ਇਕ ਸਾਲ ਦੌਰਾਨ ਸਿੱਖਿਆ ਖੇਤਰ ''ਚ ਚੁੱਕੇ ਗਏ ਕ੍ਰਾਂਤੀਕਾਰੀ ਕਦਮ : ਅਰੁਣਾ ਚੌਧਰੀ

Wednesday, Mar 14, 2018 - 07:23 AM (IST)

ਇਕ ਸਾਲ ਦੌਰਾਨ ਸਿੱਖਿਆ ਖੇਤਰ ''ਚ ਚੁੱਕੇ ਗਏ ਕ੍ਰਾਂਤੀਕਾਰੀ ਕਦਮ  : ਅਰੁਣਾ ਚੌਧਰੀ

ਜਲੰਧਰ (ਧਵਨ)  - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਪਹਿਲ ਦੇਣ ਬਾਰੇ ਆਪਣੀ ਸਹਿਮਤੀ ਦਿੱਤੀ ਹੈ ਤਾਂ ਜੋ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਇਆ ਜਾ ਸਕੇ। ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਸਿੱਖਿਆ ਖੇਤਰ ਵਿਚ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ, ਜਿਸਦੇ ਨਤੀਜੇ ਅਗਲੇ ਕੁਝ ਸਾਲਾਂ ਵਿਚ ਦੇਖਣ ਨੂੰ ਮਿਲਣਗੇ। ਉਨ੍ਹਾਂ ਅੱਜ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 14 ਨਵੰਬਰ 2017 ਨੂੰ ਸਭ ਤੋਂ ਮਹੱਤਵਪੂਰਨ ਕਦਮ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰ ਕੇ ਉਠਾਇਆ ਗਿਆ।   ਇਸਦੇ ਤਹਿਤ 3 ਤੋਂ 6 ਸਾਲ ਉਮਰ ਵਰਗ ਦੇ 1.60 ਲੱਖ ਵਿਦਿਆਰਥੀਆਂ ਨੂੰ ਪ੍ਰੀ-ਪ੍ਰਾਇਮਰੀ ਸੈਸ਼ਨਾਂ ਵਿਚ ਭਰਤੀ ਕੀਤਾ ਗਿਆ। ਸੇਵਾ ਨਿਯਮਾਂ ਵਿਚ ਸੋਧ ਰਾਹੀਂ ਸਰਹੱਦੀ  ਜ਼ਿਲਿਆਂ ਦੇ ਸਿੱਖਿਆ  ਪ੍ਰਸ਼ਾਸਕਾਂ ਅਤੇ ਅਧਿਆਪਕਾਂ ਦਾ ਵੱਖਰਾ ਕਾਰਡਰ ਬਣਾਇਆ ਗਿਆ, ਜਿਸ ਨੂੰ ਮੰਤਰੀ ਮੰਡਲ ਨੇ ਆਪਣੀ ਮਨਜ਼ੂਰੀ ਦਿੱਤੀ।
ਅਰੁਣਾ ਚੌਧਰੀ ਨੇ ਕਿਹਾ ਕਿ ਸਰਹੱਦੀ ਜ਼ਿਲਿਆਂ ਵਿਚ ਜ਼ਿਲਾ ਸਿੱਖਿਆ ਅਧਿਕਾਰੀਆਂ (ਈ. ਈ.) ਦੇ 6 ਹੋਰ ਜ਼ਿਲਾ ਸਿੱਖਿਆ ਅਧਿਕਾਰੀਆਂ (ਐੱਸ.ਸੀ.) ਦੇ 6 ਅਹੁਦੇ ਬਣਾਏ ਗਏ। ਸਰਹੱਦੀ ਖੇਤਰ ਦੇ ਅਧਿਆਪਕ ਆਪਣੇ ਜ਼ਿਲਿਆਂ 'ਚ ਤਰੱਕੀਆਂ ਪ੍ਰਾਪਤ ਕਰਨ ਵਿਚ ਸਮਰੱਥ ਹੋਣਗੇ।
ਅਰੁਣਾ ਚੌਧਰੀ ਨੇ ਕਿਹਾ ਕਿ ਤਰੱਕੀਆਂ ਵਿਚ ਸਥਿਰਤਾ ਨੂੰ ਤੋੜਦਿਆਂ ਪ੍ਰਿੰਸੀਪਲ ਕਾਰਡਰ ਨੂੰ 8 ਅਧਿਆਪਕਾਂ ਨੂੰ ਡਿਪਟੀ ਡਾਇਰੈਕਟਰ, 551 ਤਰੱਕੀਆਂ ਮਾਸਟਰ ਕੇਡਰ ਤੋਂ ਹੈੱਡ ਮਾਸਟਰ ਕੇਡਰ ਵਿਚ ਅਤੇ ਜੇ. ਬੀ. ਟੀ./ਈ. ਟੀ. ਟੀ. ਦੇ 725 ਤਰੱਕੀਆਂ ਮਾਸਟਰ ਕੇਡਰ ਵਿਚ ਦਿੱਤੀਆਂ ਗਈਆਂ ਹਨ। ਫਤਿਹਗੜ੍ਹ ਸਾਹਿਬ ਤੇ ਮੋਹਾਲੀ ਵਿਚ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਮੋਬਾਈਲ ਆਧਾਰਿਤ ਹਾਜ਼ਰੀ ਲਈ ਘੱਟ ਕੀਮਤ ਵਾਲੀ ਬਾਇਓਮੀਟ੍ਰਿਕ ਪ੍ਰਣਾਲੀ ਆਰੰਭ ਕੀਤੀ ਗਈ। ਸਾਰੇ ਜ਼ਿਲਿਆਂ ਦੇ ਸਰਕਾਰੀ ਸਕੂਲਾਂ ਵਿਚ ਬਾਇਓ ਮੀਟ੍ਰਿਕ ਆਧਾਰਿਤ ਪ੍ਰਣਾਲੀ ਆਰੰਭ ਕਰਨ ਦਾ ਪ੍ਰਸਤਾਵ ਹੈ, ਜਿਸ ਨੂੰ ਵਿੱਤ ਵਿਭਾਗ ਨੂੰ ਵਿਚਾਰ ਲਈ ਸੌਂਪ ਦਿੱਤਾ ਗਿਆ ਹੈ। ਸਿੱਖਿਆ ਵਿਚ ਗੁਣਾਤਮਕ ਸੁਧਾਰ ਲਈ ਸਕੂਲ ਗ੍ਰੇਡਿੰਗ ਅਤੇ ਬਿਹਤਰੀਨ ਸਕੂਲ ਐਵਾਰਡ ਸ਼ੁਰੂ ਕੀਤੇ ਗਏ। ਪ੍ਰਾਇਮਰੀ ਸਕੂਲ ਨੂੰ 2 ਲੱਖ ਰੁਪਏ, ਮਿਡਲ ਨੂੰ 5 ਲੱਖ ਰੁਪਏ, ਹਾਈ ਸਕੂਲ ਨੂੰ ਸਾਢੇ 7 ਲੱਖ ਰੁਪਏ, ਸੀਨੀਅਰ ਸੈਕੰਡਰੀ ਸਕੂਲ ਨੂੰ 10 ਲੱਖ ਰੁਪਏ ਦੇ ਇਨਾਮ ਸਿੱਖਿਆ ਸੈਸ਼ਨ ਪੂਰਾ ਹੋਣ 'ਤੇ ਦਿੱਤੇ ਜਾਣਗੇ।
ਅਰੁਣਾ ਚੌਧਰੀ ਨੇ ਕਿਹਾ ਕਿ ਮੰਤਰੀ ਮੰਡਲ ਦੀ ਪਿਛਲੀ ਬੈਠਕ ਵਿਚ ਆਨਲਾਈਨ ਤਬਾਦਲਿਆਂ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਨੇ ਅਧਿਆਪਕਾਂ ਨੂੰ 15 ਦਿਨਾਂ ਲਈ ਜ਼ਰੂਰੀ ਮੈਡੀਕਲ ਛੁੱਟੀ ਤੋਂ ਛੋਟ ਦੇ ਦਿੱਤੀ ਹੈ। 5 ਸਾਲਾਂ ਤੋਂ ਵੱਧ ਸਮੇਂ ਤੋਂ ਲਟਕ ਰਹੇ ਏ. ਸੀ. ਪੀ., ਪ੍ਰੋਫੈਸ਼ਨਲ ਤੇ ਕਨਫਰਮੇਸ਼ਨ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਦੀ ਸ਼ਕਤੀਆਂ ਸਬੰਧਤ ਸਕੂਲ ਪ੍ਰਿੰਸੀਪਲਾਂ ਤੇ ਮੁਖੀਆਂ ਨੂੰ ਦਿੱਤੀਆਂ ਗਈਆਂ ਹਨ।
ਉੱਤਰ ਕਾਪੀਆਂ ਦੇ ਦੁਬਾਰਾ ਮੁਲਾਂਕਣ ਦੀ ਪ੍ਰਣਾਲੀ ਆਰੰਭ
ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਸੁਧਾਰਾਂ ਦੀ ਪ੍ਰਕਿਰਿਆ ਆਰੰਭ ਕੀਤੀ ਹੈ ਤੇ ਬੋਰਡ ਨੇ ਪਹਿਲੀ ਵਾਰ ਉੱਤਰ ਕਾਪੀਆਂ ਦੀ ਮੁੜ ਮੁਲਾਂਕਣ ਦੀ ਪ੍ਰਣਾਲੀ ਆਰੰਭ ਕੀਤੀ ਹੈ, ਜਿਸ ਦੇ ਤਹਿਤ ਬੋਰਡ ਇਕ ਅਪ੍ਰੈਲ 2018 ਤੋਂ ਆਨਲਾਈਨ ਅਰਜ਼ੀਆਂ ਲਵੇਗਾ। ਉਨ੍ਹਾਂ ਕਿਹਾ ਕਿ ਬੋਰਡ ਦੀ ਕਾਰਜ ਪ੍ਰਣਾਲੀ ਦਾ ਕੰਪਿਊਟਰੀਕਰਨ ਹੋ ਰਿਹਾ ਹੈ। 780 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਵੋਕੇਸ਼ਨਲ ਸਿੱਖਿਆ ਅਤੇ ਕੌਸ਼ਲ ਵਿਕਾਸ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਿੱਖਿਆ ਵਿਭਾਗ ਨੇ ਆਨਲਾਈਨ ਪ੍ਰਣਾਲੀ ਕਾਇਮ ਕੀਤੀ ਹੈ, ਜਿਸ ਨੂੰ ਵਿਭਾਗ ਦੀ ਵੈੱਬਸਾਈਟ ਨਾਲ ਜੋੜਿਆ ਗਿਆ ਹੈ। ਸਰਕਾਰੀ ਸਕੂਲਾਂ ਦੇ 99 ਫੀਸਦੀ ਵਿਦਿਆਰਥੀਆਂ ਦੇ ਆਧਾਰ ਕਾਰਡ ਨੰਬਰ ਆਨਲਾਈਨ ਅਪਲੋਡ ਕੀਤੇ ਗਏ ਹਨ।


Related News