ਦਿੱਲੀ ਬਣੀ ''ਨਵਾਂ ਉੱਡਦਾ ਪੰਜਾਬ'', ਕਾਲਜ ਦੇ ਕੈਂਪਾਂ ''ਚ ਸ਼ਰੇਆਮ ਵਿੱਕ ਰਿਹੈ ਨਸ਼ਾ
Wednesday, Sep 25, 2019 - 11:56 AM (IST)

ਨਵੀਂ ਦਿੱਲੀ/ਜਲੰਧਰ (ਸੋਮਨਾਥ)— ਨਸ਼ੀਲੇ ਪਦਾਰਥਾਂ ਬਾਰੇ ਪੰਜਾਬ 'ਚ ਮਚੇ ਤੂਫਾਨ ਤੋਂ ਬਾਅਦ ਹੁਣ ਦਿੱਲੀ ਵੀ 'ਨਵਾਂ ਉੱਡਦਾ ਪੰਜਾਬ' ਦਿਸਣ ਲੱਗ ਪਈ ਹੈ। ਨਸ਼ੀਲੇ ਪਦਾਰਥ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਖੁਫੀਆ ਸਮੱਗਲਰਾਂ ਵੱਲੋਂ ਸਪਲਾਈ ਕੀਤੇ ਜਾ ਰਹੇ ਹਨ। ਇਥੇ ਹੀ ਨਹੀਂ, ਮਿਆਂਮਾਰ ਅਤੇ ਮਣੀਪੁਰ ਸਰਹੱਦਾਂ ਤੋਂ ਵੀ ਦੇਸ਼ ਦੀ ਰਾਜਧਾਨੀ 'ਚ ਨਸ਼ੇ ਪਹੁੰਚ ਰਹੇ ਹਨ। ਕੋਕੀਨ, ਇਫਾਡ੍ਰਿਨ, ਐੱਲ. ਐੱਸ. ਡੀ. (ਲਿਸੇਰਜਿਕ ਐਸਿਡ ਡਾਇਥਾਈਲੈਮਾਈਡ), ਐੱਮ. ਬੀ. ਐੱਮ. ਏ. (ਮਿਥਾਇਲੀਬੇਆਕਸੀ ਨੇਫੇਮਥਾਈਲਾਮਾਇਨ), ਕੈਟਾਮਾਈਨ ਅਤੇ ਨਵਾਂ ਤਿੱਖਾ ਨਸ਼ੀਲਾ ਪਦਾਰਥ ਮਿਆਊਂ-ਮਿਆਊਂ (4-ਮਿਥਾਇਲਮੇਥੈਥੀਨੋਨ) ਦੀ ਵੱਧ ਰਹੀ ਵਿਕਰੀ ਨੇ ਦਿੱਲੀ 'ਚ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਦਿੱਲੀ ਪੁਲਸ ਦੀ ਦਹਿਸ਼ਤਗਰਦੀ ਵਿਰੋਧੀ ਇਕਾਈ ਦੇ ਵਿਸ਼ੇਸ਼ ਸੈੱਲ ਨੇ ਨਸ਼ੀਲੇ ਪਦਾਰਥਾਂ 'ਤੇ ਲਗਾਮ ਕੱਸਣ ਲਈ ਆਪਣਾ ਜਾਲ ਵੱਡਾ ਕਰ ਦਿੱਤਾ। ਕੁਝ ਹਫਤੇ ਪਹਿਲਾਂ ਸਪੈਸ਼ਲ ਸੈੱਲ ਨੇ ਨਸ਼ੇ ਦੇ ਸਮੱਗਲਰਾਂ ਦੇ ਇਕ ਗਿਰੋਹ ਨੂੰ ਨੱਪ ਕੇ ਲਗਭਗ 300 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਤਫਤੀਸ਼ ਦੌਰਾਨ ਕਈ ਵੱਡੇ ਖੁਲਾਸੇ ਹੋਏ ਹਨ।
