ਦਿੱਲੀ ਦੇ ਸਿੱਖਾਂ ਤੇ DSGMC ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਬਣਾਉਣ ਦਾ ਕੀਤਾ ਐਲਾਨ
Friday, Mar 18, 2022 - 11:04 AM (IST)

ਜਲੰਧਰ (ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਦਿੱਲੀ ਦੇ ਸਿੱਖਾਂ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਬਣਾਉਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਪਾਰਟੀ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਾਸਤੇ ਪੰਥਕ ਰਵਾਇਤਾਂ ਮੁਤਾਬਕ ਕੰਮ ਕਰੇਗੀ। ਬੀਤੇ ਦਿਨ ਇਥੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਾਰਟੀ ਦੇ ਮੁੱਖ ਸਰਪ੍ਰਸਤ ਚੁਣੇ ਗਏ ਹਨ। ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਐੱਮ. ਪੀ. ਐੱਸ. ਚੱਢਾ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ ਜਦਕਿ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਅਤੇ ਹਰਵਿੰਦਰ ਸਿੰਘ ਕੇ. ਪੀ. ਨੂੰ ਪਾਰਟੀ ਦੇ ਸਰਪ੍ਰਸਤ ਚੁਣਿਆ ਗਿਆ ਹੈ।
ਕਾਲਕਾ ਨੇ ਦੱਸਿਆ ਕਿ ਪਾਰਟੀ ਦੀ ਕੋਰ ਕਮੇਟੀ ਸਮੇਤ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ 10 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਦੋਂ ਤੱਕ ਪਾਰਟੀ ਨੂੰ ਚੋਣ ਨਿਸ਼ਾਨ ਵੀ ਮਿਲ ਜਾਵੇਗਾ। ਇਸ ਕਮੇਟੀ ਵਿਚ ਆਤਮਾ ਸਿੰਘ ਲੁਬਾਦਾ, ਬਲਬੀਰ ਸਿੰਘ ਵਿਵੇਕ ਵਿਹਾਰ, ਅਮਰਜੀਤ ਸਿੰਘ ਪੱਪੂ, ਅਮਰਜੀਤ ਸਿੰਘ ਪਿੰਕੀ ਤੇ ਹਰਵਿੰਦਰ ਸਿੰਘ ਕੇ. ਪੀ. ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਬੋਲੇ, 'ਪੰਜਾਬ ਨੂੰ ਲੰਡਨ-ਪੈਰਿਸ ਨਹੀਂ ਸਗੋਂ ਅਸਲੀ ਪੰਜਾਬ ਬਣਾਉਣਾ ਹੈ'
ਉਨ੍ਹਾਂ ਦੱਸਿਆ ਕਿ ਯੂਥ ਵਿੰਗ ਦੇ ਗਠਨ ਦੀ ਜ਼ਿੰਮੇਵਾਰੀ ਰਮਨਦੀਪ ਸਿੰਘ ਥਾਪਰ, ਸਤਬੀਰ ਸਿੰਘ ਗਗਨ ਅਤੇ ਮਨਜੀਤ ਸਿੰਘ ਔਲਖ ਨੁੰ ਸੌਂਪੀ ਗਈ ਹੈ ਅਤੇ ਪਾਰਟੀ ਵਿਦਿਆਰਥੀ ਚੋਣਾਂ ਵੀ ਲੜੇਗੀ ਅਤੇ ਸਟੂਡੈਂਟ ਵਿੰਗ ਦੇ ਗਠਨ ਦੀ ਜ਼ਿੰਮੇਵਾਰੀ ਰਮਨਜੋਤ ਸਿੰਘ ਮੀਤਾ ਅਤੇ ਗੁਰਦੇਵ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਮਜ਼ਬੂਤ ਮਹਿਲਾ ਵਿੰਗ ਟੀਮ ਹੋਵੇਗੀ ਤੇ ਬੀਬੀ ਭੁਪਿੰਦਰ ਕੌਰ, ਬੀਬੀ ਬਲਜੀਤ ਕੌਰ, ਬੀਬੀ ਪਰਮਜੀਤ ਕੌਰ ਗੁੱਡੀ, ਬੀਬੀ ਮਨਜੀਤ ਕੌਰ ਗੋਵਿੰਦਪੁਰੀ, ਬੀਬੀ ਮਨਜੀਤ ਕੌਰ ਲਾਰੇਂਸ ਰੋਡ ਅਤੇ ਬੀਬੀ ਸੂਰਬੀਰ ਕੌਰ ਨੁੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਥਕ ਰਵਾਇਤਾਂ ਮੁਤਾਬਕ ਕੰਮ ਕਰੇਗੀ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਨਵੇਂ ਚੁਣੇ ਪ੍ਰਧਾਨ ਐੱਮ. ਪੀ. ਐੱਸ. ਚੱਢਾ ਨੇ ਕਿਹਾ ਕਿ ਇਹ ਦਿੱਲੀ ਦੇ ਸਿੱਖਾਂ ਦਾ ਇਤਿਹਾਸਕ ਫ਼ੈਸਲਾ ਹੈ ਅਤੇ ਦਿੱਲੀ ਦੇ ਸਿੱਖਾਂ ਨੂੰ ਆਪਣੀ ਪਾਰਟੀ ਦੀ ਬਹੁਤ ਜ਼ਰੂਰਤ ਸੀ। ਇਸ ਮੌਕੇ ਭਜਨ ਸਿੰਘ ਵਾਲੀਆ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਆਤਮਾ ਸਿੰਘ ਲੁਬਾਣਾ, ਭੁਪਿੰਦਰ ਸਿੰਘ ਭੁੱਲਰ, ਸਰਵਜੀਤ ਸਿੰਘ ਵਿਰਕ, ਵਿਕਰਮ ਸਿੰਘ ਰੋਹਿਣੀ, ਸੁਰਜੀਤ ਸਿੰਘ ਜੀਤੀ, ਅਮਰਜੀਤ ਸਿੰਘ ਪਿੰਕੀ, ਅਮਰਜੀਤ ਸਿੰਘ ਪੱਪੂ, ਪਰਵਿੰਦਰ ਸਿੰਘ ਲੱਕੀ, ਜੁਝਾਰ ਸਿੰਘ, ਓਂਕਾਰ ਸਿੰਘ ਰਾਜਾ, ਜਸਮੀਰ ਸਿੰਘ ਮਸੀ, ਦਲਜੀਤ ਸਿੰਘ ਸਰਨਾ, ਰਮੀਤ ਸਿੰਘ ਸਮਾਰਟੀ ਚੱਢਾ ਅਤੇ ਗੁਰਮੀਤ ਸਿੰਘ ਟਿੰਕੂ ਅਤੇ ਲੀਡਰਸ਼ਿਪ ਦੇ ਸਮਰਥਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਇਹ ਵੀ ਪੜ੍ਹੋ: ਇਕੱਠਿਆਂ ਬਲੀਆਂ ਸੜਕ ਹਾਦਸੇ 'ਚ ਮਰੇ ਦੋ ਭਰਾਵਾਂ ਸਣੇ 3 ਦੋਸਤਾਂ ਦੀਆਂ ਚਿਖ਼ਾਵਾਂ, ਰੋ-ਰੋ ਹਾਲੋ ਬੇਹਾਲ ਹੋਈਆਂ ਮਾਂਵਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