ਬੱਚਿਆਂ ਨਾਲ ਦੁਸਹਿਰਾ ਦੇਖਣ ਜਾ ਰਹੇ ਈ-ਰਿਕਸ਼ਾ ਚਾਲਕ ਨੂੰ ਟਰੱਕ ਡਰਾਈਵਰ ਸਮਝ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

Sunday, Oct 13, 2024 - 05:22 AM (IST)

ਬੱਚਿਆਂ ਨਾਲ ਦੁਸਹਿਰਾ ਦੇਖਣ ਜਾ ਰਹੇ ਈ-ਰਿਕਸ਼ਾ ਚਾਲਕ ਨੂੰ ਟਰੱਕ ਡਰਾਈਵਰ ਸਮਝ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਪੰਚਕੂਲਾ (ਅਮਿਤ ਸ਼ਰਮਾ) : ਦੁਸਹਿਰੇ ਦੇ ਮੌਕੇ ’ਤੇ ਲੋਕਾਂ ਨੂੰ ਵਾਰ-ਵਾਰ ਵੱਖ-ਵੱਖ ਮੰਚਾਂ ਤੋਂ ਬੁਰਾਈਆਂ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ ਪਰ ਫਿਰ ਵੀ ਕੁਝ ਲੋਕ ਸੁਧਰਨ ਦਾ ਨਾਂ ਨਹੀਂ ਲੈ ਰਹੇ। ਦੁਸਹਿਰੇ ਦੀ ਸ਼ਾਮ ਨੂੰ ਪਰਿਵਾਰ ਨੂੰ ਦੁਸਹਿਰਾ ਵਿਖਾਉਣ ਲਿਜਾ ਰਹੇ ਵਿਅਕਤੀ ਨੂੰ ਕੁਝ ਨੌਜਵਾਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ, ਹਾਲਾਤ ਇਹ ਸਨ ਕਿ ਮੌਕੇ ’ਤੇ ਹੀ ਈ-ਰਿਕਸ਼ਾ ਚਾਲਕ ਪੁਸ਼ਪੇਂਦਰ ਦੀ ਪਤਨੀ, ਬੱਚੇ ਅਤੇ ਰਿਸ਼ਤੇਦਾਰ ਹਮਲਾਵਰ ਨੌਜਵਾਨਾਂ ਨੂੰ ਵਾਰ-ਵਾਰ ਸਮਝਾਉਂਦੇ ਰਹੇ ਕਿ ਇਹ ਟਰੱਕ ਡਰਾਈਵਰ ਨਹੀਂ ਹੈ। ਪਰ ਨੌਜਵਾਨਾਂ ਨੇ ਡੰਡਿਆਂ, ਪੱਥਰਾਂ, ਇੱਟਾਂ ਅਤੇ ਚਾਕੂਆਂ ਨਾਲ ਪੁਸ਼ਪੇਂਦਰ ’ਤੇ ਉਦੋਂ ਤੱਕ ਹਮਲਾ ਕੀਤਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਜਦੋਂ ਪੁਸ਼ਪੇਂਦਰ ਜ਼ਖਮੀ ਹੋ ਕੇ ਹੇਠਾਂ ਡਿੱਗ ਪਿਆ ਤਾਂ ਉਸ ਦੀ ਪਤਨੀ ਤੇ ਬੱਚੇ ਉਸ ਨੂੰ ਬਚਾਉਣ ਲਈ ਤਰਲੇ ਕਰਦੇ ਰਹੇ ਪਰ ਹਮਲਾਵਰ ਨਹੀਂ ਰੁਕੇ।

