ਪਾਵਰਕਾਮ ਦੀ ਅਣਗਹਿਲੀ ਕਾਰਨ ਕਿਸਾਨ ਨੂੰ ਲੱਗਾ ਕਰੰਟ

Tuesday, Aug 21, 2018 - 05:07 AM (IST)

ਪਾਵਰਕਾਮ ਦੀ ਅਣਗਹਿਲੀ ਕਾਰਨ ਕਿਸਾਨ ਨੂੰ ਲੱਗਾ ਕਰੰਟ

ਬਨੂਡ਼, (ਗੁਰਪਾਲ)- ਨੇਡ਼ਲੇ ਪਿੰਡ ਕਰਾਲਾ ਦੇ ਇਕ 55 ਸਾਲਾ ਕਿਸਾਨ ਗੁਰਦੀਪ ਸਿੰਘ ਪੁੱਤਰ ਸਰਵਣ ਸਿੰਘ ਦੀ ਪਾਵਰਕਾਮ ਦੇ ਕਰਮਚਾਰੀ ਦੀ ਅਣਗਹਿਲੀ ਤੇ ਮੌਜੂਦਗੀ ਵਿਚ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਗੁਰਦੀਪ ਸਿੰਘ ਦੇ ਪੁੱਤਰ ਕੁਲਵਿੰਦਰ ਸਿੰਘ ਖਾਲਸਾ ਤੇ ਪੰਚ ਲੱਖੀ ਕਰਾਲਾ ਨੇ ਦੱਸਿਆ ਕਿ ਉਸ ਦਾ ਪਿਤਾ ਖੇਤੀਬਾਡ਼ੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਬੀਤੇ 3 ਹਫਤੇ ਪਹਿਲਾਂ ਉਨ੍ਹਾਂ ਦੇ ਖੇਤਾਂ ਵਿਚ ਲੱਗੇ ਟਿਊਬਵੈੈੱਲ ਲਈ ਲਾਇਆ ਟਰਾਂਸਫਾਰਮਰ ਸਡ਼ ਗਿਆ ਸੀ, ਜਿਸ ਦੀ ਉਸ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਬੀਤੇ ਦਿਨ ਪਾਵਰਕਾਮ ਦੇ 2 ਕਰਮਚਾਰੀ ਜਿਨ੍ਹਾਂ ਵਿਚ ਲਾਈਨਮੈਨ ਰਾਮਧਰ ਤੇ ਹੋਰ ਕਰਮਚਾਰੀ ਖੇਤਾਂ ਵਿਚ ਨਵਾਂ ਟਰਾਂਸਫਾਰਮਰ ਰੱਖਣ ਲਈ ਆ ਗਏ। ਉਨ੍ਹਾਂ ਕਰਮਚਾਰੀਆਂ ਦੀ ਮਦਦ ਕਰਨ ਲਈ ਮੇਰਾ ਪਿਤਾ ਵੀ ਖੇਤਾਂ ਵਿਚ ਚਲਾ ਗਿਆ। ਜਦੋਂ ਉਨ੍ਹਾਂ ਨੇ ਖੰਭੇ ’ਤੇ ਨਵਾਂ ਟਰਾਂਸਫਾਰਮਰ ਰੱਖ ਦਿੱਤਾ ਤਾਂ ਇਕ ਕਰਮਚਾਰੀ ਉਥੋਂ ਆ ਗਿਆ ਤੇ ਕੇਵਲ ਰਾਮਧਰ ਹੀ ਬਾਕੀ ਕੰਮ ਪੂਰਾ ਕਰਨ ਲੱਗ ਪਿਆ। ਜਦੋਂ ਸਾਰਾ ਕੰਮ ਮੁਕੰਮਲ ਹੋ ਗਿਆ ਤਾਂ ਰਾਮਧਰ ਨੇ ਮੇਰੇ ਪਿਤਾ ਨੂੰ ਸਵਿੱਚ ਲਾਉਣ ਲਈ ਕਿਹਾ। ਜਦੋਂ ਉਨ੍ਹਾਂ ਸਵਿੱਚ ਲਾਇਆ ਤਾਂ ਅਚਾਨਕ ਉੱਪਰੋਂ ਹਾਈ ਵੋਲਟੇਜ ਦੀ ਤਾਰ ਆ ਕੇ ਸਵਿੱਚ ’ਤੇ ਡਿੱਗ ਪਈ, ਜਿਸ ਨਾਲ ਮੇਰੇ ਪਿਤਾ ਨੂੰ ਜ਼ੋਰਦਾਰ ਕਰੰਟ ਲੱਗਾ। ਉਸ ਨੂੰ ਚੁੱਕ ਕੇ ਬਨੂਡ਼ ਦੇ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਸ ਨੂੰ ਚੰਡੀਗਡ਼੍ਹ ਦੇ 32 ਸੈਕਟਰ ਦੇ ਹਸਪਤਾਲ ਰੈਫਰ ਕਰ ਦਿੱਤਾ। ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। 
 ਇਸ ਮਾਮਲੇ ਬਾਰੇ ਜਦੋਂ ਪਾਵਰਕਾਮ ਦੇ ਐੈੱਸ. ਡੀ. ਓ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ ਬਾਰੇ ਅਣਜਾਣਤਾ ਜ਼ਾਹਰ ਕੀਤੀ। 


Related News