ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਕੋਰੋਨਾ ਦੇ ਖ਼ਾਤਮੇ ਤੱਕ ਪੰਜਾਬ ''ਚ ਨਹੀਂ ਖੁੱਲ੍ਹਣਗੇ ਸਕੂਲ

07/26/2020 6:34:12 PM

ਨਾਭਾ (ਜੈਨ) : ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਰੋਨਾ ਮਹਾਮਾਰੀ ਦਾ ਖਾਤਮਾ ਨਹੀਂ ਹੁੰਦਾ, ਉਦੋਂ ਤੱਕ ਪੰਜਾਬ 'ਚ ਸਕੂਲ ਨਹੀਂ ਖੁੱਲ੍ਹਣਗੇ। ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਇਸ ਕਰਕੇ ਅਸੀਂ ਇਨ੍ਹਾਂ ਦਾ ਜੀਵਨ ਖ਼ਤਰੇ 'ਚ ਨਹੀਂ ਪਾ ਸਕਦੇ। ਕੋਰੋਨਾ ਮਹਾਮਾਰੀ ਹੈ, ਇਸ ਲਈ ਜਦੋਂ ਤੱਕ ਇਸ ਵਾਇਰਸ ਦਾ ਖਾਤਮਾ ਨਹੀਂ ਹੁੰਦਾ, ਉਦੋਂ ਤੱਕ ਅਸੀਂ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਸਿੰਗਲਾ ਨੇ ਕਿਹਾ ਕਿ ਸਾਨੂੰ ਬੱਚਿਆਂ ਦੀ ਸਿੱਖਿਆ ਦੇ ਨਾਲ-ਨਾਲ ਸਿਹਤ ਦੀ ਵੀ ਚਿੰਤਾ ਹੈ। ਸਾਡੀ ਸਰਕਾਰ ਕੋਰੋਨਾ ਨੂੰ ਹਰਾ ਕੇ ਜਿੱਤ ਦਰਜ ਕਰੇਗੀ ਅਤੇ ਜਦੋਂ ਪੰਜਾਬ ਵਿਚ ਪੂਰੀ ਤਰ੍ਹਾਂ ਇਸ ਮਾਰੂ ਵਾਇਰਸ ਦਾ ਅਸਰ ਖ਼ਤਮ ਹੋ ਜਾਵੇਗਾ ਤਾਂ ਸਕੂਲ ਖੁੱਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਲੋਕਾਂ ਨੂੰ ਚਿਤਾਵਨੀ, ਕੋਵਿਡ-19 ਦੇ ਨਾਂ 'ਤੇ ਜੇ ਆਵੇ ਇਹ ਮੈਸੇਜ ਤਾਂ ਹੋ ਜਾਓ ਸਾਵਧਾਨ

ਇਸ ਸਾਲ ਫ਼ੀਸ ਨਹੀਂ ਲੈਣਗੇ ਸਰਕਾਰੀ ਸਕੂਲ
ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਆਫ਼ਤ ਦੇ ਚੱਲਦਿਆਂ ਸੂਬੇ ਅੰਦਰ ਸਰਕਾਰੀ ਸਕੂਲ ਵਿੱਦਿਅਕ ਸੈਸ਼ਨ 2020-21 ਲਈ ਵਿਦਿਆਰਥੀਆਂ ਕੋਲੋਂ ਕੋਈ ਵੀ ਦਾਖ਼ਲਾ ਫ਼ੀਸ, ਮੁੜ ਦਾਖ਼ਲਾ ਅਤੇ ਟਿਊਸ਼ਨ ਫ਼ੀਸ ਨਹੀਂ ਲੈਣਗੇ ਮਤਲਬ ਕਿ ਸਰਕਾਰੀ ਸਕੂਲਾਂ 'ਚ ਇਸ ਵਾਰ ਕੋਈ ਵੀ ਫ਼ੀਸ ਨਹੀਂ ਲੱਗੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਨਿੱਜੀ ਸਕੂਲਾਂ ਦੇ ਫ਼ੀਸ ਲੈਣ ਦਾ ਸਬੰਧ ਹੈ, ਸੂਬਾ ਸਰਕਾਰ ਪਹਿਲਾਂ ਹੀ ਅਦਾਲਤ 'ਚ ਜਾ ਚੁੱਕੀ ਹੈ ਪਰ ਸਰਕਾਰੀ ਸਕੂਲਾਂ ਵੱਲੋਂ ਪੂਰੇ ਸਾਲ ਲਈ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ।

ਇਹ ਵੀ ਪੜ੍ਹੋ : ...ਜਦੋਂ 'ਜਗ ਬਾਣੀ' ਦਾ ਕੈਮਰਾ ਦੇਖ ਬਿਨਾਂ ਮਾਸਕ ਦੇ ਬੈਠੇ ਪੁਲਸ ਮੁਲਾਜ਼ਮਾਂ ਨੂੰ ਪਈਆਂ ਭਾਜੜਾਂ


Gurminder Singh

Content Editor

Related News