ਫਗਵਾੜਾ ਦਾ ਸਿਵਲ ਹਸਪਤਾਲ ਮੁੜ ਬਣਿਆ ਜੰਗ ਦਾ ਮੈਦਾਨ, ਬਜ਼ੁਰਗ ਨੂੰ ਘੜੀਸ ਕੇ ਕੀਤੀ ਕੁੱਟਮਾਰ
Monday, Jan 30, 2023 - 02:44 AM (IST)

ਫਗਵਾੜਾ (ਜਲੋਟਾ) : ਫਗਵਾੜਾ ਦਾ ਸਿਵਲ ਹਸਪਤਾਲ ਐਤਵਾਰ ਇਕ ਵਾਰ ਫਿਰ ਜੰਗ ਦਾ ਮੈਦਾਨ ਬਣ ਗਿਆ। ਵਾਪਰੀ ਘਟਨਾ ਤੋਂ ਬਾਅਦ ਹਸਪਤਾਲ ’ਚ ਇਲਾਜ ਲਈ ਆਏ ਮਰੀਜ਼ਾਂ ਅਤੇ ਲੋਕਾਂ ’ਚ ਦਹਿਸ਼ਤ ਫੈਲ ਗਈ ਤੇ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਘਟਨਾ ਦੀ ਪੁਸ਼ਟੀ ਕਰਦਿਆਂ ਸਿਵਲ ਹਸਪਤਾਲ ਫਗਵਾੜਾ ਦੇ ਐੱਸ. ਐੱਮ. ਓ. ਡਾ. ਲਹਿੰਬਰ ਰਾਮ ਨੇ ਦੱਸਿਆ ਕਿ ਇਕ ਧਿਰ ਦੇ ਲੋਕ ਕੁੱਟਮਾਰ ਦੇ ਮਾਮਲੇ ’ਚ ਇਲਾਜ ਲਈ ਹਸਪਤਾਲ ਆਏ ਹੋਏ ਸਨ, ਜਿਥੇ ਦੂਜੀ ਧਿਰ ਦੇ ਕੁਝ ਲੋਕ ਇਕ ਬਜ਼ੁਰਗ ਨੂੰ ਘੜੀਸ ਕੇ ਲੈ ਗਏ ਅਤੇ ਹਸਪਤਾਲ ਦੇ ਵਿਹੜੇ 'ਚ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਸੇਵਾ-ਮੁਕਤ ASI ਦਾ ਕਾਰਾ, ਮਜਬੂਰ ਔਰਤ ਨੂੰ ਕੀਤੀ ਦੋਸਤੀ ਦੀ ਪੇਸ਼ਕਸ਼, ਆਡੀਓ ਆਈ ਸਾਹਮਣੇ
ਉਨ੍ਹਾਂ ਮੰਨਿਆ ਕਿ ਸਿਵਲ ਹਸਪਤਾਲ ਦੇ ਅੰਦਰ ਦੋਵਾਂ ਧਿਰਾਂ ਵਿਚਕਾਰ ਅਜਿਹਾ ਝਗੜਾ ਅਤੇ ਲੜਾਈ ਅਨੈਤਿਕ ਤੇ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਡਾ. ਲਹਿੰਬਰ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੂੰ ਲਿਖਤੀ ਰੂਪ ’ਚ ਦੇ ਦਿੱਤੀ ਹੈ ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ 'ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ
ਦੱਸਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਸਿਵਲ ਹਸਪਤਾਲ ਫਗਵਾੜਾ ਦਾ ਵਿਹੜਾ ਜੰਗ ਦਾ ਮੈਦਾਨ ਬਣਿਆ ਹੋਵੇ। ਇਸ ਤੋਂ ਪਹਿਲਾਂ ਵੀ ਇਸੇ ਹਸਪਤਾਲ ’ਚ ਤਾਇਨਾਤ ਸਰਕਾਰੀ ਡਾਕਟਰਾਂ ਨਾਲ ਲੋਕਾਂ ਵੱਲੋਂ ਹਮਲੇ ਕਰਕੇ ਇਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਕਈ ਮੌਕਿਆਂ ’ਤੇ ਕੁੱਟਮਾਰ ਦੇ ਮਾਮਲੇ ’ਚ ਸ਼ਾਮਲ ਧਿਰਾਂ ਇਕ ਦੂਜੇ 'ਤੇ ਹਮਲੇ ਕਰ ਡਰ ਅਤੇ ਦਹਿਸ਼ਤ ਦਾ ਮਹੌਲ ਬਣਾਉਂਦੇ ਰਹੇ ਹਨ।
