‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ਕੀਤੇ ਕਾਰਜਾਂ ਸਦਕਾ ਪਠਾਨਕੋਟ ਪੂਰੇ ਪੰਜਾਬ ਅੰਦਰ ਬਣਾਏਗਾ ਵੱਖਰੀ ਪਛਾਣ : ਚੀਮਾ
Wednesday, Mar 05, 2025 - 10:25 PM (IST)

ਪਠਾਨਕੋਟ (ਅਦਿੱਤਿਆ/ਧਰਮਿੰਦਰ ਠਾਕੁਰ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦਾ ਅਸਰ ਪੂਰੇ ਪੰਜਾਬ ਅੰਦਰ ਦਿਖਾਈ ਦੇ ਰਿਹਾ ਹੈ ਨਸ਼ੇ ਦੇ ਸਮੱਗਲਰ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਹੇ ਹਨ ਜਾਂ ਪ੍ਰਸਾਸ਼ਨ ਉਨ੍ਹਾਂ ਨੂੰ ਜੇਲਾਂ ਵਿਚ ਬੰਦ ਕਰਨ ਦਾ ਪ੍ਰਬੰਧ ਕਰ ਰਿਹਾ ਹੈ, ਜਲਦੀ ਹੀ ਪੰਜਾਬ ਨੂੰ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਤੋਂ ਮੁਕਤ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਜਿਲਾ ਪਠਾਨਕੋਟ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀਆਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਨ ਮਗਰੋਂ ਕੀਤਾ।
ਮੀਟਿੰਗ ਦੌਰਾਨ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ, ਸਵਰਣ ਸਲਾਰੀਆਂ ਉੱਪ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਆਦਿੱਤਿਆ ਉੱਪਲ ਡਿਪਟੀ ਕਮਿਸ਼ਨਰ ਪਠਾਨਕੋਟ, ਦਲਜਿੰਦਰ ਸਿੰਘ ਢਿੱਲੋਂ ਐੱਸ.ਐੱਸ.ਪੀ. ਪਠਾਨਕੋਟ ਆਦਿ ਹਾਜ਼ਰ ਸਨ।
ਮੀਟਿੰਗ ਦੌਰਾਨ ਹਰਪਾਲ ਸਿੰਘ ਚੀਮਾ ਨੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਿਲਾ ਪਠਾਨਕੋਟ ਅੰਦਰ ਨਸ਼ਾ ਛੁਡਾਊ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਪਹਿਲਕਦਮੀਆਂ ਨੂੰ ਹੋਰ ਬਿਹਤਰ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਜ਼ਿਲਾ ਪਠਾਨਕੋਟ ਦੇ ਨਾਲ ਲਗਦੇ ਹਿਮਾਚਲ ਦੇ ਇਲਾਕੇ ਅੰਦਰ ਨਸ਼ੇ ਦਾ ਜੋ ਕਾਰੋਬਾਰ ਕੀਤਾ ਜਾਂਦਾ ਹੈ ਉਸ ਨੂੰ ਠੱਲ੍ਹ ਪਾਉਂਣ ਲਈ ਵੀ ਪਠਾਨਕੋਟ ਪੁਲਸ ਹਿਮਾਚਲ ਪੁਲਸ ਨਾਲ ਮਿਲ ਕੇ ਇਕ ਸਾਂਝਾ ਆਪ੍ਰੇਸ਼ਨ ਚਲਾਏਗੀ ਜਿਸ ਨਾਲ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਨਸ਼ੇ ਦੇ ਚਲ ਰਹੇ ਕਾਰੋਬਾਰ ਤੋਂ ਨਿਜਾਤ ਮਿਲੇਗੀ।
ਉਨ੍ਹਾਂ ਕਿਹਾ ਕਿ ਜ਼ਿਲਾ ਪਠਾਨਕੋਟ ਨਸ਼ੇ ਤੋਂ ਮੁਕਤ ਜ਼ਿਲਾ ਬਣ ਕੇ ਪੂਰੇ ਪੰਜਾਬ ਆਪਣੀ ਵੱਖਰੀ ਪਹਿਚਾਣ ਬਣਾਵੇਗਾ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਸ਼ਾ ਸਮੱਗਲਰਾਂ ਵਿਰੁੱਧ ਤੇਜ਼ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਦੀ ਨਸ਼ਿਆਂ ਦੇ ਕਾਰੋਬਾਰ ਰਾਹੀਂ ਹਾਸਲ ਕੀਤੀ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇ। ਇਸ ਮੀਟਿੰਗ ਵਿਚ ਅੰਮਿਤ ਮੰਟੂ ਹਲਕਾ ਇੰਚਾਰਜ ਸੁਜਾਨਪੁਰ, ਵਿਭੂਤੀ ਸ਼ਰਮਾ ਹਲਕਾ ਇੰਚਾਰਜ ਪਠਾਨਕੋਟ , ਸੁਨੀਲ ਗੁਪਤਾ ਚੇਅਰਮੈਨ ਪੈਸਕੋ ਪੰਜਾਬ, ਵਿਕਾਸ ਸੈਣੀ ਚੇਅਰਮੈਨ ਮਾਰਕਿਟ ਕਮੇਟੀ, ਰੇਖਾ ਮਣੀ ਸ਼ਰਮਾ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਪਠਾਨਕੋਟ, ਸੋਰਭ ਬਹਿਲ ਸਕੱਤਰ ਆਮ ਆਦਮੀ ਪਾਰਟੀ ਅਤੇ ਪਾਰਟੀ ਦੇ ਹੋਰ ਵਰਕਰ ਵੀ ਹਾਜ਼ਰ ਸਨ।