ਗੁਰੂ ਨਗਰੀ ਦੀ ਫੇਰੀ ਦੌਰਾਨ ਰਾਜਾ ਵੜਿੰਗ ਹਰੇਕ ਕਾਂਗਰਸੀ ਆਗੂ ਦੇ ਘਰ ਪਹੁੰਚੇ, ਸਾਬਕਾ ਪ੍ਰਧਾਨ ਸਿੱਧੂ ਰਹੇ ਅੱਖੋਂ ਪਰੋਖੇ
Friday, Apr 15, 2022 - 11:35 PM (IST)

ਅੰਮ੍ਰਿਤਸਰ (ਸਰਬਜੀਤ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਅੰਮ੍ਰਿਤਸਰ ਵਿਖੇ ਆਪਣੀ ਪਹਿਲੀ ਫੇਰੀ ਦੌਰਾਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਨਤਮਸਤਕ ਹੋ ਪਾਲਕੀ ਸਾਹਿਬ ਦੀ ਸੇਵਾ ਨਿਭਾਈ। ਇਸ ਦੌਰਾਨ ਇਨ੍ਹਾਂ ਦੋਵਾਂ ਹੀ ਆਗੂਆਂ ਨੇ ਜਿੱਥੇ ਕਾਂਗਰਸ ਪਾਰਟੀ ਦੀ ਚਡ਼੍ਹਦੀ ਕਲਾ ਅਤੇ ਪੰਜਾਬ ਦੀ ਬਿਹਤਰੀ ਲਈ ਗੁਰੂਘਰ ਅਰਦਾਸ ਕੀਤੀ, ਉਥੇ ਹੀ ਇਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਇਸ ਦੌਰਾਨ ਵਿਧਾਨ ਸਭਾ ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਆਪਣੀ ਪੂਰੀ ਟੀਮ ਦੇ ਨਾਲ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦਾ ਗਰਮਜੋਸ਼ੀ ਨਾਲ ਫੁੱਲਾਂ ਦੇ ਗੁਲਦਸਤੇ ਅਤੇ ਸ੍ਰੀ ਸਾਹਿਬ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦੀ ਸਹੂਲਤ ਨੂੰ ਲੈ ਕੇ ਸੁਖਪਾਲ ਖਹਿਰਾ ਦਾ ਟਵੀਟ, ਮਾਨ ਸਰਕਾਰ ਨੂੰ ਕੀਤੀ ਇਹ ਅਪੀਲ
ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਰੱਖੇ ਗਏ ਪ੍ਰੋਗਰਾਮ ਦੌਰਾਨ ਜਿੱਥੇ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਨੇ ਦੁਪਹਿਰ ਦਾ ਖਾਣਾ ਖਾਧਾ, ਉੱਥੇ ਹੀ ਪਹੁੰਚੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਜੁਗਲ ਕਿਸ਼ੋਰ ਸ਼ਰਮਾ, ਜੋਗਿੰਦਰਪਾਲ ਢੀਂਗਰਾ, ਪਰਗਟ ਸਿੰਘ ਭੁੱਲਰ,ਬੀਰ ਦਵਿੰਦਰ ਸਿੰਘ ਸ਼ਾਹ ਅਤੇ ਹੋਰਨਾਂ ਕਾਂਗਰਸੀ ਆਗੂਆਂ ਨਾਲ਼ ਗੱਲਬਾਤ ਕਰਦੇ ਹੋਏ ਆਉਣ ਵਾਲੀਆਂ ਅਗਾਮੀ ਚੋਣਾਂ ਲਈ ਕਮਰਕੱਸੇ ਕੱਸਣ ਲਈ ਕਿਹਾ। ਗੁਰੂ ਨਗਰੀ ਦੀ ਆਪਣੀ ਫੇਰੀ ਦੌਰਾਨ ਜਿੱਥੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਹਰੇਕ ਕਾਂਗਰਸੀ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ, ਉੱਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗ਼ੈਰ-ਹਾਜ਼ਰ ਨਜ਼ਰ ਆਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਕਿ ਨਵ-ਨਿਯੁਕਤ ਪ੍ਰਧਾਨ ਰਾਜਾ ਵੜਿੰਗ ਦੀ ਅੰਮ੍ਰਿਤਸਰ ਫੇਰੀ ਦਾ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬੜੀ ਚੰਗੀ ਤਰ੍ਹਾਂ ਪਤਾ ਸੀ ਪਰ ਇਸ ਦੇ ਬਾਵਜੂਦ ਉਹ ਕਿਸੇ ਵੀ ਪ੍ਰੋਗਰਾਮ ’ਚ ਸ਼ਿਰਕਤ ਨਹੀਂ ਕਰ ਸਕੇ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਹਾਈਕਮਾਨ ਨਾਲ ਗਿਲਾ-ਸ਼ਿਕਵਾ ਚੱਲ ਰਿਹਾ ਹੈ, ਜਿਸ ਕਾਰਨ ਉਹ ਇਨ੍ਹਾਂ ਸਮਾਗਮਾਂ ’ਚ ਨਾ ਪਹੁੰਚ ਕੇ ਨਵ-ਨਿਯੁਕਤ ਪ੍ਰਧਾਨ ਦਾ ਸੁਆਗਤ ਕਰਨ ਲਈ ਅੱਗੇ ਨਹੀਂ ਆਏ।