ਦਰਅਸਲ ਸੈਕਟਰ 20 ਦਾ ਰਹਿਣ ਵਾਲਾ ਪੁਸ਼ਪੇਂਦਰ ਰਾਵਣ ਦਹਿਨ ਪ੍ਰੋਗਰਾਮ ਦੇਖਣ ਲਈ ਆਪਣੇ ਪਰਿਵਾਰ ਨੂੰ ਆਪਣੇ ਈ-ਰਿਕਸ਼ਾ ’ਚ ਸੈਕਟਰ 15 ਲੈ ਕੇ ਜਾ ਰਿਹਾ ਸੀ। ਜਦਕਿ ਉਸ ਦੇ ਦੋਸਤ ਦਾ ਈ-ਰਿਕਸ਼ਾ ਉਸ ਤੋਂ ਅੱਗੇ ਜਾ ਰਿਹਾ ਸੀ। ਅਜਿਹੇ ’ਚ ਸੈਕਟਰ 14 ਦੇ ਇੰਡਸਟ੍ਰੀਅਲ ਏਰੀਆ ਅਤੇ ਡਿਵਾਈਡਰ ਰੋਡ ਨੇੜੇ ਉਸ ਦੇ ਦੋਸਤ ਦਾ ਈ-ਰਿਕਸ਼ਾ ਇਕ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ। ਅਜਿਹੇ ’ਚ ਉਸ ਨੇ ਪੁਸ਼ਪੇਂਦਰ ਨੂੰ ਫੋਨ ਕੀਤਾ ਤੇ ਮਦਦ ਕਰਨ ਲਈ ਕਿਹਾ, ਕਿਉਂਕਿ ਪੁਸ਼ਪੇਂਦਰ ਕੁਝ ਦੂਰੀ ’ਤੇ ਪਿੱਛੇ ਆ ਰਿਹਾ ਸੀ।

ਜਦੋਂ ਪੁਸ਼ਪੇਂਦਰ ਆਪਣੇ ਦੋਸਤ ਦੀ ਮਦਦ ਲਈ ਟਰੱਕ ਦੇ ਨੇੜੇ ਪਹੁੰਚਿਆ ਤਾਂ ਕੁਝ ਨੌਜਵਾਨਾਂ ਨੇ ਸੋਚਿਆ ਕਿ ਪੁਸ਼ਪੇਂਦਰ ਉਹੀ ਟਰੱਕ ਡਰਾਈਵਰ ਹੈ ਜਿਸ ਨਾਲ ਉਹ ਲੜ ਰਿਹਾ ਸੀ। ਅਜਿਹੇ ’ਚ ਮੁਲਜ਼ਮ ਨੌਜਵਾਨਾਂ ਨੇ ਪੁਸ਼ਪੇਂਦਰ ਨੂੰ ਮੌਕੇ ’ਤੇ ਫੜ ਲਿਆ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਦੁਸਹਿਰੇ ਵਾਲੇ ਦਿਨ ਹੋ ਗਿਆ ਅਨੋਖਾ 'ਕਾਂਡ', ਅੱਗ ਲੱਗਣ ਤੋਂ ਪਹਿਲਾਂ ਹੀ ਮੂਧੇ ਮੂੰਹ ਡਿੱਗਿਆ 'ਰਾਵਣ'

ਕਿਉਂ, ਕਿਵੇਂ ਅਤੇ ਕਿਸ ਲਈ ਲੜਾਈ ਕਤਲ ਵਿਚ ਬਦਲੀ ?
ਅਸਲ ’ਚ ਹੋਇਆ ਇਹ ਕਿ ਹਾਈਵੇ ਤੋਂ ਅਮਰਟੈਕਸ ਚੌਕ ਵੱਲ ਇੱਕ ਟਰੱਕ ਜਾ ਰਿਹਾ ਸੀ, ਜਿਸ ਦੇ ਪਿੱਛੇ ਕੁਝ ਬਾਈਕ ਸਵਾਰ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਟਰੱਕ ਚਾਲਕ ਤੇ ਬਾਈਕ ਸਵਾਰਾਂ ਵਿਚਾਲੇ ਬਹਿਸ ਹੋ ਗਈ। ਜਿਵੇਂ ਹੀ ਅਮਰਟੈਕਸ ਚੌਂਕ ਤੋਂ ਪਹਿਲਾਂ ਟ੍ਰੈਫਿਕ ਕਾਰਨ ਟਰੱਕ ਰੁਕਿਆ ਤਾਂ ਬਾਈਕ ਸਵਾਰ ਨੌਜਵਾਨਾਂ ਨੇ ਅੱਗੇ ਆ ਕੇ ਡਰਾਈਵਰ ਨੂੰ ਹੇਠਾਂ ਉਤਾਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਟਰੱਕ ਡਰਾਈਵਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪਰ ਟਰੱਕ ਡਰਾਈਵਰ ਉਨ੍ਹਾਂ ਤੋਂ ਬਚ ਕੇ ਭੱਜ ਗਿਆ।