ਡਾਰਕ ਵੈੱਬ' 'ਤੇ ਆਰਡਰ, ਘਰ ਦੇ ਬੂਹੇ 'ਤੇ ਸਪਲਾਈ
ਜਾਣਕਾਰੀ ਮੁਤਾਬਕ ਦਿੱਲੀ ਅਤੇ ਉਸ ਦੇ ਨੇੜੇ-ਤੇੜੇ ਦੇ ਕਈ ਕਾਲਜਾਂ ਬਾਰੇ ਸਥਿਤੀ ਕਾਫੀ ਚਿੰਤਾਜਨਕ ਨਜ਼ਰ ਆ ਰਹੀ ਹੈ। ਕਾਲਜ ਦੇ ਕੈਂਪਾਂ 'ਚ ਗਾਂਜੇ ਤੋਂ ਇਲਾਵਾ ਹੋਰ ਨਸ਼ੀਲੇ ਪਦਾਰਥਾਂ ਨੂੰ ਵੀ ਖੁਲ੍ਹੇਆਮ ਵੇਚਿਆ ਅਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਪੁਲਸ ਵੱਲੋਂ ਫੜੇ ਜਾਣ ਤੋਂ ਬਚਣ ਲਈ ਨਸ਼ੇੜੀ ਡਾਰਕ ਵੈੱਬ ਦੇ ਜ਼ਰੀਏ ਨਸ਼ੀਲੀਆਂ ਵਸਤਾਂ ਖਰੀਦ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕਾਲਜਾਂ ਕੋਲ ਪਾਨ ਭੰਡਾਰ ਅਤੇ ਜੇ. ਜੇ. ਕਲਸਟਰ ਅਤੇ ਕਈ ਵਿਦੇਸ਼ੀ ਵੀ ਵਿਦਿਆਰਥੀਆਂ ਨੂੰ ਨਸ਼ੀਲੀਆਂ ਦਵਾਈਆਂ ਸਪਲਾਈ ਕਰਨ 'ਚ ਸ਼ਾਮਲ ਹਨ। ਇਥੋਂ ਤੱਕ ਕਿ ਸ਼ਹਿਰ ਦੇ ਘਰਾਂ ਦੇ ਬੂਹਿਆਂ 'ਤੇ ਨਸ਼ੀਲੀਆਂ ਵਸਤਾਂ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ ਅਤੇ ਇਨ੍ਹਾਂ ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨ ਵਾਲਾ ਸ਼ਹਿਰ ਦਾ ਨੌਜਵਾਨ ਵਰਗ ਹੈ। ਦੱਖਣੀ ਦਿੱਲੀ ਦਾ ਮਦਨਗੀਰ ਪਿੰਡ, ਜਿਸ ਨੇੜੇ ਦੋ ਵੱਡੇ ਕਿੱਤਾ ਅਧਿਐਨਾਂ ਦੇ ਕਾਲਜ (ਸੀ. ਬੀ. ਐੱਸ.) ਅਤੇ ਸ਼ਹੀਦ ਭਗਤ ਸਿੰਘ ਕਾਲਜ ਹਨ, ਉਥੋਂ ਤੁਸੀਂ ਖੁਦ ਆਸਾਨੀ ਨਾਲ ਹੈਰੋਇਨ ਅਤੇ ਗਾਂਜਾ ਖਰੀਦ ਸਕਦੇ ਹੋ। ਹੈਰੋਇਨ ਦੀ ਸਪਲਾਈ ਮੰਗ 'ਤੇ ਹੁੰਦੀ ਹੈ ਅਤੇ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਤੋਂ ਹੈਰੋਇਨ ਲੈਣ ਲਈ ਖਰੀਦਦਾਰਾਂ ਨੂੰ 4 ਘੰਟੇ ਤਕ ਇੰਤਜ਼ਾਰ ਕਰਨਾ ਪੈਂਦਾ ਹੈ।
ਚਿੱਟੇ ਦੇ ਸਭ ਤੋਂ ਵੱਧ ਖਰੀਦਦਾਰ ਵਿਦਿਆਰਥੀ
ਭਾਵੇਂ ਦਿੱਲੀ ਪੁਲਸ ਨਸ਼ਾ ਸਮੱਗਲਰਾਂ 'ਤੇ ਆਪਣਾ ਸ਼ਿਕੰਜਾ ਕੱਸਣ ਦਾ ਦਾਅਵਾ ਕਰ ਰਹੀ ਹੈ ਪਰ ਅਜਿਹਾ ਜਾਪਦਾ ਹੈ ਕਿ ਮਦਨਗੀਰ 'ਚ ਨਸ਼ਾ ਸਮੱਗਲਰਾਂ ਕੋਲ ਵਿਦਿਆਰਥੀਆਂ ਨੂੰ ਨਸ਼ੀਲੀਆਂ ਵਸਤਾਂ ਵੇਚਣ ਦੇ ਕਈ ਮੁਤਬਦਲ ਹਨ, ਜਿਹੜੇ ਨਸ਼ੇ ਖਰੀਦਣ ਲਈ ਸ਼ਾਮ ਨੂੰ ਇਸ ਪਿੰਡ 'ਚ ਘੁੰਮਦੇ ਨਜ਼ਰ ਆਉਂਦੇ ਹਨ। ਮਦਨਗੀਰ ਦੇ ਇਕ ਘਰ 'ਚ ਕਾਲਜ ਵਿਦਿਆਰਥੀਆਂ ਨੂੰ ਨਸ਼ੀਲੀਆਂ ਵਸਤਾਂ ਵੇਚਣ ਵਾਲੀ ਇਕ ਦਰਮਿਆਨੀ ਉਮਰ ਦੀ ਔਰਤ ਨੇ ਦੱਸਿਆ ਕਿ ਇਹ ਉਸ ਦਾ ਪੇਸ਼ਾ ਹੈ। ਵਿਦਿਆਰਥੀ ਬਹੁਤ ਹੀ ਖੁਫੀਆ ਢੰਗ ਨਾਲ ਔਰਤ ਤੋਂ ਹੈਰੋਇਨ ਦੀ ਮੰਗ ਕਰਦੇ ਹਨ। ਉਸ ਔਰਤ ਨੇ ਨਸ਼ੀਲੇ ਪਦਾਰਥਾਂ ਦੀ ਕੀਮਤ ਇੰਝ ਦੱਸੀ-ਬਲੈਕ ਟਾਰ 1 ਗ੍ਰਾਮ 120 ਤੋਂ 160 ਰੁਪਏ, ਬ੍ਰਾਊਨ ਸ਼ੂਗਰ 1 ਗ੍ਰਾਮ 450 ਰੁਪਏ ਅਤੇ ਹੈਰੋਇਨ 1 ਗ੍ਰਾਮ 5000 ਰੁਪਏ। ਇਸ ਔਰਤ ਨੇ ਚਿੱਟੇ ਦੀ ਸਪਲਾਈ ਆਰਡਰ 'ਤੇ ਦੇਣ ਦੀ ਗੱਲ ਕਹੀ ਅਤੇ ਇਸ ਲਈ 2 ਘੰਟੇ ਦਾ ਸਮਾਂ ਮੰਗਿਆ। ਜਦੋਂ ਔਰਤ ਤੋਂ ਪੁੱਛਿਆ ਗਿਆ ਕਿ ਹੈਰੋਇਨ ਦਾ ਸਭ ਤੋਂ ਵੱਡਾ ਖਰੀਦਦਾਰ ਕੌਣ ਹੈ ਤਾਂ ਉਸ ਨੇ ਦੱਸਿਆ ਕਿ ਵਿਦਿਆਰਥੀ। ਔਰਤ ਨੇ ਦੱਸਿਆ ਕਿ ਹੈਰੋਇਨ ਦੀ ਮੰਗ ਘੱਟ ਹੈ, ਕਿਉਂਕਿ ਸਾਨੂੰ ਬਾਜ਼ਾਰ ਤੋਂ ਇਸ ਦੀ ਖਰੀਦ 'ਚ ਵੀ ਮੁਸ਼ਕਲ ਹੁੰਦੀ ਹੈ।
