ਤਿੰਨ ਮਹੀਨੇ ਬਾਅਦ ਵਤਨ ਪੁੱਜੀ ਅੰਮ੍ਰਿਤਸਰ ਦੇ ਹਰਦੀਪ ਸਿੰਘ ਦੀ ਮ੍ਰਿਤਕ ਦੇਹ
Tuesday, Jul 21, 2020 - 09:13 PM (IST)
ਅੰਮ੍ਰਿਤਸਰ (ਸੰਧੂ) : ਸੁਨਹਿਰੀ ਭਵਿੱਖ ਦੇ ਸੁਪਨੇ ਦਿਲ 'ਚ ਸਜਾ ਕੇ ਦੁਬਈ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ ਦੇ 30 ਸਾਲਾ ਹਰਦੀਪ ਸਿੰਘ ਜਿਸ ਦੀ ਬੀਤੀ 19 ਅਪ੍ਰੈਲ ਨੂੰ ਅਚਾਨਕ ਮੌਤ ਹੋ ਗਈ ਸੀ ਦਾ ਮ੍ਰਿਤਕ ਸਰੀਰ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਅਣਥੱਕ ਯਤਨਾ ਰਾਹੀਂ ਬੀਤੀ ਅੱਧੀ ਰਾਤ ਨੂੰ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁੱਜਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ ਦਾ ਨੌਜਵਾਨ ਹਰਦੀਪ ਸਿੰਘ ਪੁੱਤਰ ਸਵ. ਲੁਕਾ ਸਿੰਘ ਬੀਤੀ 25 ਅਗਸਤ ਨੂੰ ਕਰਜ਼ਾ ਚੁੱਕ ਕੇ ਆਪਣੇ ਪਰਿਵਾਰ ਦੀ ਬਿਹਤਰੀ ਲਈ ਦੁਬਈ ਮਜ਼ਦੂਰੀ ਕਰਨ ਲਈ ਗਿਆ ਸੀ ਪਰ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਬੀਤੀ 19 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ ਸੀ ਜਦ ਹਰਦੀਪ ਦੇ ਪਰਿਵਾਰ ਨੂੰ ਆਪਣੇ 'ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਗਰੀਬੀ ਤੇ ਬੇਵਸੀ ਦਾ ਹਵਾਲਾ ਦਿੰਦਿਆਂ ਹਰਦੀਪ ਦੀ ਮ੍ਰਿਤਕ ਦੇ ਵਾਪਸ ਭਾਰਤ ਲੈ ਕੇ ਆਉਣ ਲਈ ਕਿਹਾ।
ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੇ ਹਾਦਸੇ 'ਚ ਪਿਉ-ਪੁੱਤ ਦੀ ਮੌਤ, ਤਸਵੀਰਾਂ 'ਚ ਦੇਖੋ ਭਿਆਨਕ ਮੰਜ਼ਰ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਹਰਦੀਪ ਦਾ ਮ੍ਰਿਤਕ ਸਰੀਰ ਭੇਜਣ ਲਈ ਤੁਰੰਤ ਯਤਨ ਸ਼ੁਰੂ ਕਰ ਦਿੱਤੇ ਪਰ ਕੋਰੋਨਾ ਮਹਾਮਾਰੀ ਕਾਰਨ ਬੰਦ ਹੋਈਆਂ ਉਡਾਣਾਂ ਮੁੜ ਚਾਲੂ ਹੋਣ ਕਰਕੇ ਬੀਤੀ ਰਾਤ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਹੈ। ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਟਰੱਸਟ ਦੀ ਅੰਮ੍ਰਿਤਸਰ ਟੀਮ ਨੂੰ ਅਪ੍ਰੈਲ ਮਹੀਨੇ ਅੰਦਰ ਹੀ ਮ੍ਰਿਤਕ ਦੇ ਪਿੰਡ ਭੇਜ ਕੇ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਜਾਨਣ ਉਪਰੰਤ ਪੀੜਤ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਲਾਹੁਣ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਨੂੰ ਉਸ ਦੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਟਰੱਸਟ ਵੱਲੋਂ ਪਹਿਲਾਂ ਤੋਂ ਹੀ 3 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗ਼ਲਤ ਢੰਗ ਨਾਲ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਉਣ ਵਾਲੇ ਸਾਵਧਾਨ, ਸਰਕਾਰ ਕਰਨ ਜਾ ਰਹੀ ਕਾਰਵਾਈ
ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਇਸ ਹਫ਼ਤੇ ਟਰੱਸਟ ਵੱਲੋਂ ਪੰਜਾਬ ਦੇ ਗੁਰਦਾਸਪੁਰ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਮੋਗਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਨਾਲ ਸਬੰਧਤ 5 ਹੋਰ ਨੌਜਵਾਨਾਂ ਦੇ ਮ੍ਰਿਤਕ ਸਰੀਰ ਵਾਪਸ ਲਿਆਂਦੇ ਜਾਣਗੇ। ਇਸ ਦੌਰਾਨ ਮ੍ਰਿਤਕ ਦੇ ਭਰਾ ਸਰਬਜੀਤ ਸਿੰਘ, ਚਾਚਾ ਜਗਰੂਪ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ।
ਇਹ ਵੀ ਪੜ੍ਹੋ : ਥਾਣਾ ਲਹਿਰਾ 'ਤੇ ਕੋਰੋਨਾ ਦਾ ਹਮਲਾ, ਡੀ. ਐੱਸ. ਪੀ. ਸਣੇ 25 ਮੁਲਾਜ਼ਮ ਆਏ ਪਾਜ਼ੇਟਿਵ