ਦਿਆਲ ਸਿੰਘ ਕੋਲਿਆਂਵਾਲੀ ਦੀਆਂ ਮੁਸ਼ਕਲਾਂ 'ਚ ਹੋਇਆ ਨਵਾਂ ਵਾਧਾ

02/05/2019 2:40:45 PM

ਮਲੋਟ (ਜੁਨੇਜਾ, ਤਰਸੇਮ ਢੁੱਡੀ) - ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਨਾਭਾ ਜੇਲ ਅੰਦਰ ਬੰਦ ਬਾਦਲਾਂ ਦੇ ਕਰੀਬੀ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਕੋਲਿਆਂਵਾਲੀ ਅਤੇ ਉਸ ਦੇ ਪਰਿਵਾਰ ਵਲੋਂ ਬੈਂਕ ਤੋਂ ਲਏ ਕਰਜ਼ੇ ਦੀ ਵਾਪਸੀ ਲਈ ਦਿੱਤੇ ਚਾਰ ਚੈਕ ਬਾਊਂਸ ਹੋਣ 'ਤੇ ਬੈਂਕ ਨੇ ਇਸ ਸਬੰਧੀ ਨੋਟਿਸ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਅਕਾਲੀ ਸਰਕਾਰ ਵਲੋਂ ਲਏ ਸਹਿਕਾਰੀ ਬੈਂਕ ਤੋਂ ਕਰਜ਼ੇ ਦੀ ਵਾਪਸੀ ਨਾ ਕਰਨ ਤੋਂ ਬਾਅਦ ਨਵੀਂ ਸਰਕਾਰ ਨੇ ਕੋਲਿਆਂਵਾਲੀ ਨੂੰ ਡਿਫਾਲਟਰ ਘੋਸ਼ਿਤ ਕਰ ਦਿੱਤਾ ਸੀ ਅਤੇ ਕਾਂਗਰਸ ਸਰਕਾਰ ਨੇ ਕਰਜ਼ੇ ਦੀ ਵਾਪਸੀ ਨਾ ਕਰਨ ਦੀ ਏਵਜ਼ 'ਚ ਉਸ ਦੀ ਪ੍ਰਾਪਰਟੀ ਕੁਰਕੀ ਕਰਨ ਦਾ ਐਲਾਨ ਕੀਤਾ ਸੀ। 

ਕੋਲਿਆਂਵਾਲੀ ਅਤੇ ਉਸ ਦੇ ਪਰਿਵਾਰ ਨੇ ਆਪਣੇ ਵੱਲ ਬਕਾਇਆ 95 ਲੱਖ 70 ਹਜ਼ਾਰ ਦੀ ਵਾਪਸੀ ਲਈ ਬੈਂਕ ਨੂੰ ਤਿੰਨ ਕਿਸ਼ਤਾਂ 'ਚ ਵਾਪਸੀ ਦੀ ਸੈਟਲਮੈਂਟ ਕੀਤੀ ਸੀ। ਇਸ ਦੀ ਪਹਿਲੀ ਕਿਸ਼ਤ 11/5/18 ਨੂੰ 30 ਲੱਖ ਰੁਪਇਆ ਦਿੱਤੇ ਚੈਕਾਂ ਨਾਲ ਕਲੀਅਰ ਹੋ ਗਈ ਸੀ ਜਦ ਕਿ ਦੂਜੀ ਕਿਸ਼ਤ ਲਈ ਚਾਰ ਚੈਕ, ਜਿਸ 'ਚ ਦਿਆਲ ਸਿੰਘ ਕੋਲਿਆਂਵਾਲੀ ਦਾ 13 ਲੱਖ 30 ਹਜ਼ਾਰ ਦਾ ਚੈਕ, ਉਸਦੀ ਪਤਨੀ ਅਮਰਜੀਤ ਕੌਰ ਦਾ 13 ਲੱਖ 30 ਹਜ਼ਾਰ ਅਤੇ ਬੇਟੇ ਪਰਮਿੰਦਰ ਸਿੰਘ ਦੇ ਦੋ ਚੈਕ 4 ਲੱਖ 40 ਹਜ਼ਾਰ ਅਤੇ ਦੋ ਲੱਖ ਸਨ। ਇਹ ਸਾਰੇ ਚੈਕ ਐੱਚ. ਡੀ. ਐੱਫ. ਸੀ. ਬੈਂਕ ਮਲੋਟ ਦੇ ਮਿਤੀ 31/12/18 ਦੇ ਸਨ, ਜੋ ਬਾਊਂਸ ਹੋ ਗਏ। ਇਸ ਸਬੰਧੀ ਮੈਨੇਜਰ ਕ੍ਰਿਸ਼ਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੈਂਕ ਵਲੋਂ ਉਨ੍ਹਾਂ ਨੂੰ 1 ਮਹੀਨੇ ਦਾ ਨੋਟਿਸ ਭੇਜਿਆ ਗਿਆ ਸੀ, ਜਿਸਦਾ ਸਮਾਂ ਪੂਰਾ ਹੋ ਗਿਆ ਹੈ ਅਤੇ ਹੁਣ ਬੈਂਕ ਵਲੋਂ ਉਨ੍ਹਾਂ ਖਿਲਾਫ 138 ਤਹਿਤ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਕੋਲਿਆਂਵਾਲੀ ਵਲੋਂ ਬਕਾਇਆ ਰਾਸ਼ੀ ਦੇ ਜਿਹੜੇ ਚੈਕ ਦਿੱਤੇ ਗਏ ਹਨ, ਉਨ੍ਹਾਂ ਦੀ ਮਿਤੀ 30/6/19 ਹੈ। ਪਤਾ ਲੱਗਾ ਕਿ ਇਹ ਚੈਂਕ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਫਸਣ ਤੋਂ ਬਾਅਦ ਉਨ੍ਹਾਂ ਦੇ ਸਾਰੇ ਖਾਤੇ ਸੀਲ ਹੋਣ ਕਰਕੇ ਬਾਊਂਸ ਹੋਏ ਹਨ। ਇਨ੍ਹਾਂ ਦੀ ਭਾਰਪਾਈ ਲਈ ਪਰਿਵਾਰ ਹੁਣ ਕੀ ਕਰੇਗਾ ਇਹ ਵੇਖਣਾ ਅਜੇ ਬਾਕੀ ਹੈ।


rajwinder kaur

Content Editor

Related News