''ਕੋਰੋਨਾ'' ਕਾਰਨ ਇਕੱਲਾ ਰਹਿ ਗਿਆ ''ਰਾਵਣ'', ਨਹੀਂ ਸਾੜੇ ਜਾਣਗੇ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ

10/24/2020 3:59:05 PM

ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਮਹਾਮਾਰੀ ਦਾ ਕਹਿਰ ਦੇਸ਼ ਦੇ ਹਰੇਕ ਵਰਗ ’ਤੇ ਪਿਆ ਅਤੇ ਕਈ ਕੀਮਤੀ ਜਾਨਾਂ ਜਾਣ ਦੇ ਨਾਲ ਕਾਰੋਬਾਰ ਵੀ ਪ੍ਰਭਾਵਿਤ ਹੋਇਆ। ਇਸ ਬੀਮਾਰੀ ਦਾ ਪ੍ਰਭਾਵ ਹੁਣ ਤਿਉਹਾਰਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਭਲਕੇ ਮਨਾਏ ਜਾ ਰਹੇ ਦੁਸਹਿਰਾ ਮੇਲੇ ਦੌਰਾਨ ਕੋਰੋਨਾ ਕਾਰਣ ਰਾਵਣ ਵੀ ਇਕੱਲਾ ਹੀ ਰਹਿ ਗਿਆ। ਮਾਛੀਵਾੜਾ ਦੁਸਹਿਰਾ ਮੈਦਾਨ ਵਿਖੇ ਸਰਵ ਹਿੱਤਕਾਰੀ ਸ੍ਰੀ ਰਾਮਲੀਲਾ ਕਮੇਟੀ ਵਲੋਂ ਹਰੇਕ ਸਾਲ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਲੋਕਾਂ ਦੀ ਹਾਜ਼ਰੀ ’ਚ ਸ਼ਾਮ ਨੂੰ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਕੇ ਬਦੀ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਕੋਰੋਨਾ ਮਹਾਮਾਰੀ ਕਾਰਣ ਇਸ ਵਾਰ ਸਿਰਫ ਪ੍ਰਸ਼ਾਸਨ ਵਲੋਂ ਰਾਮਲੀਲਾ ਕਮੇਟੀ ਨੂੰ ਕੇਵਲ ਇੱਕ ਰਾਵਣ ਦਾ ਪੁਤਲਾ ਹੀ ਜਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਨਾਲ ਹੀ ਭੀੜ ਵੀ ਜ਼ਿਆਦਾ ਇਕੱਤਰ ਨਾ ਹੋਵੇ, ਉਸ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਦੁਸਹਿਰਾ ਮੈਦਾਨ ’ਚ ਸਿਰਫ ਰਾਵਣ ਦਾ ਇੱਕ ਪੁਤਲਾ ਹੀ ਜਲੇਗਾ, ਜਿਸ ਦੀ ਉੱਚਾਈ ਵੀ ਪਹਿਲਾਂ ਨਾਲੋਂ 5 ਤੋਂ 7 ਫੁੱਟ ਘਟਾ ਦਿੱਤੀ ਗਈ ਹੈ। ਬੇਸ਼ੱਕ ਦੁਸਹਿਰੇ ਤੋਂ ਪਹਿਲਾਂ ਰਾਮਲੀਲਾ ਮੰਚਨ ਦੌਰਾਨ ਦਰਸ਼ਕਾਂ ਦੇ ਉਤਸ਼ਾਹ ’ਚ ਜ਼ਿਆਦਾ ਕਮੀ ਨਹੀਂ ਆਈ ਪਰ ਇਹ ਪਹਿਲੀ ਵਾਰ ਹੋਵੇਗਾ ਕਿ ਕੋਰੋਨਾ ਕਾਰਣ ਮੈਦਾਨ ’ਚ ਇਕੱਲੇ ਰਾਵਣ ਦਾ ਪੁਤਲਾ ਖੜ੍ਹਾ ਕਰ ਉਸ ਨੂੰ ਅਗਨੀ ਭੇਂਟ ਕਰ ਦਿੱਤਾ ਜਾਵੇਗਾ।

PunjabKesari

ਮੁਸਲਿਮ ਪਰਿਵਾਰ ਬਣਾਉਂਦਾ ਹੈ ਹਿੰਦੂ ਧਰਮ ਨਾਲ ਸਬੰਧਿਤ ਇਹ ਪੁਤਲੇ

ਮਾਛੀਵਾੜਾ ’ਚ ਪਿਛਲੇ ਕਈ ਸਾਲਾਂ ਤੋਂ ਮੁਸਲਿਮ ਪਰਿਵਾਰ ਨਾਲ ਸਬੰਧਿਤ ਕਾਰੀਗਰ ਸਲੀਮ ਖਾਨ ਇਹ ਹਿੰਦੂ ਧਰਮ ਦੇ ਤਿਉਹਾਰ ਨਾਲ ਸਬੰਧਿਤ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਤਿਆਰ ਕਰਦਾ ਹੈ ਜੋ ਕਿ ਉਸਦੀ ਰੋਜ਼ੀ-ਰੋਟੀ ਦਾ ਸਾਧਨ ਵੀ ਹੈ। ਸਲੀਮ ਖਾਨ ਨੇ ਦੱਸਿਆ ਕਿ ਉਹ ਖੰਨੇ ਦਾ ਰਹਿਣ ਵਾਲਾ ਹੈ ਅਤੇ ਹਿੰਦੂ ਧਰਮ ਨਾਲ ਸਬੰਧਿਤ ਇਹ ਪੁਤਲੇ ਪਿਛਲੇ ਕਈ ਸਾਲਾਂ ਤੋਂ ਉਸਦੇ ਬਜ਼ੁਰਗ ਤਿਆਰ ਕਰਦੇ ਆ ਰਹੇ ਹਨ, ਜਿਨ੍ਹਾਂ ਤੋਂ ਸਿਖਲਾਈ ਲੈ ਕੇ ਉਹ ਵੀ ਇਸ ਕਿੱਤੇ ਨਾਲ ਜੁੜ ਗਿਆ। ਸਲੀਮ ਖਾਨ ਨੇ ਦੱਸਿਆ ਕਿ ਕੋਰੋਨਾ ਕਾਰਣ ਉਸਦਾ ਦੁਸਹਿਰਾ ਤਿਉਹਾਰ ਵੀ ਫਿੱਕਾ ਰਿਹਾ ਕਿਉਂਕਿ ਕਈ ਥਾਵਾਂ ’ਤੇ ਰਾਮਲੀਲਾ ਕਮੇਟੀਆਂ ਵਲੋਂ ਦੁਸਹਿਰਾ ਨਹੀਂ ਮਨਾਇਆ ਜਾ ਰਿਹਾ ਅਤੇ ਮਾਛੀਵਾੜਾ-ਸਰਹਿੰਦ ’ਚ ਹਰੇਕ ਸਾਲ 3-3 ਪੁਤਲੇ ਬਣਾਏ ਜਾਂਦੇ ਸਨ, ਜੋ ਇਸ ਵਾਰ ਇਸ ਵਾਰ ਇੱਕ ਰਾਵਣ ਦੇ ਪੁਤਲੇ ਤੱਕ ਹੀ ਸੀਮਿਤ ਰਹਿ ਗਿਆ, ਜਿਸ ਨਾਲ ਉਸ ਨੂੰ ਕਾਫ਼ੀ ਆਰਥਿਕ ਨੁਕਸਾਨ ਹੋਇਆ।  


Babita

Content Editor

Related News