''ਈਦ'' ਦਾ ਪਵਿੱਤਰ ਤਿਉਹਾਰ ਸਾਂਝੇ ਤੌਰ ''ਤੇ ਮਨਾਉਣ ਦੀ ਅਪੀਲ
Saturday, Aug 01, 2020 - 02:19 PM (IST)
ਮਾਲੇਰਕੋਟਲਾ (ਜ਼ਹੂਰ) : ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਮੁਬਾਰਕਬਾਦ ਦਿੰਦੇ ਹੋਏ ਮਾਰਕਿਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਮੁਹੰਮਦ ਇਕਬਾਲ ਲਾਲਾ ਨੇ ਕਿਹਾ ਕਿ ਸੰਸਾਰ ਦੇ ਪਾਲਣਹਾਰ ਦੀ ਆਪਣੇ ਨਬੀ ਹਜ਼ਰਤ ਇਬਰਾਹੀਮ-ਅਲੈ-ਇਸਲਾਮ ਤੋਂ ਇਹ ਮੰਗ ਸੀ ਕਿ ਜੇਕਰ ਸੱਚੀ ਮੁਹੱਬਤ ਕਰਦੇ ਹੋ ਤਾਂ ਆਪਣੀ ਸਭ ਤੋਂ ਪਿਆਰੀ ਚੀਜ਼ ਮੇਰੇ ਰਾਹ 'ਚ ਕੁਰਬਾਨ ਕਰੋ। ਹਜ਼ਰਤ ਇਬਰਾਹੀਮ-ਅਲੈ-ਇਸਲਾਮ ਆਪਣੇ ਇਕਲੌਤੇ ਪੁੱਤਰ ਨੂੰ ਰੱਬ ਦੀ ਰਾਹ 'ਚ ਕੁਰਬਾਨ ਕਰਨ ਲਈ ਤਿਆਰ ਹੋ ਗਏ। ਇਸ ਤਰ੍ਹਾਂ ਉਹ ਇਸ ਪ੍ਰੀਖਿਆ 'ਚ ਸਫਲ ਰਹੇ ਅਤੇ ਪਿਓ-ਪੁੱਤਰ ਦੋਵੇਂ ਇਸ ਇਮਤਿਹਾਨ 'ਚ ਖਰੇ ਉਤਰੇ। ਆਓ, ਈਦ-ਉਲ-ਅਜਹਾ ਭਾਵ ਕੁਰਬਾਨੀਆਂ ਦੀ ਅਸੀਂ ਪ੍ਰਣ ਕਰੀਏ ਕਿ ਅਸੀਂ ਵੀ ਇਸ ਪ੍ਰਕਾਰ ਆਗਿਆਕਾਰੀ ਅਤੇ ਵਫ਼ਾਦਾਰੀ ਦਾ ਸਬੂਤ ਦੇਵਾਂਗੇ। ਬੱਕਰਾ ਈਦ ਦੀ ਅਸਲ ਮੁਬਾਰਕਬਾਦ ਇਹੀ ਹੈ। ਪੰਜਾਬ ਵਕਫ ਬੋਰਡ ਦੇ ਮੈਂਬਰ ਅਬਦੁਲ ਸੱਤਾਰ ਲਿਬੜਾ ਖੰਨਾ ਨੇ ਕਿਹਾ ਈਦ-ਉਲ-ਅਜਹਾ ਵਾਸਤਵ ਵਿੱਚ ਇਸ ਸੱਚ ਦਾ ਪ੍ਰਤੀਕ ਹੈ ਕਿ ਰੱਬ ਦੇ ਨਾਲ ਅੱਥਾ ਪ੍ਰੇਮ ਕਰਨ ਵਾਲਾ ਵਿਅਕਤੀ ਖਿੜੇ ਮੱਥੇ ਅਪਣੇ ਪਾਲਣਹਾਰ ਦੀ ਇੱਛਾ ਅਤੇ ਆਪਣੀ ਸੱਭ ਤੋਂ ਪਿਆਰੀ ਵਸਤੂ ਨੂੰ ਵੀ ਰੱਬ ਦੇ ਰਾਹ 'ਤੇ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਆਪਣੇ ਅੰਦਰ ਪ੍ਰਹੇਜਗਾਰੀ ਦੇ ਗੁਣ ਪੈਦਾ ਕਰਕੇ ਇਸ ਪਵਿੱਤਰ ਦਿਨ ਦੀਆਂ ਨੇਮਤਾਂ ਨਾਲ ਆਪਣੇ-ਆਪ ਨੂੰ ਮਾਲਾ-ਮਾਲ ਕਰ ਸਕਦਾ ਹੈ।
