ਸਰਕਾਰ ਤੇ ਸਿੱਖਿਆ ਵਿਭਾਗ ਨੇ ਮਾਛੀਵਾਡ਼ਾ ਬਲਾਕ ਨੂੰ ਅਣਗੌਲਿਆ

Friday, Jul 20, 2018 - 06:15 AM (IST)

 ਮਾਛੀਵਾਡ਼ਾ ਸਾਹਿਬ,   (ਟੱਕਰ, ਸਚਦੇਵਾ)-  ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ‘ਪਡ਼੍ਹੋ ਪੰਜਾਬ-ਪਡ਼੍ਹਾਓ ਪੰਜਾਬ’ ਮੁਹਿੰਮ ਰਾਹੀਂ ਪ੍ਰਾਇਮਰੀ ਸਕੂਲਾਂ ’ਚ ਬੱਚਿਆਂ ਦਾ ਭਵਿੱਖ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਮਾਛੀਵਾਡ਼ਾ ਬਲਾਕ ਨੂੰ ਵਿਭਾਗ ਤੇ ਸਰਕਾਰ ਨੇ ਇਸ  ਹੱਦ  ਤਕ ਅਣਗੌਲਿਆਂ ਕੀਤਾ ਕਿ ਅੱਜ ਇਨ੍ਹਾਂ ਪੇਂਡੂ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਤੇ ਸਹੂਲਤਾਂ ਦੀ ਘਾਟ ਕਾਰਨ ਸਰਕਾਰੀ ਸਕੂਲ ਵਿਦਿਆਰਥੀਆਂ ਤੋਂ ਸੱਖਣੇ ਹੁੰਦੇ ਜਾ ਰਹੇ ਹਨ ਅਤੇ ਗਰੀਬ ਮਾਪਿਆਂ ਵਲੋਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਉਨ੍ਹਾਂ ਨੂੰ ਸਰਕਾਰੀ ਸਕੂਲਾਂ ’ਚੋਂ ਹਟਾ ਕੇ ਪ੍ਰਾਈਵੇਟ ਸਕੂਲਾਂ ’ਚ ਦਾਖਲ ਕਰਵਾਇਆ ਜਾ ਰਿਹਾ ਹੈ।
ਮਾਛੀਵਾਡ਼ਾ ਬਲਾਕ ’ਚ 88 ਪ੍ਰਾਇਮਰੀ ਸਕੂਲ ਸਨ ਪਰ ਅਧਿਆਪਕਾਂ ਦੀ ਘਾਟ ਕਾਰਨ ਤੇ ਬੱਚਿਆਂ ਦੇ ਸਕੂਲਾਂ ’ਚੋਂ ਹਟਣ ਕਾਰਨ 4 ਪ੍ਰਾਇਮਰੀ ਸਕੂਲਾਂ ਨੂੰ ਤਾਂ ਤਾਲਾ ਹੀ ਲਾ ਦਿੱਤਾ ਗਿਆ। ਇੱਥੇ ਹੀ ਬਸ ਨਹੀਂ, 10 ਅਜਿਹੇ ਹੋਰ ਪ੍ਰਾਇਮਰੀ ਤੇ ਮਿਡਲ ਸਕੂਲ ਹਨ ਜਿਨ੍ਹਾਂ ਵਿਚ ਲਗਾਤਾਰ ਅਧਿਆਪਕਾਂ ਤੇ ਸਹੂਲਤਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਤੇ ਜੇਕਰ ਸਿੱਖਿਆ ਵਿਭਾਗ ਨੇ ਮਾਛੀਵਾਡ਼ਾ ਬੇਟ ਖੇਤਰ ਦੇ ਇਨ੍ਹਾਂ ਗਰੀਬ ਮਾਪਿਆਂ ਦੇ ਬੱਚਿਆਂ ਲਈ ਕੋਈ ਉਪਰਾਲਾ ਨਾ ਕੀਤਾ ਤਾਂ ਇਨ੍ਹਾਂ ਸਕੂਲਾਂ ਨੂੰ ਵੀ ਜਲਦ ਹੀ ਤਾਲੇ ਲੱਗ ਜਾਣਗੇ।
