ਪੰਜਾਬ ਸਰਕਾਰ ਨੇ ਔਰਤਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ, ਪਹਿਲੀ ਜੂਨ ਨੂੰ ਮਿਲੇਗੀ ਇਹ ਸਹੂਲਤ
Thursday, May 21, 2020 - 09:39 AM (IST)
ਚੰਡੀਗੜ੍ਹ : ਕੋਵਿਡ 19 ਦੇ ਮੱਦੇਨਜ਼ਰ ਹਸਪਤਾਲਾਂ 'ਚ ਭੀੜ ਹੋਣ ਤੋਂ ਰੋਕਣ ਲਈ, ਟੈਲੀਮੈਡਸੀਨ ਰਾਜ ਭਰ ਦੇ ਮਰੀਜ਼ਾਂ ਲਈ ਇਕ ਵਰਦਾਨ ਸਾਬਿਤ ਹੋਵੇਗਾ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਰੋਜ਼ਾਨਾ ਡਾਕਟਰੀ ਸਲਾਹ ਅਤੇ ਪੁਰਾਣੀਆਂ ਬਿਮਾਰੀਆਂ ਸਬੰਧੀ ਸੁਝਾਵਾਂ ਦੀ ਲੋੜ ਹੁੰਦੀ ਹੈ। ਆਮ ਦਵਾਈਆਂ ਲਈ ਟੈਲੀ ਮੈਡੀਸੀਨ ਤੋਂ ਇਲਾਵਾ ਹੁਣ ਸਿਹਤ ਵਿਭਾਗ ਜੱਚਾ-ਬੱਚਾ ਸਿਹਤ ਸੰਭਾਲ ਸੇਵਾਵਾਂ (ਐਮ. ਸੀ. ਐਚ.) ਨੂੰ ਯਕੀਨੀ ਬਣਾਉਣ ਲਈ 1 ਜੂਨ ਤੋਂ ਗਾਇਨੀ ਸੇਵਾਵਾਂ ਲਈ ਈ-ਸੰਜੀਵਨੀ ਓ. ਪੀ. ਡੀ. ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵੱਲੋਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜਨਰਲ ਮੈਡੀਸਨ ਲਈ ਈ-ਸੰਜੀਵਨੀ ਓ. ਪੀ. ਡੀ. ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਗਈਆਂ ਹਨ।
ਹਾਲਾਂਕਿ ਦਿਸ਼ਾ-ਨਿਰਦੇਸ਼ਾਂ ਮੁਤਾਬਕ ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਤੱਕ ਹਸਪਤਾਲ ਤੋਂ ਲਾਗ ਲੱਗਣ ਦਾ ਖ਼ਤਰਾਂ ਵੱਧ ਜਾਂਦਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਲਈ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਜਨਮ ਤੋਂ ਪਹਿਲਾਂ ਦੀ ਦੇਖਭਾਲ ਲਈ ਅਤੇ ਗਾਇਨੋਕੋਲੋਜੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਗਾਇਨੋਕੋਲੋਜੀ ਸੇਵਾਵਾਂ ਲਈ ਈ-ਸੰਜੀਵਨੀ ਓ. ਪੀ. ਡੀ. ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਐਮ. ਸੀ. ਐਚ. ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਡਾਕਟਰਾਂ ਅਤੇ ਸਟਾਫ ਨਰਸਾਂ ਦੀ ਸਿਖਲਾਈ ਲਈ ਆਨਲਾਈਨ ਟੈਕਨਾਲੋਜੀ ਪਲੇਟਫਾਰਮ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਸਿਖਲਾਈ ਸੈਸ਼ਨ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਲਈ ਵੱਖ-ਵੱਖ ਉਪਾਅ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਕੁਸ਼ਲਤਾਵਾਂ 'ਚ ਸੁਧਾਰ ਲਈ ਨਿਯਮਤ ਸਿਖਲਾਈ ਮੁਹੱਈਆ ਕਰਵਾਉਣ ਅਤੇ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਨਿਰਦੇਸ਼ਾਂ ਦਾ ਪ੍ਰਸਾਰ ਕਰਨ ਲਈ ਲੋਕਾਂ ਨੂੰ ਇਕੱਠੇ ਕਰਨਾ ਮੁਸ਼ਕਲ ਹੋ ਗਿਆ ਹੈ, ਇਸ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਈਕੋ ਜ਼ੂਮ ਪਲੇਟਫਾਰਮ ਦੀ ਸਹਾਇਤਾ ਨਾਲ ਆਨਲਾਈਨ ਸਿਖਲਾਈ ਸੈਸ਼ਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਰੇ ਡਾਕਟਰਾਂ, ਸਟਾਫ ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਸੰਪਰਕ ਕਰਕੇ ਪੂਰੇ ਪੰਜਾਬ ਰਾਜ 'ਚ ਸਿਹਤ ਸੰਭਾਲ ਬਾਰੇ ਵੱਖ-ਵੱਖ ਪ੍ਰੋਗਰਾਮਾਂ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਇਕ ਸਿਖਲਾਈ 'ਕੋਵਿਡ -19 ਮਹਾਂਮਾਰੀ 'ਚ ਗਰਭਵਤੀ ਔਰਤਾਂ ਦੇ ਪ੍ਰਬੰਧਨ ਲਈ ਜਾਗਰੂਕਤਾ' ਬਾਰੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ, ਸਟੇਟ ਇੰਸਟੀਚਿਟ ਆਫ਼ ਹੈਲਥ ਐਂਡ ਫੈਮਲੀ ਵੈਲਫੇਅਰ ਟ੍ਰੇਨਿੰਗ ਡਵੀਜ਼ਨ, ਮੈਡੀਕਲ ਕਾਲਜ, ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੀ ਤਕਨੀਕੀ ਸਹਾਇਤਾ ਨਾਲ ਕਰਵਾਈ ਗਈ।
ਵਿਸ਼ੇਸ਼ ਤੌਰ 'ਤੇ ਇਹ ਸਿਖਲਾਈ ਡਾਇਰੈਕਟਰ (ਪਰਿਵਾਰ ਭਲਾਈ) ਡਾ. ਪ੍ਰਭਦੀਪ ਕੌਰ ਦੀ ਨਿਗਰਾਨੀ 'ਚ ਪ੍ਰੋਗਰਾਮ ਅਫਸਰ, ਡਾ. ਗੁਰਵਿੰਦਰ ਕੌਰ ਸਮੇਤ ਪ੍ਰੋਗਰਾਮ ਅਫਸਰ (ਐਮ ਸੀ ਐਚ) ਡਾ. ਇੰਦਰਦੀਪ ਕੌਰ ਦੀ ਹਾਜ਼ਰੀ 'ਚ ਹੋਈ। ਸਿਖਲਾਈ ਦਾ ਮੁੱਖ ਉਦੇਸ਼ ਕਲੀਨਿਕਲ ਸਟਾਫ ਨੂੰ ਗਰਭਵਤੀ ਔਰਤਾਂ ਅਤੇ ਬੱਚੇ ਦੇ ਜਨਮ ਦੇ ਪ੍ਰਬੰਧਨ ਵਿਸ਼ਿਆਂ ਸਬੰਧੀ ਜਾਗਰੂਕ ਕਰਨਾ ਸੀ। ਇਸ ਸਿਖਲਾਈ 'ਚ ਵੱਖ-ਵੱਖ ਵਿਸ਼ਿਆਂ ਜਿਵੇਂ ਕੋਵਿਡ-19 ਮਹਾਂਮਾਰੀ, ਟ੍ਰਾਈਜ ਅਤੇ ਟੈਸਟਿੰਗ ਇਨਟ੍ਰਪਾਰਟਮ ਕੇਅਰ, ਜਨਮ ਤੋਂ ਬਾਅਦ ਅਤੇ ਨਵਜੰਮੇ ਬੱਚੇ ਦੀ ਦੇਖਭਾਲ ਅਤੇ ਸਹੂਲਤ ਦੀ ਤਿਆਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਿਖਲਾਈ 'ਚ ਸੂਬੇ ਭਰ 'ਚ ਲੇਬਰ ਰੂਮ 'ਚ ਕੰਮ ਕਰ ਰਹੇ ਲਗਭਗ 600 ਡਾਕਟਰਾਂ ਅਤੇ ਸਟਾਫ ਨਰਸਾਂ ਅਤੇ ਸਪੈਸ਼ਲ ਨਿਊਬੌਰਨ ਕੇਅਰ ਯੁਨਿਟ(ਐਸ ਐਨ ਸੀ ਯੂ) ਨੇ ਹਿੱਸਾ ਲਿਆ। ਐਮ. ਸੀ. ਐਚ. ਸੇਵਾਵਾਂ ਲਈ ਲਗਭਗ 85 ਗਾਇਨੋਕੋਲੋਜਿਸਟਾਂ ਅਤੇ ਜ਼ਿਲ੍ਹਾ ਪਰਿਵਾਰ ਨਿਯੋਜਨ ਅਧਿਕਾਰੀਆਂ ਨੂੰ ਈ-ਸੰਜੀਵਨੀ ਓ. ਪੀ. ਡੀ. ਸੇਵਾਵਾਂ ਦੇਣ ਸਬੰਧੀ ਸਿਖਲਾਈ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਗਰਭਵਤੀ ਔਰਤਾਂ ਲਈ ਬਹੁਤ ਮਦਦਗਾਰ ਹੋਣਗੀਆਂ, ਜਿਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਦਵਾਈ, ਖੁਰਾਕ ਅਤੇ ਆਮ ਦੇਖਭਾਲ ਦੀ ਸਲਾਹ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਗਾਇਨੋਕੋਲੋਜੀ ਓ. ਪੀ. ਡੀ. ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8.00 ਵਜੇ ਤੋਂ ਸਵੇਰੇ 9.30 ਵਜੇ ਤੱਕ ਹੋਵੇਗਾ। ਮੰਤਰੀ ਨੇ ਇਹ ਵੀ ਦੱਸਿਆ ਕਿ ਘਰ ਰਹਿਣਾ ਅਤੇ ਹਸਪਤਾਲ 'ਚ ਬੇਲੋੜਾ ਆਉਣ ਤੋਂ ਪਰਹੇਜ਼ ਕਰਨਾ ਸੁਰੱਖਿਅਤ ਹੈ।