ਦਿੱਲੀ ਤੋਂ ਬਾਅਦ ਅਗਲਾ ਨੰਬਰ ਗੁੜਗਾਓਂ ਦਾ ਹੈ
ਨਸ਼ਾ ਸਮੱਗਲਰਾਂ ਨੇ ਸਿਰਫ ਦਿੱਲੀ 'ਚ ਹੀ ਨਹੀਂ ਸਗੋਂ ਹਰਿਆਣਾ ਦੇ ਗੁੜਗਾਓਂ 'ਚ ਵੀ ਆਪਣੇ ਪੈਰ ਲਾ ਰੱਖੇ ਹਨ। ਗੁੜਗਾਓਂ ਦੇ ਕਈ ਕਾਲਜਾਂ 'ਚ ਫੋਨ 'ਤੇ ਆਰਡਰ ਕਰਨ ਨਾਲ ਨਸ਼ੀਲੇ ਪਦਾਰਥਾਂ ਦੀ ਸਪਲਾਈ ਹੋ ਰਹੀ ਹੈ। ਫੋਨ ਕਰਨ 'ਤੇ ਕਾਲਜ ਗੇਟ 'ਤੇ ਇਕ ਮੋਹਰਬੰਦ ਪੈਕੇਟ 'ਚ ਨਸ਼ਾ ਪਹੁੰਚ ਜਾਂਦਾ ਹੈ। ਕਾਲਜ ਕੈਂਪਾਂ 'ਚ ਪਹੁੰਚਣ ਵਾਲੇ ਨਸ਼ੀਲੇ ਪਦਾਰਥਾਂ 'ਚ ਮੁੱਖ ਕਰਕੇ ਗਾਂਜਾ ਅਤੇ ਹੈਰੋਇਨ ਹੈ। ਇਸ ਤੋਂ ਇਲਾਵਾ ਮੈਡੀਕਲ ਨਸ਼ਿਆਂ ਦੀ ਸਪਲਾਈ ਵੀ ਹੁੰਦੀ ਹੈ।
ਚਰਸ 400 ਰੁਪਏ ਗ੍ਰਾਮ ਤੇ ਹੈਰੋਇਨ 700 ਰੁਪਏ ਗ੍ਰਾਮ
ਦਿੱਲੀ ਦੇ ਦੱਖਣੀ ਪੂਰਬੀ ਜ਼ਿਲੇ 'ਚ ਪੈਂਦੇ ਕੁਝ ਕਾਲਜ ਨਸ਼ੇ ਲਈ ਬਦਨਾਮ ਹੋਣ ਲੱਗੇ ਹਨ। ਕਈ ਕਾਲਜਾਂ 'ਚ ਵੱਧ ਨਸ਼ੇ ਵਾਲੀ ਚਰਸ 1500 ਰੁਪਏ ਤੋਂ 4000 ਰੁਪਏ 10 ਗ੍ਰਾਮ ਮਿਲਦੀ ਹੈ ਜਦੋਂ ਕਿ ਹੈਰੋਇਨ 3000 ਤੋਂ ਲੈ ਕੇ 7000 ਰੁਪਏ ਪ੍ਰਤੀ ਇਕ ਗ੍ਰਾਮ ਖਰੀਦੀ ਜਾ ਸਕਦੀ ਹੈ। ਦੋਵਾਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਮੰਗ 'ਤੇ ਹੁੰਦੀ ਹੈ। ਤਿਮਾਰਪੁਰ ਅਤੇ ਮਾਡਲ ਟਾਊਨ ਵਰਗੇ ਇਲਾਕੇ ਭੰਗ ਅਤੇ ਮਿਆਊਂ-ਮਿਆਊਂ ਦੇ ਕੇਂਦਰ ਹਨ। ਸਮੱਗਲਰ ਫੋਨ ਕਰਨ 'ਤੇ ਕਾਲਜ ਕੈਂਪਾਂ ਦੇ ਨੇੜੇ-ਤੇੜੇ ਸੁੰਨਸਾਨ ਥਾਵਾਂ 'ਤੇ ਨਸ਼ੀਲੀਆਂ ਵਸਤਾਂ ਦੀ ਸਪਲਾਈ ਕਰਦੇ ਹਨ।