ਇਹ ਵੀ ਪੜ੍ਹੋ : ਭਾਈਚਾਰਕ ਸਾਂਝ ਦਾ ਤਿਉਹਾਰ ਹੈ 'ਈਦ', ਜਾਣੋ ਕੁਝ ਖਾਸ ਗੱਲਾਂ
ਸੇਵਾ ਮੁਕਤ ਤਹਿਸੀਲਦਾਰ ਅਤੇ ਸਮਾਜ ਸੇਵੀ ਸਿਰਾਜ ਅਹਿਮਦ ਨੇ ਕਿਹਾ ਕਿ ਈਦ-ਉਲ-ਅਜਹਾ ਦਾ ਤਿਉਹਾਰ ਹਜ਼ਰਤ ਇਬਰਾਹੀਮ-ਅਲੈ-ਇਸਲਾਮ ਅਤੇ ਹਜ਼ਰਤ ਇਸਮਾਇਲ-ਅਲੈ-ਇਸਲਾਮ ਦੇ ਦ੍ਰਿੜ੍ਹ ਨਿਸ਼ਚੇ ਅਤੇ ਇਸ ਦੁਨੀਆ ਦੇ ਸਿਰਜਣਾ ਨਾਲ ਸੱਚੀ ਮੁਹੱਬਤ ਕਰਦਾ ਹੈ। ਰੱਬੀ ਆਦਸ਼ਾਂ ਦੀ ਪੂਰਤੀ ਦੀ ਜੋ ਉਦਹਾਰਣ ਰੱਬ ਦੇ ਇਨ੍ਹਾਂ ਸਤਿਕਾਰਯੋਗ ਨਬੀਆਂ ਨੇ ਕੀਤੀ, ਉਹ ਅੱਜ ਵੀ ਸਾਡੇ ਲਈ ਚਾਨਣ-ਮੁਨਾਰੇ ਦਾ ਕੰਮ ਕਰਦੀ ਹੈ। ਰੋਟਰੀ ਕਲੱਬ ਮਾਲੇਰਕੋਟਲਾ ਦੇ ਜਨਰਲ ਸਕੱਤਰ ਤੇ ਉੱਘੇ ਉਦਯੋਗਪਤੀ ਮੁਹੰਮਦ ਇਕਬਾਲ ਐਡਵੋਕੇਟ ਨੇ ਕਿਹਾ ਕਿ ਈਦ ਦਾ ਸੁਨੇਹਾ ਰੱਬ ਦੇ ਆਦੇਸ਼ਾਂ ਦੀ ਪਾਲਣਾ 'ਚ ਛੁਪਿਆ ਹੋਇਆ ਹੈ, ਰੱਬ ਦੇ ਨੇਕ ਬੰਦੇ ਕਿਸੇ ਵੀ ਪਲ ਰੱਬ ਦੇ ਆਦੇਸ਼ਾ ਨੂੰ ਭੁਲਾਉਦੇ ਨਹੀਂ। ਉਨ੍ਹਾਂ ਕਿਹਾ ਕਿ ਇਸ ਦਿਹਾੜੇ 'ਤੇ ਅਸੀਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਖੁਸ਼ਹਾਲੀ ਦੀ ਦੁਆ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਈਦ-ਉਲ-ਅਜਹਾ (ਬੱਕਰਾ ਈਦ) ਦਾ ਤਿਉਹਾਰ ਵੀ ਆਪਣੇ ਖਾਲਿਕ ਅਤੇ ਮਾਲਿਕ ਪ੍ਰਤੀ ਸੰਪੂਰਨ ਵਫਾਦਾਰੀ, ਆਗਿਆਕਾਰੀ ਅਤੇ ਬਲੀਦਾਨ ਦੀ ਸਿੱਖਿਆ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਤਰੱਕੀ ਅਤੇ ਖੁਸ਼ਹਾਲੀ ਲਿਆਉਣ ਲਈ ਸ਼ਾਂਤੀ ਅਤੇ ਭਾਈਚਾਰੇ ਦਾ ਵਾਤਾਵਰਨ ਪੈਦਾ ਕਰਨਾ ਅਤਿ ਜ਼ਰੂਰੀ ਹੈ।