ਇਸੇ ਦੌਰਾਨ ਸੈਕਟਰ-20 ਸਥਿਤ ਆਸ਼ਿਆਨਾ ਫਲੈਟਾਂ ’ਚ ਰਹਿੰਦੇ ਪੁਸ਼ਪੇਂਦਰ ਦੇ ਦੋਸਤ ਦਾ ਈ-ਰਿਕਸ਼ਾ ਉਸੇ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ, ਜਿਸ ਟਰੱਕ ਡਰਾਈਵਰ ਨਾਲ ਇਹ ਨੌਜਵਾਨਾਂ ਦੀ ਬਹਿਸ ਤੇ ਲੜਾਈ ਹੋ ਰਹੀ ਸੀ। ਅਜਿਹੇ ’ਚ ਪੁਸ਼ਪੇਂਦਰ ਦੇ ਦੋਸਤ ਨੇ ਆਪਣਾ ਈ-ਰਿਕਸ਼ਾ ਪਿਛਲੇ ਪਾਸੇ ਖੜ੍ਹਾ ਕਰਕੇ ਮਦਦ ਲਈ ਬੁਲਾਇਆ।

ਮੌਕੇ ’ਤੇ ਟਰੱਕ ਸੜਕ ਦੇ ਵਿਚਕਾਰ ਖੜ੍ਹਾ ਸੀ, ਜਿਸ ਕਾਰਨ ਦੁਸਹਿਰੇ ਕਾਰਨ ਟ੍ਰੈਫਿਕ ਵੀ ਬੰਪਰ ਸੀ ਤੇ ਇਸ ਦੌਰਾਨ ਇੱਥੇ ਜਾਮ ਵਰਗੀ ਸਥਿਤੀ ਬਣ ਗਈ। ਅਜਿਹੇ ’ਚ ਪੁਸ਼ਪੇਂਦਰ ਨੇ ਆਪਣਾ ਈ-ਰਿਕਸ਼ਾ ਸੜਕ ਕਿਨਾਰੇ ਖੜ੍ਹਾ ਕੀਤਾ ਤੇ ਆਪਣੇ ਦੋਸਤ ਦੀ ਮਦਦ ਲਈ ਅੱਗੇ ਚਲੇ ਗਿਆ।

ਇਹ ਵੀ ਪੜ੍ਹੋ- ਕੀ ਰਵਨੀਤ ਬਿੱਟੂ ਬਣਨ ਜਾ ਰਹੇ ਹਨ ਪੰਜਾਬ BJP ਪ੍ਰਧਾਨ ? ਸੁਸ਼ੀਲ ਰਿੰਕੂ ਦੀ ਵੀਡੀਓ ਨੇ ਹਰ ਪਾਸੇ ਛੇੜੀ ਚਰਚਾ