ਨੋਇਡਾ ਦੀ ਇਕ ਯੂਨੀਵਰਸਿਟੀ 'ਚ ਵੀ ਕਈ ਅਜਿਹੇ ਵਿਦਿਆਰਥੀ ਹਨ, ਜਿਨ੍ਹਾਂ ਨੇ ਨਸ਼ੀਲੀਆਂ ਵਸਤਾਂ ਦੀ ਖਰੀਦ ਲਈ ਵੱਖ-ਵੱਖ ਤੌਰ-ਤਰੀਕਿਆਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਇਕ ਵਿਦਿਆਰਥੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਐੱਮ. ਡੀ. ਐੱਮ. ਏ., ਕੈਟ ਅਤੇ ਹੈਰੋਇਨ ਵਰਗੀਆਂ ਨਸ਼ੀਲੀਆਂ ਵਸਤਾਂ ਦੀ ਖਰੀਦ ਡਾਰਕ ਵੈੱਬ ਦੇ ਰਾਹੀਂ ਕੀਤੀ ਜਾਂਦੀ ਹੈ। ਕਾਲਜ ਦੇ ਵਿਦਿਆਰਥੀ ਨਸ਼ੀਲੀਆਂ ਵਸਤਾਂ ਦਾ ਆਰਡਰ ਆਨਲਾਈਨ ਕਰਦੇ ਹਨ। ਵਿਦਿਆਰਥੀ ਬਿਟਕਵਾਇਨ ਰਾਹੀਂ ਨਸ਼ੀਲੀਆਂ ਵਸਤਾਂ ਦੇ ਆਰਡਰ ਦਿੰਦੇ ਹਨ ਤਾਂ ਕਿ ਪੁਲਸ ਵੱਲੋਂ ਇਸ ਦਾ ਪਤਾ ਨਾ ਲਗਾਇਆ ਜਾ ਸਕੇ। ਵਿਦਿਆਰਥੀ ਇਕ ਖੇਪ ਦਾ ਆਰਡਰ ਕਰਦਾ ਹੈ ਅਤੇ ਸਪਲਾਈ ਤੋਂ ਬਾਅਦ ਇਸ ਨੂੰ ਹੋਰਨਾਂ ਵਿਦਿਆਰਥੀਆਂ ਨੂੰ ਵੀ ਵੇਚਦਾ ਹੈ। ਭਾਵੇਂ ਪੱਛਮੀ ਦਿੱਲੀ 'ਚ ਕਾਲਜ ਜਾਣ ਵਾਲੇ ਵਿਦਿਆਰਥੀ ਇਕ ਅਫਰੀਕੀ ਸ਼ਹਿਰੀ ਤੋਂ ਨਸ਼ੀਲੀਆਂ ਵਸਤਾਂ ਖਰੀਦਦੇ ਹਨ। ਇਹ ਅਫਰੀਕੀ ਸ਼ਹਿਰੀ ਚਾਰਲੀ ਵਜੋਂ ਵਿਦਿਆਰਥੀਆਂ 'ਚ ਜਾਣਿਆ ਜਾਂਦਾ ਹੈ। 25 ਸਾਲ ਦੇ ਕੰਡੋਮਿਓ ਨੇ ਦੱਸਿਆ ਕਿ ਤੁਹਾਨੂੰ ਹੈਰੋਇਨ ਖਰੀਦਣ ਲਈ ਉਸ ਨੂੰ ਫੋਨ ਤੋਂ ਕਿਸੇ ਦੂਜੇ ਦੇ ਨਾਂ ਦਾ ਹਵਾਲਾ ਦੇਣਾ ਪੈਂਦਾ ਹੈ। ਇਕ ਵਾਰ ਜਦੋਂ ਉਹ ਤੁਹਾਨੂੰ ਪਛਾਣ ਲਵੇਗਾ ਤਾਂ ਉਹ ਤੁਹਾਨੂੰ ਜਨਕਪੁਰੀ ਕੋਲ ਉਤਮ ਨਗਰ ਮੈਟਰੋ ਸਟੇਸ਼ਨ 'ਤੇ ਸੱਦੇਗਾ।
