ਹੈਵੀ ਟਰੱਕ ਮਾਲਕਾਂ ਲਈ ''ਜੀਅ ਦਾ ਜੰਜਾਲ'' ਬਣਿਆ ਡੀ.ਟੀ.ਓ. ਦਫਤਰਾਂ ਦਾ ਖਾਤਮਾ
Thursday, Nov 30, 2017 - 06:26 AM (IST)
ਕਪੂਰਥਲਾ, (ਭੂਸ਼ਣ)- ਬੀਤੇ ਮਾਰਚ ਮਹੀਨੇ 'ਚ ਸੂਬੇ ਦੀ ਸੱਤਾ ਸੰਭਾਲਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰਾਂਸਪੋਰਟ ਵਿਭਾਗ 'ਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਾਰੇ ਜ਼ਿਲਿਆਂ 'ਚ ਡੀ. ਟੀ. ਓ. ਦੇ ਅਹੁਦੇ ਖਤਮ ਕਰਨ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਤੋਂ ਜਿਥੇ ਟਰਾਂਸਪੋਰਟ ਵਿਭਾਗ ਦੀਆਂ ਸਾਰੀਆਂ ਪਾਵਰਾਂ ਸਬ-ਡਵੀਜ਼ਨ ਪੱਧਰ 'ਤੇ ਐੱਸ. ਡੀ. ਐੱਮ. ਰੈਂਕ ਦੇ ਅਫਸਰਾਂ ਨੂੰ ਸ਼ਿਫਟ ਹੋ ਗਈਆਂ ਹਨ। ਉਥੇ ਹੀ ਹੈਵੀ ਟਰੱਕਾਂ ਸਬੰਧੀ ਜਾਰੀ ਹੋਣ ਵਾਲੇ ਪਰਮਿਟ, ਪਾਸਿੰਗ ਤੇ ਲਾਇਸੈਂਸ ਜਾਰੀ ਕਰਨ ਦੀਆਂ ਸ਼ਕਤੀਆਂ ਆਰ. ਟੀ. ਏ. ਰੈਂਕ ਦੇ ਅਫਸਰਾਂ ਨੂੰ ਸ਼ਿਫਟ ਹੋਣ ਨਾਲ ਇਨ੍ਹਾਂ ਸਾਰੇ ਕੰਮਾਂ 'ਚ ਹੋ ਰਹੀ ਦੇਰੀ ਨੇ ਟਰੱਕ ਆਪ੍ਰੇਟਰਾਂ ਅਤੇ ਉਨ੍ਹਾਂ ਦੇ ਮਾਲਕਾਂ 'ਚ ਜ਼ਬਰਦਸਤ ਹਲਚਲ ਮਚਾ ਦਿੱਤੀ ਹੈ। ਆਲਮ ਤਾਂ ਇਹ ਹੈ ਕਿ ਜ਼ਿਲਾ ਕਪੂਰਥਲਾ ਦਾ ਡਾਟਾ ਆਰ. ਟੀ. ਏ. ਦਫ਼ਤਰ ਜਲੰਧਰ 'ਚ ਅਪਲੋਡ ਨਾ ਹੋਣ ਕਾਰਨ ਬੀਤੇ 4-5 ਮਹੀਨਿਆਂ ਤੋਂ ਹੈਵੀ ਟਰੱਕਾਂ ਨਾਲ ਸਬੰਧਤ ਸਾਰੇ ਕੰਮ ਰੁਕੇ ਹੋਏ ਹਨ। ਉਥੇ ਹੀ ਡੀ. ਟੀ. ਓ. ਦਫਤਰਾਂ ਦਾ ਖਾਤਮਾ ਹੈਵੀ ਟਰੱਕ ਮਾਲਕਾਂ ਲਈ 'ਜੀਅ ਦਾ ਜੰਜਾਲ' ਬਣ ਗਿਆ।
ਟਰਾਂਸਪੋਰਟ ਵਿਭਾਗ ਨੂੰ ਪਾਰਦਰਸ਼ੀ ਬਣਾਉਣ ਲਈ ਸਰਕਾਰ ਨੇ ਦਿੱਤੇ ਸਨ ਹੁਕਮ
ਬੀਤੇ ਕਈ ਦਹਾਕਿਆਂ ਤੋਂ ਸੂਬੇ 'ਚ ਟਰਾਂਸਪੋਰਟ ਵਿਭਾਗ 'ਚ ਚਲ ਰਹੇ ਭ੍ਰਿਸ਼ਟਾਚਾਰ ਅਤੇ ਟਰੱਕ ਮਾਲਕਾਂ ਨੂੰ ਤੰਗ ਕਰਨ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਜ਼ਿਲਿਆਂ 'ਚ ਜ਼ਿਲਾ ਟਰਾਂਸਪੋਰਟ ਅਫਸਰ ਦੇ ਅਹੁਦੇ ਖਤਮ ਕਰਦੇ ਹੋਏ ਸਾਰੀਆਂ ਸ਼ਕਤੀਆਂ ਸਬ-ਡਵੀਜ਼ਨ ਪੱਧਰ 'ਤੇ ਐੱਸ. ਡੀ. ਐੱਮ. ਨੂੰ ਸੌਂਪ ਦਿੱਤੀਆਂ ਸਨ ਜਿਸ ਸਬੰਧੀ ਸ਼ੁਰੂ-ਸ਼ੁਰੂ 'ਚ ਪੂਰੇ ਸਿਸਟਮ ਸਬੰਧੀ ਲੋਕਲ ਪੱਧਰ 'ਤੇ ਜਾਣਕਾਰੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਵੀ ਆਈਆਂ ਸੀ ਪਰ ਹੁਣ ਐੱਸ. ਡੀ. ਐੱਮ. ਪੱਧਰ 'ਤੇ ਟਰਾਂਸਪੋਰਟ ਵਿਭਾਗ ਦਾ ਕੰਮ ਪਟੜੀ 'ਤੇ ਆਉਣਾ ਸ਼ੁਰੂ ਹੋ ਗਿਆ ਹੈ।
ਹੈਵੀ ਟਰੱਕਾਂ ਸਬੰਧੀ ਸਾਰੇ ਕੰਮ ਕਰ ਦਿੱਤੇ ਗਏ ਸਨ ਆਰ. ਟੀ. ਏ. ਨੂੰ ਟਰਾਂਸਫਰ
ਸੂਬੇ 'ਚ ਆਰ. ਟੀ. ਏ. ਦੇ ਅਹੁਦੇ ਜਿਥੇ ਵੱਡੇ ਸ਼ਹਿਰਾਂ 'ਚ ਹਨ ਉਥੇ ਹੀ ਇਕ ਆਰ. ਟੀ. ਏ. ਦੇ ਅਧੀਨ 2 ਤੋਂ 3 ਜ਼ਿਲਿਆਂ ਆਉਂਦੇ ਹਨ ਜਿਸ ਕਾਰਨ ਹਾਲਾਤ ਤਾਂ ਇਹ ਹੋ ਗਏ ਹਨ ਕਿ ਬੀਤੇ 4-5 ਮਹੀਨਿਆਂ ਤੋਂ ਕਪੂਰਥਲਾ ਜ਼ਿਲੇ 'ਚ ਸੈਂਕੜੇ ਟਰੱਕ ਮਾਲਕਾਂ ਅਤੇ ਆਪ੍ਰੇਟਰਾਂ ਨੂੰ ਆਪਣੇ ਕੰਮਾਂ ਸਬੰਧੀ ਆਰ. ਟੀ. ਏ. ਜਲੰਧਰ ਦਫ਼ਤਰ 'ਚ ਜਾਣਾ ਪੈ ਰਿਹਾ ਹੈ ਪਰ ਜਲੰਧਰ ਦੇ ਆਰ. ਟੀ. ਏ. ਦਫ਼ਤਰ 'ਚ ਫਿਲਹਾਲ ਜ਼ਿਲਾ ਕਪੂਰਥਲਾ ਨਾਲ ਸਬੰਧਤ ਹੈਵੀ ਟਰੱਕ ਸਬੰਧੀ ਸਿਸਟਮ ਅਪਲੋਡ ਨਾ ਹੋਣ ਕਾਰਨ ਸੈਂਕੜੇ ਦੀ ਗਿਣਤੀ 'ਚ ਲਾਇਸੈਂਸ ਦੇ ਰੀਨਿਊ, ਪਰਮਿਟ, ਪਾਸਿੰਗ ਅਤੇ ਨਵੇਂ ਹੈਵੀ ਟਰੱਕਾਂ ਦੀ ਰਜਿਸਟਰੇਸ਼ਨ ਦਾ ਕੰਮ ਪੂਰੀ ਤਰ੍ਹਾਂ ਬੰਦ ਪਿਆ ਹੈ ਜਿਸ ਕਾਰਨ ਟਰਾਂਸਪੋਰਟਰਾਂ ਨੂੰ ਲਾਇਸੈਂਸ ਰੀਨਿਊ ਨਾ ਹੋਣ ਦੇ ਬਾਵਜੂਦ ਆਪਣੇ ਡਰਾਈਵਰਾਂ ਨੂੰ ਕੰਮ ਲਈ ਦੂਜੇ ਸ਼ਹਿਰਾਂ 'ਚ ਭੇਜਣਾ ਪੈ ਰਿਹਾ ਹੈ ਜਿਸ ਨਾਲ ਜਿਥੇ ਟਰੱਕ ਮਾਲਕਾਂ ਨੂੰ ਚਲਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ ਉਥੇ ਹੀ ਸਰਕਾਰੀ ਖਜ਼ਾਨੇ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ ।
ਕੀ ਕਹਿੰਦੇ ਹਨ ਡੀ. ਸੀ.
ਇਸ ਸਬੰਧੀ ਜਦੋਂ ਡੀ. ਸੀ. ਮੁਹੰਮਦ ਤਇਅਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆ ਦੇ ਨਿਪਟਾਰੇ ਲਈ ਉਹ ਟਰਾਂਸਪੋਰਟ ਵਿਭਾਗ ਨਾਲ ਗੱਲ ਕਰਨਗੇ ਉਥੇ ਹੀ ਇਸ ਦੇ ਹੱਲ ਲਈ ਸਰਕਾਰ ਨੂੰ ਲਿਖਿਆ ਜਾਵੇਗਾ ।