ਜਦੋਂ ਪੁਸ਼ਪੇਂਦਰ ਭੱਜ ਕੇ ਇੱਥੇ ਆਇਆ ਤਾਂ ਹਮਲਾਵਰਾਂ ਨੇ ਸੋਚਿਆ ਕਿ ਇਹ ਟਰੱਕ ਡਰਾਈਵਰ ਹੀ ਹੈ ਜੋ ਉਨ੍ਹਾਂ ਨਾਲ ਲੜਾਈ ਕਰਨ ਆਇਆ ਹੈ। ਇਸ ਲਈ ਹਮਲਾਵਰ ਨੌਜਵਾਨਾਂ ਨੇ ਪੁਸ਼ਪੇਂਦਰ ਨੂੰ ਟਰੱਕ ਡਰਾਈਵਰ ਸਮਝ ਕੇ ਉਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਸ ਦੀ ਮੌਤ ਹੋ ਗਈ।

ਹਮਲੇ ਤੋਂ ਬਾਅਦ ਮੁਲਜ਼ਮਾਂ ਨੇ ਵਾਰ-ਵਾਰ ਡੰਡਿਆਂ ਨਾਲ ਕੁੱਟਦੇ ਹੋਏ ਕਿਹਾ, ਹੁਣ ਮੈਨੂੰ ਦੱਸ, ਸਾਡੇ ਨਾਲ ਪੰਗਾ ਲਵੇਗਾ। ਜਦੋਂ ਪੁਸ਼ਪੇਂਦਰ ਦਾ ਸਰੀਰ ਹਿਲਣੋਂ ਹਟ ਗਿਆ ਤਾਂ ਮੁਲਜ਼ਮ ਨੌਜਵਾਨ ਇੱਥੇ ਤੋਂ ਸੈਕਟਰ-19 ਵੱਲੋਂ ਆਪਣੀ ਬਾਈਕ ’ਤੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਇੰਨੀ ਭੀੜ ਵਲੋਂ ਨਾ ਤਾਂ ਮੁਲਜ਼ਮਾਂ ਦੀ ਕੋਈ ਫੋਟੋ ਕਲਿੱਕ ਕੀਤੀ ਗਈ ਅਤੇ ਨਾ ਹੀ ਕੋਈ ਵੀਡੀਓ ਬਣਾਈ ਗਈ, ਸਭ ਤੋਂ ਮਾੜੀ ਗੱਲ ਇਹ ਹੈ ਕਿ ਬਦੀ ’ਤੇ ਚੰਗਿਆਈ ਦੀ ਜਿੱਤ ਦੇਖਣ ਜਾਣ ਵਾਲੇ ਲੋਕਾਂ ਵੱਲੋਂ ਇਸ ਕਤਲ ਨੂੰ ਦੇਖਣ ਤੋਂ ਬਾਅਦ ਵੀ ਪੁਲਸ ਨੂੰ ਕਾਲ ਨਹੀਂ ਕੀਤੀ।

ਹਮਲਾਵਰਾਂ ਨੂੰ ਫੜਨ ਲਈ ਕ੍ਰਾਈਮ ਬ੍ਰਾਂਚ ਦੀ ਟੀਮ ਜਾਂਚ ’ਤੇ ਲਗਾਇਆ ਗਿਆ ਹੈ। ਜਦੋਂਕਿ ਸੀਨ ਆਫ ਕ੍ਰਾਈਮ ਟੀਮ ਨੇ ਮੌਕੇ ਤੋਂ ਕਈ ਸਬੂਤ ਇਕੱਠੇ ਕੀਤੇ ਹਨ। ਹਮਲਾਵਰਾਂ ਦੀ ਪਛਾਣ ਕਰਨ ਲਈ ਇੰਡਸਟਰੀਅਲ ਏਰੀਆ, ਸੈਕਟਰ 19 ਅਤੇ ਅਮਰਟੈਕਸ ਚੌਕ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਦੁਸਹਿਰੇ ਕਾਰਨ ਜਿਨ੍ਹਾਂ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਸਨ, ਉਨ੍ਹਾਂ ਵਿਚੋਂ ਜ਼ਿਆਦਾਤਰ ਬੰਦ ਪਾਏ ਗਏ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News