88 ਸਾਲਾਂ ਦੀ ਨਸ਼ਾ ਸਮੱਗਲਰ, 25 ਸਾਲ ਦੀ ਉਮਰ ਤੋਂ ਧੰਦੇ 'ਚ
ਪਿਛਲੇ ਮਹੀਨੇ ਭਾਰਤ ਦੀ ਰਾਜਧਾਨੀ 'ਚ ਪੁਲਸ ਨੇ 88 ਸਾਲਾ ਔਰਤ ਨਸ਼ਾ ਸਮਗਲਰ ਰਾਜ ਰਾਣੀ ਟੋਪਲੀ ਨੂੰ ਗ੍ਰਿਫਤਾਰ ਕੀਤਾ। ਰਾਜ ਰਾਣੀ ਉਦੋਂ ਤੋਂ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਕਰ ਰਹੀ ਹੈ, ਜਦੋਂ ਉਹ ਸਿਰਫ 25 ਸਾਲਾਂ ਦੀ ਸੀ। ਇਸ ਦਾ ਅਰਥ ਇਹ ਹੈ ਕਿ ਬੀਤੇ 63 ਸਾਲਾਂ ਤੋਂ ਨਸ਼ੇ ਦੇ ਵਪਾਰ ਦੀ ਦਲਦਲ 'ਚ ਹੈ। ਪੁਲਸ ਨੇ ਨਸ਼ਿਆਂ ਦੀ ਸਮੱਗਲਿੰਗ ਦੇ ਇਲਜ਼ਾਮ ਵਿਚ ਰਾਜ ਰਾਣੀ ਨੂੰ ਪੱਛਮੀ ਦਿੱਲੀ ਤੋਂ 10ਵੀਂ ਵਾਰ ਗ੍ਰਿਫਤਾਰ ਕੀਤਾ ਹੈ। ਟੋਪਲੀ ਨੂੰ ਦਿੱਲੀ ਦੀ ਸਭ ਤੋਂ ਬਜ਼ੁਰਗ ਨਸ਼ਾ ਸਮੱਗਲਰ ਕਿਹਾ ਜਾ ਸਕਦਾ ਹੈ। ਉਹ ਬਿਨਾਂ ਸਹਾਰੇ ਦੇ ਚੱਲ ਨਹੀਂ ਸਕਦੀ। ਪੁਲਸ ਨੇ ਟੋਪਲੀ ਕੋਲੋਂ 16 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਹੜੀ ਉਹ ਵੇਚਣ ਜਾ ਰਹੀ ਸੀ। ਇੰਦਰਪੁਰੀ ਪੁਲਸ ਵਲੋਂ ਹਿਸਟਰੀ ਸ਼ੀਟਰ ਐਲਾਨੀ ਗਈ ਵਿਧਵਾ ਟੋਪਲੀ ਨੇ ਦੱਸਿਆ ਕਿ ਉਹ ਬਚਪਨ ਵਿਚ ਹੀ ਵਿਆਹ ਪਿੱਛੋਂ ਹਰਿਆਣਾ ਦੇ ਇਕ ਪਿੰਡ ਤੋਂ ਦਿੱਲੀ ਦੇ ਇੰਦਰਪੁਰੀ ਇਲਾਕੇ ਵਿਚ ਆ ਗਈ ਸੀ। ਉਸ ਦੇ 7 ਬੱਚੇ ਸਨ ਅਤੇ ਸਾਰੇ ਨਸ਼ਿਆਂ ਦੀ ਸਮੱਗਲਿੰਗ ਦੇ ਧੰਦੇ ਨਾਲ ਜੁੜ ਗਏ ਸਨ। ਉਸ ਦੇ 6 ਬੱਚਿਆਂ ਦੀ ਨਸ਼ਿਆਂ ਦੀ ਵਰਤੋਂ ਕਰਨ ਜਾਂ ਹਾਦਸਿਆਂ ਵਿਚ ਮੌਤ ਹੋ ਗਈ ਸੀ।
