ਨਸ਼ਾ ਛੱਡਣ ਦੀ ਦਵਾਈ ਨਾ ਮਿਲਣ ਕਾਰਨ ਮਰੀਜ਼ਾਂ ਨੇ ਸੜਕ ਕੀਤੀ ਜਾਮ

Saturday, Jul 11, 2020 - 10:04 AM (IST)

ਕੋਟ ਈਸੇ ਖਾਂ (ਗਰੋਵਰ, ਸੰਜੀਵ) : ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਹੋਂਦ 'ਚ ਆਉਂਦਿਆਂ ਹੀ ਨਸ਼ੇ ਨੂੰ ਖਤਮ ਕਰਨ ਲਈ ਕੀਤੇ ਵਾਅਦੇ 'ਚ ਕੋਈ ਖਾਸ ਦਮ ਨਹੀਂ ਦਿਸਿਆ। ਨਸ਼ੇ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਓਟ ਸੈਂਟਰ, ਨਸ਼ਾ ਛਡਾਓ ਕੇਂਦਰ ਵੀ ਚਲਾਏ ਗਏ ਤੇ ਓਟ ਸੈਂਟਰਾਂ 'ਚ ਜੀਭ ਦੇ ਥੱਲੇ ਰੱਖਣ ਵਾਲੀ ਮੁਫਤ ਦਵਾਈ ਦਾ ਪ੍ਰਬੰਧ ਵੀ ਕੀਤਾ ਗਿਆ, ਪਰ ਬੀਤੇ ਕੁੱਝ ਦਿਨ ਤੋਂ ਇਹ ਦਵਾਈ ਘੱਟ ਮਿਲਣ ਕਾਰਨ ਮਰੀਜ਼ਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਦੇਖਣ ਨੂੰ ਮਿਲ ਰਹੀਆਂ ਸਨ।

ਲਾਈਨਾਂ 'ਚ ਲੱਗੇ ਮਰੀਜ਼ਾਂ ਨੂੰ ਦਿਹਾੜੀ ਆਦਿ ਛੱਡ ਕੇ ਦਵਾਈ ਲੈਣ ਲਈ ਮੁਸ਼ੱਕਤ ਕਰਦੇ ਦੇਖਿਆ ਜਾਂਦਾ ਸੀ, ਪਰ ਇਨ੍ਹਾਂ ਮਰੀਜ਼ਾ ਦਾ ਗੁੱਸਾ ਉਸ ਸਮੇਂ ਲਾਵਾ ਬਣ ਕੇ ਫੁੱਟ ਗਿਆ, ਜਦੋਂ ਸਥਾਨਕ ਕਸਬੇ ਦੇ ਓਟ ਸੈਂਟਰ ਵਿਖੇ ਦਵਾਈ ਦੀ ਸਪਲਾਈ ਪਿੱਛੋਂ ਨਾ ਆਉਣ ਕਾਰਨ ਦਵਾਈ ਨਹੀਂ ਦਿੱਤੀ ਜਾਵੇਗੀ ਦਾ ਪੇਜ ਚਿਪਕਾਇਆ। ਇਸ ’ਤੇ ਮਰੀਜ਼ਾਂ ਨੇ ਕੋਟ ਈਸੇ ਖਾਂ ਦੀ ਸੜਕ ਨੂੰ ਜਾਮ ਕਰ ਦਿੱਤਾ। ਮਰੀਜ਼ਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹਫਤੇ ਦਸ ਦਿਨ ਦੀ ਦਵਾਈ ਇਕੱਠੀ ਮਿਲਦੀ ਸੀ ਤੇ ਜਿਸ ਨੂੰ ਹੌਲੀ-ਹੌਲੀ ਘਟਾ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਇਹ ਦਵਾਈ ਲੈਣ ਆਉਣਾ ਪੈਂਦਾ ਸੀ ਤੇ ਉਨ੍ਹਾਂ ਨੂੰ ਕੰਮਾਂ ਕਾਰਾਂ ’ਤੇ ਜਾਣ ਦੀ ਮੁਸ਼ਕਲ ਆਉਂਦੀ ਸੀ ਤੇ ਕੋਟ ਈਸੇ ਖਾਂ ਓਟ ਸੈਂਟਰ 'ਚ ਲਿਖੇ ਇਸ ਪੇਜ ਨੇ ਕਿ ਦਵਾਈ ਨਹੀਂ ਮਿਲੀ, ਸਾਨੂੰ ਝਿੰਜੋੜ ਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਇਸ ਨਸ਼ੇ ਨੂੰ ਛੱਡ ਕੇ ਆਪਣੀ ਜ਼ਿੰਦਗੀ ਸੌਖਾਲੀ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਦਵਾਈ ਦੀ ਸਪਲਾਈ ਨੂੰ ਯਕੀਨੀ ਬਣਾ ਕੇ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਹਫਤੇ ਦਸ ਦਿਨ ਵੀ ਦਵਾਈ ਇਕੱਠੀ ਦਿੱਤੀ ਜਾਇਆ ਕਰੇ। ਮਰੀਜ਼ਾਂ ਨੂੰ ਸੜਕ ’ਤੇ ਆਏ ਦੇਖ ਏ. ਐੱਸ. ਆਈ. ਸੁਰਿੰਦਰ ਸ਼ਰਮਾ ਪੁਲਸ ਪਾਰਟੀ ਸਮੇਤ ਪਹੁੰਚੇ ਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਸਮਝਾਇਆ, ਜਿਨ੍ਹਾਂ ਦੇ ਸਮਝਾਉਣ ’ਤੇ ਮਰੀਜ਼ ਸੜਕ ਤੋਂ ਵਾਪਸ ਓਟ ਸੈਂਟਰ ਵਿਖੇ ਗਏ ਚਲੇ।


Babita

Content Editor

Related News