ਡਰੱਗ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫ਼ਾਸ਼, 5 ਕਿੱਲੋ ਹੈਰੋਇਨ ਤੇ 3.95 ਲੱਖ ਦੀ ਡਰੱਗ ਮਨੀ ਸਣੇ 3 ਗ੍ਰਿਫ਼ਤਾਰ

Thursday, Oct 10, 2024 - 10:43 AM (IST)

ਚੰਡੀਗੜ੍ਹ/ਜਲੰਧਰ/ਅੰਮ੍ਰਿਤਸਰ (ਅੰਕੁਰ, ਧਵਨ, ਜ.ਬ.)- ਸੂਬੇ ’ਚੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਜੰਗ ਦੌਰਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਨੈੱਟਵਰਕਾਂ ਵਿਰੁੱਧ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ 5 ਕਿੱਲੋ ਹੈਰੋਇਨ ਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ 3 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਰੋੜਾਂਵਾਲੀ, ਜ਼ਿਲਾ ਅੰਮ੍ਰਿਤਸਰ ਤੇ ਜੋਤਾ ਸਿੰਘ ਵਾਸੀ ਪਿੰਡ ਚੜਤੇਵਾਲੀ, ਅਜਨਾਲਾ ਜ਼ਿਲਾ ਅੰਮ੍ਰਿਤਸਰ ਵਜੋਂ ਹੋਈ ਹੈ। ਡੀ. ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜੋਤਾ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਕਿਸਤਾਨ ਆਧਾਰਿਤ ਨਸ਼ਾ ਸਮੱਗਲਰਾਂ, ਜੋ ਸਰਹੱਦ ਪਾਰ ਡਰੋਨ ਜ਼ਰੀਏ ਨਸ਼ਿਆਂ ਦੀ ਸਪਲਾਈ ਕਰਦੇ ਹਨ, ਦੇ ਸਿੱਧੇ ਸੰਪਰਕ ’ਚ ਹਨ। ਡੀ.ਜੀ.ਪੀ. ਨੇ ਕਿਹਾ ਕਿ ਇਸ ਮਾਮਲੇ ਦੀ ਤਕਨੀਕੀ ਢੰਗ ਨਾਲ ਜਾਂਚ ਕੀਤੀ ਗਈ ਸੀ ਅਤੇ ਐੱਨ. ਡੀ. ਪੀ.ਐੱਸ. ਐਕਟ ਤਹਿਤ ਐੱਫ. ਆਈ.ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ 15 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਇਸ ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੁਲਸ ਕਮਿਸ਼ਨਰ (ਸੀ. ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਛੇਹਰਟਾ ਦੀਆਂ ਟੀਮਾਂ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀਆਂ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਪ੍ਰਾਪਤ ਕੀਤੀ ਹੈ। ਖੇਪ ਨੂੰ ਉਕਤ ਵਿਅਕਤੀਆਂ ਨੇ ਨਿਊ ਅਜਨਾਲਾ ਕਲੋਨੀ ਸਥਿਤ ਆਪਣੇ ਘਰ ’ਚ ਲੁਕੋ ਦਿੱਤਾ ਹੈ। ਸੂਚਨਾ ’ਤੇ ਤਰੁੰਤ ਕਾਰਵਾਈ ਕਰਦਿਆਂ ਡੀ. ਸੀ. ਪੀ. ਸਿਟੀ ਅੰਮ੍ਰਿਤਸਰ ਅਭਿਮੰਨਿਊ ਰਾਣਾ ਅਤੇ ਏ. ਸੀ. ਪੀ. ਵੈਸਟ ਸ਼ਿਵਦਰਸ਼ਨ ਸਿੰਘ ਦੀ ਅਗਵਾਈ ’ਚ ਥਾਣਾ ਛੇਹਰਟਾ ਅੰਮ੍ਰਿਤਸਰ ਦੀਆਂ ਪੁਲਸ ਟੀਮਾਂ ਨੇ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਨਿਊ ਅਜਨਾਲਾ ਕਲੋਨੀ ’ਚ ਸਥਿਤ ਘਰ ’ਚੋਂ ਗ੍ਰਿਫ਼ਤਾਰ ਕਰ ਲਿਆ। ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਪੁਲਸ ਟੀਮਾਂ ਨੇ ਉਨ੍ਹਾਂ ਦੀ ਮਾਰੂਤੀ ਸਵਿੱਫ਼ਟ ਕਾਰ ਅਤੇ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।

ਸੀ.ਪੀ. ਨੇ ਦੱਸਿਆ ਕਿ ਮੁਲਜ਼ਮ ਆਪਣੇ ਘਰ ਦੀ ਵਰਤੋਂ ਸੁਰੱਖਿਅਤ ਛੁਪਣਗਾਹ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਕਰਦੇ ਸਨ। ਪਾਕਿਸਤਾਨ ਆਧਾਰਿਤ ਨਸ਼ਾ ਸਮੱਗਲਰ ਤੇ ਉਨ੍ਹਾਂ ਵਿਅਕਤੀਆਂ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਉਕਤ ਵਿਅਕਤੀ ਨਸ਼ੇ ਦੀ ਖੇਪ ਪਹੁੰਚਾਉਣ ਵਾਲੇ ਸਨ, ਦੀ ਪਛਾਣ ਕਰਨ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21-ਸੀ ਅਧੀਨ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਪੰਜਾਬ ਪੁਲਸ ਦੇ 2 ਜਵਾਨਾਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News