ਬਹੁ-ਕਰੋੜੀ ਡਰੱਗ ਰੈਕਟ ਮਾਮਲਾ, ਅਮਰਿੰਦਰ ਸਿੰਘ ਬਿੱਟੂ ਅਤੇ ਜਗਤਾਰ ਸਿੰਘ ਜੱਗੀ ਚਹਿਲ ਤੋਂ ਪੁੱਛਗਿੱਛ
Sunday, Dec 17, 2023 - 01:11 PM (IST)
ਪਟਿਆਲਾ (ਬਲਜਿੰਦਰ) : ਬਹੁ-ਕਰੋੜੀ ਡਰੱਗ ਰੈਕਟ ਮਾਮਲੇ ’ਚ ਏ. ਡੀ. ਜੀ. ਪੀ. ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦੇ ਸਾਹਮਣੇ ਅਮਰਿੰਦਰ ਸਿੰਘ ਬਿੱਟੂ ਚਹਿਲ ਅਤੇ ਜਗਤਾਰ ਸਿੰਘ ਜੱਗੀ ਚਹਿਲ ਵੀ ਪੇਸ਼ ਹੋਏ। ਉਨ੍ਹਾਂ ਤੋਂ ਕਾਫੀ ਲੰਬਾ ਤਾਂ ਐੱਸ. ਆਈ. ਟੀ. ਦੇ ਮੈਂਬਰਾਂ ਨੇ ਪੁੱਛਗਿੱਛ ਕੀਤੀ। ਐੱਸ. ਆਈ. ਟੀ. ਵੱਲੋਂ ਇਸ ਕੇਸ ’ਚ ਮੁੜ ਤੋਂ ਸ਼ੁਰੂ ਕੀਤੀ ਗਈ ਪੁੱਛਗਿੱਛ ’ਚ ਫਿਰ ਤੋਂ ਕੇਸ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਬਿਕਰਮ ਸਿੰਘ ਮਜੀਠੀਆ ਨੂੰ 18 ਦਸੰਬਰ ਨੂੰ ਪੇਸ਼ ਹੋਣ ਲਈ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਐੱਸ. ਆਈ. ਟੀ. ਦੀ ਟੀਮ ਕੇਸ ਨੂੰ ਪੁਰੀ ਤਰ੍ਹਾਂ ਪੁਖਤਾ ਕਰਨ ਲਈ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਦੇ ਬਿਆਨ ਵੀ ਕਲਮਬੱਧ ਕੀਤੇ ਜਾ ਰਹੇ ਹਨ।
ਅੱਜ ਪੇਸ਼ ਦੋਨਾ ਤੋਂ ਐੱਸ. ਆਈ. ਟੀ. ਦੇ ਚੇਅਰਮੈਨ ਮੁਖਵਿੰਦਰ ਸਿੰਘ ਛੀਨਾ, ਡੀ. ਆਈ. ਜੀ. ਰਣਜੀਤ ਸਿੰਘ ਢਿੱਲੋਂ, ਐੱਸ. ਪੀ. ਹਰਵਿੰਦਰ ਵਿਰਕ, ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਨਰਿੰਦਰ ਸਿੰਘ ਅਤੇ ਡੀ. ਐੱਸ. ਪੀ. ਅਮਰਪ੍ਰੀਤ ਸਿੰਘ ਤੋਂ ਕਈ ਸਵਾਲ ਪੁੱਛੇ ਅਤੇ ਇਸ ਕੇਸ ਸਬੰਧੀ ਰਿਕਾਰਡ ਵੀ ਲਿਆ। ਦੋਵੇਂ ਦੇਰ ਸ਼ਾਮ ਏ. ਡੀ. ਜੀ. ਪੀ. ਛੀਨਾ ਦੇ ਦਫਤਰ ’ਚੋਂ ਬਾਹਰ ਆਏ ਅਤੇ ਚੁਪ ਚਾਪ ਚਲੇ ਗਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਜਪਾ ਆਗੂ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਵੀ ਐੱਸ. ਆਈ. ਟੀ. ਦੇ ਅੱਗੇ ਪੇਸ਼ ਹੋਏ ਸਨ ਅਤੇ ਉਨ੍ਹਾਂ ਤੋਂ ਐੱਸ. ਆਈ. ਟੀ. ਨੇ ਸਾਢੇ 5 ਘੰਟੇ ਪੁੱਛਗਿੱਛ ਕਰ ਕੇ ਬਿਆਨ ਕਮਲਬੱਧ ਕੀਤੇ ਸਨ।