ਨਸ਼ਿਆਂ ਕਾਰਨ ਮੌਤ ਦੇ ਕੇਸਾਂ ''ਚ 80 ਫੀਸਦੀ ''ਮੋਰਫਿਨ''
Thursday, Oct 25, 2018 - 12:00 PM (IST)

ਚੰਡੀਗੜ੍ਹ : ਪੰਜਾਬ 'ਚ ਅਗਸਤ, 2017 ਤੋਂ 4 ਅਕਤੂਬਰ ਤੱਕ ਨਸ਼ਿਆਂ ਕਾਰਨ ਵੱਡੀ ਗਿਣਤੀ 'ਚ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਪੰਜਾਬ ਸਰਕਾਰ ਦੀ ਖਰੜ ਸਥਿਤ ਫਾਰੈਂਸਿਕ ਲੈਬਾਰਟਰੀ ਵਲੋਂ ਨਸ਼ਿਆਂ ਨਾਲ ਮਰਨ ਵਾਲੇ 113 ਲੋਕਾਂ ਦੇ ਸੈਂਪਲ ਪ੍ਰਾਪਤ ਕੀਤੇ ਗਏ, ਜਿਨ੍ਹਾਂ 'ਚੋਂ 80 ਫੀਸਦੀ ਕੇਸਾਂ 'ਚ 'ਮੋਰਫਿਨ' ਦੀ ਮਾਤਰਾ ਜ਼ਿਆਦਾ ਪਾਈ ਗਈ ਹੈ। ਲੈਬਾਰਟਰੀ ਵਲੋਂ ਇਕੱਠੇ ਕੀਤੇ ਆਂਕੜਿਆਂ ਮੁਤਾਬਕ 104 ਵਿਸਰਾ ਨਮੂਨਿਆਂ 'ਚੋਂ 84 'ਚ ਮੋਰਫਿਨ ਪਾਇਆ ਗਿਆ ਹੈ। ਨਮੂਨਿਆਂ 'ਚ ਮੋਰਫਿਨ ਦਰਸਾਉਂਦਾ ਹੈ ਕਿ ਜਾਂ ਤਾਂ ਮਰਨ ਵਾਲਾ ਵਿਅਕਤੀ ਹੈਰੋਇਨ ਲੈਂਦਾ ਸੀ ਜਾਂ ਫਿਰ ਮੋਰਫਿਨ ਸਿੱਧੇ ਤੌਰ 'ਤੇ ਲੈਂਦਾ ਸੀ।
ਅਧਿਕਾਰੀਆਂ ਮੁਤਾਬਕ ਪਾਊਡਰ ਦੇ ਰੂਪ 'ਚ ਮਿਲਣ ਵਾਲੇ ਮੋਰਫਿਨ ਦੀ ਇਕ ਗ੍ਰਾਮ ਦੀ ਕੀਮਤ 3,000 ਤੋਂ 4,000 ਵਿਚਕਾਰ ਹੈ, ਜਦੋਂ ਕਿ ਸੂਬੇ 'ਚ ਤਸਕਰੀ ਹੋਣ ਵਾਲੇ ਮੋਰਫਿਨ ਦਾ ਇੰਜੈਕਸ਼ਨ ਜੋ 30 ਰੁਪਏ 'ਚ ਮਿਲਦਾ ਹੈ, ਉਸ ਨੂੰ 500 ਜਾਂ 700 'ਚ ਵੇਚਿਆ ਜਾਂਦਾ ਹੈ। ਪਿਛਲੇ 8 ਮਹੀਨਿਆਂ ਦੌਰਾਨ ਪੁਲਸ ਨੇ ਅਜਿਹੇ 80,000 ਇੰਜੈਕਸ਼ਨ ਬਰਾਮਦ ਕੀਤੇ ਹਨ, ਜਿਨ੍ਹਾਂ 'ਚ ਮੋਰਫਿਨ ਅਤੇ ਹੋਰ ਵੱਖ-ਵੱਖ ਤਰ੍ਹਾਂ ਦਾ ਨਸ਼ਾ ਸੀ। ਇਨ੍ਹਾਂ ਇੰਜੈਕਸ਼ਨਾਂ ਦੀ ਕੁੱਲ ਕੀਮਤ 8 ਕਰੋੜ ਦੇ ਕਰੀਬ ਹੈ।