ਤ੍ਰਾਸਦੀ ਇਹ ਹੈ ਕਿ ਸ਼ਹਿਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ’ਚ ਅਜਿਹੀਆਂ ਗੈਰ-ਕਾਨੂੰਨੀ ਵਾਰਦਾਤਾਂ ਹੋਣ ਤੋਂ ਬਾਅਦ ਵੀ ਜ਼ਿਲ੍ਹਾ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੱਡੀ ਪਹਿਲ ਨਹੀਂ ਕੀਤੀ ਜਾ ਰਹੀ ਤਾਂ ਜੋ ਇਨ੍ਹਾਂ ’ਤੇ ਸਖਤੀ ਨਾਲ ਰੋਕ ਲਾਈ ਜਾ ਸਕੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਦਾ ਫੁੱਟਿਆ ਗੁੱਸਾ, ਭਾਵੁਕ ਹੁੰਦਿਆਂ ਕਹੀਆਂ ਇਹ ਗੱਲਾਂ
ਦੁੱਖ ਦੀ ਗੱਲ ਇਹ ਹੈ ਕਿ ਸਿਵਲ ਹਸਪਤਾਲ ਵਿੱਚ ਵੱਡੀ ਗਿਣਤੀ 'ਚ ਆਉਣ ਵਾਲੇ ਮਰੀਜ਼ਾਂ ਅਤੇ ਬੀਮਾਰ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਭਾਰੀ ਪ੍ਰੇਸ਼ਾਨੀ ਅਤੇ ਘਬਰਾਹਟ ਤੇ ਡਰ ਦੇ ਦੌਰ 'ਚੋਂ ਲੰਘਣਾ ਪੈਂਦਾ ਹੈ। ਇਹ ਉਨ੍ਹਾਂ ਲਈ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਵਰਗਾ ਹੈ ਅਤੇ ਕਈ ਵਾਰ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਆਪਣੀ ਜਾਨ ਬਚਾਉਣ ਅਤੇ ਲੁਕਣ ਲਈ ਹਸਪਤਾਲ ਵਿੱਚ ਜਗ੍ਹਾ ਲੱਭਣੀ ਪੈਂਦੀ ਹੈ।
ਇਹ ਵੀ ਪੜ੍ਹੋ : ਨਵ-ਨਿਰਮਾਣ ਮੰਦਰ ਦਾ ਡਿੱਗਾ ਲੈਂਟਰ, ਅੱਧੀ ਦਰਜਨ ਦੇ ਕਰੀਬ ਮਜ਼ਦੂਰ ਜ਼ਖਮੀ
ਗੰਭੀਰ ਪਹਿਲੂ ਇਹ ਹੈ ਕਿ ਇਸ ਸਭ ਦੇ ਬਾਵਜੂਦ ਹਰ ਘਟਨਾ ਵਾਪਰਨ ਤੋਂ ਬਾਅਦ ਅਜਿਹੀ ਘਟਨਾ ਨੂੰ ਰੋਕਣ ਦੇ ਹਜ਼ਾਰਾਂ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ 'ਚ ਸਖ਼ਤ ਕਾਨੂੰਨੀ ਕਾਰਵਾਈ ਹੁੰਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਤੇ ਹੋ ਸਕਦਾ ਹੈ ਕਿ ਇਸ ਵਾਰ ਵੀ ਅਜਿਹਾ ਹੀ ਹੋਵੇ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਫਗਵਾੜਾ ਪੁਲਸ ਦੇ ਅਧਿਕਾਰੀ ਸਿਵਲ ਹਸਪਤਾਲ ਦੇ ਵਿਹੜੇ ’ਚ ਤਾਇਨਾਤ ਰਹਿੰਦੇ ਹਨ ਪਰ ਇਹ ਅਧਿਕਾਰੀ ਕਿੰਨੀ ਫੁਰਤੀ ਨਾਲ ਆਪਣੀ ਡਿਊਟੀ ਕਰ ਰਹੇ ਹਨ, ਇਸ ਦਾ ਸੱਚ ਅੱਜ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।