ਮਾਛੀਵਾਡ਼ਾ ਬੇਟ ਖੇਤਰ ਦੇ ਸਰਕਾਰੀ ਪੇਂਡੂ ਸਕੂਲਾਂ  ਨੂੰ ਵਿਦਿਆਰਥੀਆਂ ਦੇ ਲਗਾਤਾਰ ਛੱਡਣ ਦੇ ਜੋ ਅੰਕਡ਼ੇ ਪ੍ਰਾਪਤ ਹੋਏ ਹਨ, ਉਹ ਬਹੁਤ ਹੀ ਹੈਰਾਨੀਜਨਕ ਤੇ ਸਿੱਖਿਆ ਵਿਭਾਗ ਦੀ ਮਾਡ਼ੀ ਕਾਰਗੁਜ਼ਾਰੀ ਵੱਲ ਸੰਕੇਤ ਕਰਦੇ ਹਨ। ਮੰਡ ਗੌਂਸਗਡ਼੍ਹ ਦਾ ਪ੍ਰਾਇਮਰੀ ਸਕੂਲ, ਜਿਸ ਨੂੰ ਕਿ ਸਰਕਾਰ ਨੇ ਅਪਗ੍ਰੇਡ ਕਰ  ਕੇ ਮਿਡਲ ਸਕੂਲ ਦਾ ਦਰਜਾ ਦੇ ਦਿੱਤਾ ਤੇ 28 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਇਮਾਰਤ ਦਾ ਨਿਰਮਾਣ ਵੀ ਕਰਵਾਇਆ  ਹੈ, ’ਚ ਅਧਿਆਪਕ ਭੇਜਣੇ ਸਿੱਖਿਆ ਵਿਭਾਗ ਭੁੱਲ ਹੀ ਗਿਆ। 
ਪਿਛਲੇ ਸਾਲ ਇਸ ਮਿਡਲ ਸਕੂਲ ’ਚ 28 ਵਿਦਿਆਰਥੀ ਸਨ ਪਰ ਜਦੋਂ ਅਧਿਆਪਕ ਨਾ ਆਏ ਤਾਂ ਅੱਜ ਹਾਲਾਤ ਇਹ ਹਨ ਕਿ ਇਸ ਸਕੂਲ ’ਚ ਕੇਵਲ 1 ਹੀ ਵਿਦਿਆਰਥਣ   ਆਉਂਦੀ ਹੈ ਅਤੇ ਇਸ  ਨੂੰ ਪਡ਼੍ਹਾਉਣ ਲਈ ਨੇਡ਼ਲੇ ਪਿੰਡ ਲੁਬਾਣਗਡ਼੍ਹ ਦੇ ਸਰਕਾਰੀ ਸਕੂਲ ’ਚੋਂ ਡੈਪੂਟੇਸ਼ਨ ’ਤੇ ਇਕ ਅਧਿਆਪਕ ਹਰੇਕ ਹਫ਼ਤੇ ਬਦਲ-ਬਦਲ ਕੇ ਭੇਜਿਆ ਜਾ ਰਿਹਾ ਹੈ।
 ®ਇੱਥੇ ਹੀ ਬਸ ਨਹੀਂ, ਪਿੰਡ ਝਡ਼ੌਦੀ ਦਾ ਪ੍ਰਾਇਮਰੀ ਸਕੂਲ ਜਿਸ ’ਚ 3 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਅਤੇ ਉਥੇ ਇਨ੍ਹਾਂ ਵਿਦਿਆਰਥੀਆਂ ਨੂੰ ਪਡ਼੍ਹਾਉਣ ਲਈ ਇਕ ਅਧਿਆਪਕ ਵੀ ਤਾਇਨਾਤ ਹੈ ਪਰ ਪੇਂਡੂ ਲੋਕਾਂ ਵਲੋਂ ਸਰਕਾਰੀ ਸਕੂਲਾਂ ’ਚ ਸਹੂਲਤਾਂ ਦੀ ਘਾਟ ਕਾਰਨ ਨੇਡ਼ਲੇ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ’ਚ ਆਪਣੇ ਬੱਚੇ ਮਹਿੰਗੀਆਂ ਫ਼ੀਸਾਂ ਅਦਾ ਕਰ  ਕੇ ਪਡ਼੍ਹਾਏ ਜਾ ਰਹੇ ਹਨ। ਇਸ ਤੋਂÎ ਇਲਾਵਾ ਪਿੰਡ ਰਾਏਪੁਰ ਬੇਟ ਦੇ ਪ੍ਰਾਇਮਰੀ ਸਕੂਲ ’ਚ 3 ਬੱਚੇ, ਬੁਰਜ ਸ਼ੇਰਪੁਰ ’ਚ 6 ਬੱਚੇ, ਸਮਸ਼ਪੁਰ ’ਚ 8 ਬੱਚੇ, ਧਨੂਰ ’ਚ 8, ਲੁਹਾਰੀਆਂ ’ਚ 7, ਦੁਪਾਣਾ ’ਚ 6 ਅਤੇ ਕੋਟਾਲਾ ਬੇਟ ਵਿਚ ਕੇਵਲ 9 ਬੱਚੇ ਰਹਿ ਗਏ ਹਨ।
 ਬਲਾਕ ਸਿੱਖਿਆ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾਡ਼ਾ ਬਲਾਕ ਦੇ 84 ਸਕੂਲਾਂ ’ਚ 47 ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹਨ ਕਿਉਂਕਿ ਇਸ ਪੇਂਡੂ ਖੇਤਰ ਵਿਚ ਕੋਈ ਵੀ ਅਧਿਆਪਕ ਆਪਣੀ ਡਿਊਟੀ ਲਾਉਣ ਲਈ ਤਿਆਰ ਨਹੀਂ ਹੈ, ਜਦਕਿ ਲੁਧਿਆਣਾ ਜ਼ਿਲੇ ਦੇ ਸ਼ਹਿਰੀ ਬਲਾਕਾਂ ’ਚ ਵਾਧੂ ਸਰਕਾਰੀ ਅਧਿਆਪਕ ਤਾਇਨਾਤ ਹਨ। ਜੇਕਰ ਸਰਕਾਰ ਤੇ ਸਿੱਖਿਆ ਵਿਭਾਗ ਨੇ ਮਾਛੀਵਾਡ਼ਾ ਬਲਾਕ ਦੇ ਪੇਂਡੂ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਪੱਖੋਂ ਇਸ ਤਰ੍ਹਾਂ ਹੀ ਅਣਗੌਲਿਆਂ ਰੱਖਿਆ ਤਾਂ ਜਲਦ ਹੀ ਇਨ੍ਹਾਂ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਗਿਣਤੀ ਘਟਦੀ ਜਾਵੇਗੀ ਅਤੇ ਇਨ੍ਹਾਂ ਨੂੰ ਤਾਲੇ ਲੱਗਣੇ ਸ਼ੁਰੂ ਹੋ ਜਾਣਗੇ, ਜਦਕਿ ਗਰੀਬ ਮਾਪਿਆਂ ਦੇ ਇਹ ਬੱਚੇ ਅਨਪਡ਼੍ਹਤਾ ਦਾ ਸ਼ਿਕਾਰ ਹੋ ਕੇ ਸਰਕਾਰ ਨੂੰ ਕੋਸਦੇ ਰਹਿਣਗੇ।
 ਗਡ਼੍ਹੀ ਤਰਖਾਣਾ ਸਰਕਾਰੀ ਸਕੂਲ ਦੇ 65 ਵਿਦਿਆਰਥੀਆਂ ਲਈ ਕੇਵਲ ਇਕ ਅਧਿਆਪਕ
 ਮਾਛੀਵਾਡ਼ਾ ਬਲਾਕ ਦੇ ਪਿੰਡ ਗਡ਼੍ਹੀ ਤਰਖਾਣਾ ਦਾ ਪ੍ਰਾਇਮਰੀ ਸਕੂਲ, ਜਿਸ ਨੂੰ ਅਪਗ੍ਰੇਡ ਕਰਕੇ ਮਿਡਲ ਸਕੂਲ ਦਾ ਦਰਜ਼ਾ ਦਿੱਤਾ ਗਿਆ ਅਤੇ ਇੱਥੇ ਲੋਕਾਂ ਵਲੋਂ ਆਪਣੇ 65 ਬੱਚੇ ਸਕੂਲ ’ਚ ਸਿੱਖਿਆ ਲਈ ਦਾਖਲ ਕਰਵਾਏ ਗਏ ਪਰ ਸਹੂਲਤਾਂ ਪੱਖੋਂ ਵਿਦਿਆਰਥੀਆਂ ਨੂੰ ਪਡ਼੍ਹਾਉਣ ਲਈ ਕੇਵਲ ਇੱਕ ਹੀ ਅਧਿਆਪਕ ਤਾਇਨਾਤ ਹੈ ਤੇ ਜੇਕਰ ਸਿੱਖਿਆ ਵਿਭਾਗ ਨੇ ਇਸ ਸਕੂਲ ਦੀ ਵੀ ਸਾਰ ਨਾ ਲਈ ਤਾਂ ਇੱਥੋਂ ਵੀ ਬੱਚੇ ਹਟ ਕੇ ਪ੍ਰਾਈਵੇਟ ਸਕੂਲਾਂ ਵਿਚ ਜਾਣ ਲਈ ਤਿਆਰ ਬੈਠੇ ਹਨ।
 ਕੀ ਕਹਿਣੈ ਸਿੱਖਿਆ ਅਧਿਕਾਰੀ ਦਾ
 ਜ਼ਿਲਾ ਡਿਪਟੀ ਸਿੱਖਿਆ ਅਧਿਕਾਰੀ ਕੁਲਦੀਪ ਸਿੰਘ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ’ਚ ਘਟਦੇ ਜਾ ਰਹੇ ਬੱਚਿਆਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਹ ਇਸ ਬਾਰੇ ਰਿਪੋਰਟ ਮੰਗਾਉਣਗੇ ਕਿ ਸਕੂਲਾਂ ’ਚ ਬੱਚੇ ਕਿਉਂ ਘਟਦੇ ਜਾ ਰਹੇ ਹਨ। ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਬਾਰੇ ਤੇ ਵਿਦਿਆਰਥੀਆਂ ਨੂੰ ਪੂਰੀਆਂ ਸਹੂਲਤਾਂ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਉਹ ਬਲਾਕ ਸਿੱਖਿਆ ਅਫ਼ਸਰ ਤੋਂ ਖਾਲੀ ਅਸਾਮੀਆਂ ਦੀ ਸਾਰੀ ਰਿਪੋਰਟ ਲੈ ਕੇ ਇਸ ਸਮੱਸਿਆ ਦੇ ਹੱਲ ਲਈ ਉਚ ਅਧਿਕਾਰੀਆਂ ਨੂੰ ਭੇਜਣਗੇ।


Related News