ਈ-ਰਿਕਸ਼ਾ ਚਲਾਉਣ ਵਾਲੇ ਹੋ ਜਾਣ ਅਲਰਟ! 15 ਮਾਰਚ ਤੱਕ ਜਾਰੀ ਹੋਇਆ ਅਲਟੀਮੇਟਮ
Saturday, Feb 17, 2024 - 11:29 AM (IST)
ਲੁਧਿਆਣਾ (ਸੰਨੀ) : ਸ਼ਹਿਰ ਦੀਆਂ ਸੜਕਾਂ ’ਤੇ ਬਿਨਾਂ ਨੰਬਰ ਦੇ ਚੱਲਣ ਵਾਲੇ ਈ-ਰਿਕਸ਼ਿਆਂ ਨੂੰ ਟ੍ਰੈਫ਼ਿਕ ਪੁਲਸ ਵੱਲੋਂ 15 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਜੇਕਰ 15 ਮਾਰਚ ਤੋਂ ਬਾਅਦ ਬਿਨਾਂ ਰਜਿਸਟ੍ਰੇਸ਼ਨ ਤੋਂ ਈ-ਰਿਕਸ਼ਾ ਸੜਕਾਂ ’ਤੇ ਚੱਲਦੇ ਦੇਖੇ ਗਏ ਤਾਂ ਟ੍ਰੈਫਿਕ ਪੁਲਸ ਵੱਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਟ੍ਰੈਫਿਕ ਪੁਲਸ ਸ਼ਹਿਰ ’ਚ ਬਿਨਾਂ ਟਰੇਡ ਸਰਟੀਫਿਕੇਟ ਤੋਂ ਈ-ਰਿਕਸ਼ਾ ਵੇਚਣ ਵਾਲੇ ਡੀਲਰਾਂ ਦੀ ਵੀ ਸ਼ਨਾਖਤ ਕਰੇਗੀ ਤਾਂ ਜੋ ਸੜਕਾਂ ’ਤੇ ਚੱਲ ਰਹੇ ਗੈਰ-ਰਜਿਸਟਰਡ ਈ-ਰਿਕਸ਼ਾ ’ਤੇ ਸ਼ਿਕੰਜਾ ਕੱਸਿਆ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਨੂੰ ਲੈ ਕੇ ਆਈ ਜ਼ਰੂਰੀ ਖ਼ਬਰ! ਘਰੋਂ ਨਿਕਲਣ ਤੋਂ ਪਹਿਲਾਂ ਸੋਚ-ਸਮਝ ਲਓ
ਸ਼ਹਿਰ ’ਚ ਈ-ਰਿਕਸ਼ਾ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਟ੍ਰੈਫਿਕ ਵਿਭਾਗ ਦੇ ਏ. ਡੀ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ ਨੇ ਆਪਣੇ ਦਫ਼ਤਰ ’ਚ ਈ-ਰਿਕਸ਼ਾ ਡੀਲਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਪੁਰੇਵਾਲ ਨੇ ਡੀਲਰਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਈ-ਰਿਕਸ਼ਾ ਵੇਚਣ ਸਮੇਂ ਇਸ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਇਸ ਨੂੰ ਇਕ ਆਰਜ਼ੀ ਨੰਬਰ ਅਲਾਟ ਕਰਨ, ਜੋ ਸਿਰਫ਼ ਇਕ ਮਹੀਨੇ ਲਈ ਵੈਧ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਸੂਬੇ 'ਚ Free ਰਹਿਣਗੇ ਸਾਰੇ ਟੋਲ ਪਲਾਜ਼ੇ (ਵੀਡੀਓ)
ਉਨ੍ਹਾਂ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਵੱਲੋਂ ਵੇਚੇ ਗਏ ਪੁਰਾਣੇ ਈ-ਰਿਕਸ਼ਿਆਂ ਦੀ ਪੂਰੀ ਸੂਚੀ ਬਣਾ ਕੇ ਵਿਭਾਗ ਨੂੰ ਸੌਂਪਣ। ਇਸ ਦੇ ਬਾਵਜੂਦ ਜੇਕਰ ਈ-ਰਿਕਸ਼ਾ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦੌਰਾਨ ਡੀਲਰ ਦੀ ਗਲਤੀ ਪਾਈ ਜਾਂਦੀ ਹੈ ਤਾਂ ਪੁਲਸ ਉਸ ਖ਼ਿਲਾਫ਼ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਜਿਸ ਈ-ਰਿਕਸ਼ਾ ਡੀਲਰ ਕੋਲ ਟਰੇਡ ਸਰਟੀਫਿਕੇਟ ਨਹੀਂ ਹੈ, ਉਹ ਈ-ਰਿਕਸ਼ਾ ਨਹੀਂ ਵੇਚ ਸਕਦਾ। ਇਸ ਦੇ ਲਈ ਟ੍ਰੈਫਿਕ ਪੁਲਸ ਡੀਲਰਾਂ ਦੇ ਸ਼ੋਅਰੂਮਾਂ 'ਚ ਜਾ ਕੇ ਉਨ੍ਹਾਂ ਦੀ ਪਛਾਣ ਕਰੇਗੀ। ਮੀਟਿੰਗ ’ਚ ਏ. ਸੀ. ਪੀ. ਟ੍ਰੈਫਿਕ ਚਰਨਜੀਵ ਲਾਂਬਾ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8