ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਨਿੱਜੀ ਕਰਮਚਾਰੀ ਦੀ ਮੌਤ

Wednesday, Jul 10, 2019 - 04:33 PM (IST)

ਭੋਗਪੁਰ (ਸੂਰੀ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਡਵੀਜ਼ਨ ਭੋਗਪੁਰ ਹੇਠ ਪੈਂਦੇ ਪਿੰਡ ਲੁਹਾਰਾਂ (ਮਾਣਕਰਾਏ) ਨੇੜੇ ਦੇਰ ਸ਼ਾਮ ਵਿਭਾਗ ਵਲੋਂ ਠੇਕੇ 'ਤੇ ਰੱਖੇ ਗਏ ਇਕ ਕਰਮਚਾਰੀ ਦੀ ਵਿਭਾਗ ਦੀ ਗਲਤੀ ਕਾਰਨ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪੀ. ਐੱਸ. ਪੀ. ਸੀ. ਐੱਲ. ਡਵੀਜ਼ਨ ਭੋਗਪੁਰ ਦੀ ਸਬ-ਡਵੀਜ਼ਨ ਨੰਬਰ 2 ਹੇਠ ਪੈਂਦੇ ਨੰਗਲ ਸਲਾਲ ਸਬ-ਸਟੇਸ਼ਨ ਦੇ ਪਿੰਡ ਲੁਹਾਰਾਂ ਦੇ ਇਲਾਕੇ 'ਚ ਬਿਜਲੀ ਬੰਦ ਹੋਣ ਕਾਰਨ ਵਿਭਾਗ ਦੇ ਜੇ. ਈ. ਵਿਸ਼ਨੂੰ ਨੇ ਸ਼ਰਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਜੋ ਕਿ ਵਿਭਾਗ 'ਚ ਨਿੱਜੀ ਕਰਮਚਾਰੀ ਦੇ ਤੌਰ 'ਤੇ ਕੰਮ ਕਰਦਾ ਸੀ, ਨੂੰ ਲੁਹਾਰਾਂ ਮਾਣਕਰਾਏ ਪਿੰਡ ਨੇੜਲੇ ਚੌਅ ਦੇ ਬੰਨ੍ਹ 'ਤੇ ਇਕ ਟਰਾਂਸਫਾਰਮਰ 'ਤੇ ਬਿਜਲੀ ਲਾਈਨ ਰਿਪੇਅਰ ਕਰਨ ਲਈ ਭੇਜਿਆ ਸੀ। ਸ਼ਰਨਜੀਤ ਸਿੰਘ ਅਤੇ ਸ਼ਸ਼ੀ ਨਾਮਕ ਨੌਜਵਾਨ ਸਬੰਧਤ ਥਾਂ 'ਤੇ ਪੁੱਜੇ ਅਤੇ ਵਿਭਾਗ ਦੇ ਜੇ. ਈ. ਵਿਸ਼ਨੂੰ ਨੂੰ ਲਾਈਨ ਬੰਦ ਕਰਨ ਲਈ ਕਿਹਾ। ਜੇ. ਈ. ਵਿਸ਼ਨੂੰ ਨੇ ਕਿਹਾ ਕਿ ਲਾਈਨ ਬੰਦ ਕਰ ਦਿੱਤੀ ਗਈ ਹੈ। ਸ਼ਰਨਜੀਤ ਨੇ ਦੁਬਾਰਾ ਫਿਰ 'ਤੇ ਫੋਨ ਕਰ ਕੇ ਲਾਈਨ ਬੰਦ ਹੋਣ ਦੀ ਪੁਸ਼ਟੀ ਕੀਤੀ। ਸ਼ਰਨਜੀਤ ਸਿੰਘ ਜਿਵੇਂ ਹੀ ਇਸ ਟਰਾਂਸਫਾਰਮਰ 'ਤੇ ਰਿਪੇਅਰ ਲਈ ਚੜ੍ਹਿਆ ਤਾਂ ਬਿਜਲੀ ਸਪਲਾਈ ਚਾਲੂ ਹੋਣ ਕਾਰਨ ਕਰੰਟ ਦੀ ਲਪੇਟ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਖੰਬੇ ਤੋਂ ਹੇਠਾਂ ਖੇਤ 'ਚ ਲੱਗੇ ਝੋਨੇ 'ਚ ਡਿੱਗ ਗਿਆ। ਗੰਭੀਰ ਹਾਲਤ 'ਚ ਸ਼ਰਨਜੀਤ ਨੂੰ ਆਦਮਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਜਦੋਂ ਸ਼ਰਨਜੀਤ ਨੂੰ ਜਲੰਧਰ ਰਾਮਾਮੰਡੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਵਿਭਾਗ ਦੇ ਐੱਸ. ਡੀ. ਓ. ਅਤੇ ਜੇ. ਈ. ਨੇ ਫੋਨ ਕੀਤੇ ਬੰਦ
ਮਾਮਲੇ ਦੀ ਜਾਣਕਾਰੀ ਲਈ ਜਦੋਂ ਵਿਭਾਗ ਦੀ ਡਵੀਜ਼ਨ 2 ਦੇ ਕਾਰਜਕਾਰੀ ਜੇ. ਈ. ਉਂਕਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਹਾਦਸੇ ਦੀ ਤਾਂ ਪੁਸ਼ਟੀ ਕੀਤੀ ਪਰ ਪੂਰੀ ਜਾਣਕਾਰੀ ਲੈਣ ਲਈ ਜੇ. ਈ. ਦਾ ਨੰਬਰ ਦੇ ਦਿੱਤਾ ਪਰ ਜੇ.ਈ. ਨੇ ਆਪਣਾ ਨੰਬਰ ਬੰਦ ਕੀਤਾ ਹੋਇਆ ਸੀ। ਜਦੋਂ ਦੋਬਾਰਾ ਐੱਸ. ਡੀ. ਓ. ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਆਪਣਾ ਮੋਬਾਇਲ ਬੰਦ ਕਰ ਲਿਆ।

ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ : ਐਕਸੀਅਨ
ਇਸ ਮਾਮਲੇ ਦੇ ਸਬੰਧ 'ਚ ਜਦੋਂ ਭੋਗਪੁਰ ਡਵੀਜ਼ਨ ਦੇ ਐਕਸੀਅਨ ਏ. ਕੇ. ਕੈਲੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ, ਜੋ ਵੀ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।


Anuradha

Content Editor

Related News