ਮੀਂਹ ਕਾਰਨ ਬਾਜ਼ਾਰਾਂ ''ਚ ਭਰਿਆ ਪਾਣੀ, ਹਨੇਰੀ ਨਾਲ ਟੁੱਟੇ ਰੁੱਖ
Monday, Jun 12, 2017 - 06:28 AM (IST)
ਫਾਜ਼ਿਲਕਾ, (ਨਾਗਪਾਲ)- ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਜਿਥੇ ਬੀਤੀ ਰਾਤ ਚੱਲੀ ਤੇਜ਼ ਹਨੇਰੀ ਤੋਂ ਬਾਅਦ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੁਆਈ, ਉਥੇ ਲਗਭਗ ਦੋ ਘੰਟੇ ਤੱਕ ਪਏ ਤੇਜ਼ ਮੀਂਹ ਦੇ ਕਾਰਨ ਬਾਜ਼ਾਰ ਪਾਣੀ ਨਾਲ ਭਰ ਗਏ ਅਤੇ ਕੁਝ ਥਾਵਾਂ 'ਤੇ ਰੁੱਖ ਵੀ ਟੁੱਟ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਲਗਭਗ 8 ਵਜੇ ਅਚਾਨਕ ਤੇਜ਼ ਹਨੇਰੀ ਚੱਲਣ ਲੱਗੀ ਅਤੇ ਲਗਭਗ ਅੱਧੇ ਘੰਟੇ ਤੱਕ ਚੱਲੀ ਤੇਜ਼ ਹਨੇਰੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਤੇਜ਼ ਮੀਂਹ ਪੈਣ ਲੱਗਿਆ ਜੋ ਲਗਭਗ ਦੋ ਘੰਟੇ ਤੱਕ ਪੈਦਾ ਰਿਹਾ। ਇਸ ਚੱਲੀ ਹਨੇਰੀ ਅਤੇ ਮੀਂਹ ਦੇ ਕਾਰਨ ਜਿੱਥੇ ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਉਥੇ ਮੀਂਹ ਕਾਰਨ ਸ਼ਹਿਰ ਦੇ ਰੇਲਵੇ ਫਾਟਕ ਦੇ ਨੇੜੇ, ਬੱਸ ਸਟੈਂਡ ਦੇ ਨੇੜੇ, ਰੇਲਵੇ ਓਵਰਬ੍ਰਿਜ ਦੇ ਨੇੜੇ, ਰੇਲਵੇ ਸਟੇਸ਼ਨ, ਆਰੀਆ ਸਮਾਜ ਰੋਡ ਅਤੇ ਸ਼ਹਿਰ ਦੀਆਂ ਹੋਰਨਾਂ ਸੜਕਾਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਉਕਤ ਰਸਤਿਆਂ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਦੂਸਰੇ ਪਾਸੇ ਤੇਜ਼ ਹਨੇਰੀ ਤੋਂ ਬਾਅਦ ਤੇਜ਼ ਮੀਂਹ ਦੇ ਕਾਰਨ ਸ਼ਹਿਰ 'ਚ ਮੁੱਖ ਸੜਕਾਂ ਅਤੇ ਆਲੇ ਦੁਆਲੇ ਦੀਆਂ ਕੁਝ ਥਾਵਾਂ 'ਤੇ ਰੁੱਖਾਂ ਦੇ ਟੁੱਟਣ ਅਤੇ ਸ਼ਹਿਰ ਦੀਆਂ ਕੁਝ ਦੁਕਾਨਾਂ 'ਤੇ ਲੱਗੇ ਬੋਰਡਾਂ ਦੇ ਵੀ ਟੁੱਟਣ ਦਾ ਸਮਾਚਾਰ ਹੈ। ਹਨੇਰੀ ਅਤੇ ਤੇਜ਼ ਮੀਂਹ ਕਾਰਨ ਇਲਾਕੇ ਦੇ ਕੁਝ ਹਿੱਸਿਆਂ 'ਚ ਰਾਤ ਦੇ ਸਮੇਂ ਬਿਜਲੀ ਵੀ ਗੁੱਲ ਰਹੀ।