ਰੇਵ ਪਾਰਟੀਆਂ 'ਚ ਘੱਟ ਉਮਰ ਦੀਆਂ ਲੜਕੀਆਂ
ਹਰ ਪਾਸੇ ਧੂੰਆਂ ਹੀ ਧੂੰਆਂ, ਫਿਜ਼ਾ 'ਚ ਤੈਰਦੀ ਤਿੱਖੀ ਅਤੇ ਨਸ਼ੀਲੀ ਬਦਬੂ, ਨਸ਼ੇ 'ਚ ਮਦਹੋਸ਼ ਡੀ. ਜੇ. 'ਤੇ ਥਿਰਕਦੇ ਨੌਜਵਾਨ ਲੜਕੇ-ਲੜਕੀਆਂ ਦਾ ਇਹ ਨਜ਼ਾਰਾ ਹੁੰਦਾ ਹੈ ਦਿੱਲੀ ਦੀਆਂ ਰੇਵ ਪਾਰਟੀਆਂ ਦਾ। ਦਿੱਲੀ-ਐੱਨ. ਸੀ. ਆਰ. 'ਚ ਨਸ਼ਾ ਆਪਣੀਆਂ ਜੜ੍ਹਾਂ ਪੂਰੀ ਤਰ੍ਹਾਂ ਲਾ ਚੁੱਕਾ ਹੈ। ਕੋਈ ਸਖਤ ਕਾਨੂੰਨ ਨਾ ਹੋਣ ਕਾਰਣ ਦਿੱਲੀ ਦੇ ਹੋਟਲਾਂ ਵਿਚ ਰੇਵ ਪਾਰਟੀਆਂ ਆਮ ਹਨ। ਪਿਛਲੇ ਦਿਨੀਂ ਦਿੱਲੀ ਨਾਲ ਜੁੜੇ ਗੁੜਗਾਓਂ ਦੇ ਰੈਸਟੋਰੈਂਟ 'ਚ ਰੇਵ ਪਾਰਟੀ ਦਾ ਖੁਲਾਸਾ ਹੋਇਆ, ਜਿਸ 'ਚ 9 ਲੜਕੇ ਅਤੇ 34 ਲੜਕੀਆਂ ਨਸ਼ੇ 'ਚ ਝੂਮਦੇ ਹੋਏ ਫੜੇ ਗਏ। ਪੁਲਸ ਨੇ ਰੈਸਟੋਰੈਂਟ ਮਾਲਕ ਨੂੰ ਹਿਰਾਸਤ ਵਿਚ ਲਿਆ ਪਰ ਲੜਕੇ-ਲੜਕੀਆਂ ਨੂੰ ਝਾੜ-ਝੰਬ ਕੇ ਛੱਡ ਦਿੱਤਾ। ਜਾਣਕਾਰ ਵਿਅਕਤੀਆਂ ਨੇ ਦੱਸਿਆ ਕਿ ਦਿੱਲੀ-ਐੱਨ. ਸੀ. ਆਰ. 'ਚ ਹਫਤੇ ਦੇ ਅੰਤ ਵਿਚ ਅਕਸਰ ਸ਼ਰਾਬ, ਨਸ਼ਿਆਂ, ਲੜਕੀਆਂ ਰੰਗੀਨੀਆਂ, ਸੰਗੀਤ ਅਤੇ ਡਾਂਸ ਵਾਲੀਆਂ ਰੇਵ ਪਾਰਟੀਆਂ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਪਾਰਟੀਆਂ ਵਿਚ ਲੋਕ ਨਾ ਸਿਰਫ ਨਸ਼ੇ ਵਿਚ ਝੂਮ ਰਹੇ ਹੁੰਦੇ ਹਨ, ਸਗੋਂ ਇਥੇ ਗਲੈਮਰ ਦਾ ਵੀ ਪੂਰਾ ਇੰਤਜ਼ਾਮ ਹੁੰਦਾ ਹੈ।