ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਫਸਲ ਬਰਬਾਦ
Monday, Aug 14, 2017 - 03:54 AM (IST)
ਘਨੌਲੀ, (ਸ਼ਰਮਾ)- ਐੱਸ. ਵਾਈ. ਐੱਲ. ਨਹਿਰ ਦੇ ਕੰਢੇ 'ਤੇ ਵਸੇ ਪਿੰਡ ਇੰਦਰਪੁਰਾ ਵਿਖੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਤੇ ਬਰਸਾਤੀ ਨਾਲੇ ਦੀ ਸਫਾਈ ਨਾ ਹੋਣ ਕਾਰਨ ਜ਼ਿਮੀਂਦਾਰਾਂ ਦੇ ਖੇਤਾਂ 'ਚ ਪਾਣੀ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ।
ਇਸ ਸਬੰਧ 'ਚ ਪਿੰਡ ਦੇ ਕਿਸਾਨਾਂ ਨੰਬਰਦਾਰ ਜਸਵੰਤ ਸਿੰਘ, ਰਘਵੀਰ ਸਿੰਘ, ਜਗਤਾਰ ਸਿੰਘ, ਜਸਪ੍ਰੀਤ ਸਿੰਘ, ਅਵਤਾਰ ਸਿੰਘ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ ਪਾਣੀ ਤੇ ਬਰਸਾਤੀ ਪਾਣੀ ਲਈ ਬਣਾਏ ਨਿਕਾਸੀ ਨਾਲੇ ਦੀ ਸਫਾਈ ਨਾ ਹੋਣ ਕਾਰਨ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਨੇੜੇ ਇਕੱਠਾ ਹੋ ਗਿਆ ਹੈ, ਜਿਸ ਕਰਾਨ ਪਿੰਡ ਵਾਸੀਆਂ ਦੇ ਘਰਾਂ 'ਚ ਸਲ੍ਹਾਬ ਆ ਗਈ ਹੈ ਤੇ ਪਾਣੀ ਖੜ੍ਹਾ ਹੋਣ ਕਾਰਨ ਮੱਛਰਾਂ-ਮੱਖੀਆਂ ਦੀ ਭਰਮਾਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਖੇਤਾਂ 'ਚ ਲਾਈ 9 ਏਕੜ ਝੋਨੇ ਦੀ ਫਸਲ ਵਿਚ ਪਾਣੀ ਹੀ ਪਾਣੀ ਹੋ ਗਿਆ ਹੈ ਤੇ ਫਸਲ ਵੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ। ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਪੱਤਰ ਵੀ ਦਿੱਤਾ ਜਾਵੇਗਾ।