ਇਹ ਵੀ ਪੜ੍ਹੋ : ਗੋਲੀਆਂ ਮਾਰ ਕੇ ਨੌਜਵਾਨ ਦੀ ਕੀਤੀ ਹੱਤਿਆ
ਪ੍ਰਬੰਧਕ ਕਮੇਟੀ ਵੱਡੀ ਈਦਗਾਹ ਦੇ ਜਨਰਲ ਸਕੱਤਰ ਮੁਹੰਮਦ ਨਜ਼ੀਰ (ਵਸੀਕਾ ਨਵੀਸ) ਨੇ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਮੁਬਾਰਕਬਾਦ ਪੇਸ਼ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ 'ਚ ਸਾਰੇ ਧਰਮਾਂ ਦੇ ਤਿਉਹਾਰਾਂ ਨੂੰ ਮਿਲ ਜੁਲਕੇ ਮਨਾਉਣ ਦੀ ਪੁਰਾਣੀ ਰਵਾਇਤ ਹੈ ਅਤੇ ਈਦ-ਉਲ-ਅਜ਼ਹਾ ਦਾ ਪਵਿੱਤਰ ਤਿਉਹਾਰ ਵੀ ਸਾਂਝੇ ਤੌਰ ਤੇ ਮਨਾਉਣ ਦੀ ਅਪੀਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਈਦ ਦਾ ਤਿਉਹਾਰ ਸਾਨੂੰ ਅੱਲ੍ਹਾ ਦੇ ਨਵੀ ਹਜ਼ਰਤ ਇਬਰਾਹੀਮ (ਅਲੈ.ਇਸ.) ਅਤੇ ਉਨ੍ਹਾਂ ਦੇ ਪੁੱਤਰ ਹਜ਼ਰਤ ਇਸਮਾਇਲ (ਅਲੈ.ਇਸ.) ਦੀ ਮਹਾਨ ਕੁਰਬਾਨੀ ਦੀ ਯਾਦ ਦਿਲਾਉਂਦਾ ਹੈ। ਸਾਡੇ ਸਭ ਦਾ ਫਰਜ਼ ਹੈ ਕਿ ਉਸੇ ਜਜ਼ਬੇ ਨੂੰ ਅਪਣੇ ਦਿਲਾਂ 'ਚ ਪੈਦਾ ਕਰੀਏ। ਮਾਲੇਰਕੋਟਲਾ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਪ੍ਰਸਿੱਧ ਸਮਾਜ ਸੇਵੀ ਚੋਧਰੀ ਮੁਹੰਮਦ ਸ਼ਕੀਲ ਨੇ ਈਦ-ਉਲ-ਅਜਹਾ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਵੱਖ-ਵੱਖ ਤਿਉਹਾਰ ਇੱਕ ਦੂਜੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ 'ਚ ਸਹਾਇਕ ਹੁੰਦੇ ਹਨ। ਈਦ-ਉਲ-ਅਜਹਾ (ਬੱਕਰਾ ਈਦ) ਦਾ ਤਿਉਹਾਰ ਵੀ ਇਸ ਮੰਤਵ ਦੀ ਪ੍ਰਾਪਤੀ 'ਚ ਸਹਾਇ ਸਿੱਧ ਹੋਵੇ।