ਗੁਰੂਹਰਸਹਰਾਏ/ਜਲਾਲਾਬਾਦ, (ਭੀਮ,ਨਿਖੰਜ )-ਸ਼ਨੀਵਾਰ ਦੇਰ ਰਾਤ ਆਏ ਤੇਜ਼ ਚੱਕਰਵਰਤੀ ਤੂਫਾਨ ਦੇ ਨਾਲ ਗੁਰੂਹਰਸਹਾਏ ਇਲਾਕੇ ਦੇ ਪਿੰਡਾਂ ਅਤੇ ਸ਼ਹਿਰ ਅੰਦਰ ਤੂਫਾਨ ਨਾਲ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ ਪਰ ਇਸ ਤੂਫਾਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੂਫਾਨ ਦੇ ਨਾਲ ਫਾਜ਼ਿਲਕਾ-ਫਿਰੋਜ਼ਪੁਰ ਮਾਰਗ 'ਤੇ ਪਿੰਡ ਸੈਦੇ ਕੇ ਮੋਹਨ ਅਤੇ ਮੋਹਨ ਕੇ ਉਤਾੜ੍ਹ ਵਿਖੇ ਮੁੱਖ ਮਾਰਗ ਦੇ ਕਿਨਾਰੇ ਵਣ ਵਿਭਾਗ ਵੱਲੋਂ ਲਾਏ ਦਰੱਖਤ ਵੀ ਟੁੱਟ ਕੇ ਸੜਕ 'ਤੇ ਡਿੱਗ ਗਏ, ਜਿਸ ਕਾਰਨ ਕਾਫੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਹੋਈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਸੈਦੇ ਕੇ ਮੋਹਨ, ਮੋਹਨ ਕੇ ਉਤਾੜ੍ਹ ਅਤੇ ਜੀਵਾਂ ਅਰਾਈ ਦੇ ਪਿੰਡਾਂ ਅੰਦਰ ਲੱਗੇ 20 ਦੇ ਕਰੀਬ ਬਿਜਲੀ ਦੇ ਟਰਾਂਸਫਾਰਮਰ ਡਿੱਗਣ ਕਾਰਨ ਬਿਜਲੀ ਸਪਲਾਈ ਗੁੱਲ ਹੋ ਗਈ ਅਤੇ ਜਿਸਦੇ ਕਾਰਨ ਲੋਕਾਂ ਨੂੰ ਘਰੇਲੂ ਲੋੜਾਂ ਲਈ ਇਸਤੇਮਾਲ ਹੋਣ ਵਾਲੇ ਪਾਣੀ ਲਈ ਵੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸਦੇ ਨਾਲ ਹੀ ਗੁਰੂਹਰਸਹਾਏ ਦੇ ਬਿਜਲੀ ਘਰ ਤੋਂ ਨਿਕਲਦੀਆਂ ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਜਿਨ੍ਹਾਂ 'ਚ 132 ਕੇ.ਵੀ. ਅਤੇ 66 ਕੇ.ਵੀ. ਲਾਈਨਾਂ ਦੇ ਖੰਬੇ ਵੀ ਡਿੱਗ ਗਏ।
ਹਨੇਰੀ ਦੇ ਕਾਰਨ ਸੰਨ ਫੂਡ ਪ੍ਰੋਡੈਕਟ ਰਾਈਸ ਮਿੱਲ ਦੇ ਮਾਲਕ ਹੰਸ ਰਾਜ ਬੱਟੀ ਨੇ ਦੱਸਿਆ ਕਿ ਤੇਜ਼ ਹਨੇਰੀ ਦੇ ਨਾਲ ਸ਼ੈਲਰ ਇੰਡਸਟਰੀ ਦੀਆਂ ਛੱਤਾਂ ਤੋਂ ਇਲਾਵਾ ਸ਼ੈਲਰ, ਫੂਡ ਪ੍ਰੋਸੈਸਿੰਗ ਸ਼ੈਲਰ ਇੰਸਡਟਰੀ ਜੀਵਾਂ ਅਰਾਈ ਦੇ ਸ਼ੈੱਡ ਦੇ ਡਿੱਗਣ ਤੋਂ ਇਲਾਵਾ ਚਾਰਦੀਵਾਰੀ ਤੇ ਜੇ. ਐੱਨ. ਇੰਟਰਨੈਸ਼ਨਲ ਸਕੂਲ ਦੀ ਚਾਰਦੀਵਾਰੀ ਦੇ ਨਾਲ-ਨਾਲ ਛੱਤਾਂ ਵੀ ਉਡ ਗਈਆਂ। ਇਸ ਤੋਂ ਇਲਾਵਾ ਪਿੰਡ ਸੈਦੇ ਕੇ ਮੋਹਨ ਦੇ ਵਿਅਕਤੀ ਜਸਵੰਤ ਰਾਏ ਨੰਬਰਦਾਰ ਦੇ ਘਰ ਵਿਚਾਲੇ ਸ਼ੈੱਡ ਦੀ ਛੱਤ ਵੀ ਉਡ ਗਈ। ਤੂਫਾਨ ਨਾਲ ਹੋਈ ਤਬਾਹੀ ਦੀ ਇਲਾਕੇ ਦੇ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।
