਜਾਰੀ ਕਰਨ ਲਈ ਅਪੀਲ ਕਰ ਚੁੱਕੇ ਹਨ ਤੇ ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇ ਜਲਦ ਪੈਸੇ ਜਾਰੀ ਨਹੀਂ ਹੁੰਦੇ ਤਾਂ ਉਹ ਸਕੂਲਾਂ 'ਚ ਮਿਡ-ਡੇ ਮੀਲ ਬੰਦ ਕਰਨ ਲਈ ਮਜਬੂਰ ਹੋਣਗੇ ਪਰ ਸਥਿਤੀ ਜਿਉਂ ਦੀ ਤਿਉਂ ਰਹੀ ਤੇ ਹੁਣ ਮਿਡ-ਡੇ ਮੀਲ ਬੰਦ ਕਰਨਾ ਸਾਡੀ ਮਜਬੂਰੀ ਹੈ।


Related News