ਨਸ਼ੇ ਦੇ ਮਾਮਲੇ ''ਤੇ ਕਾਂਗਰਸ ਦੇ ਬਲਾਕ ਪ੍ਰਧਾਨਾਂ ਨੇ ਅਕਾਲੀ ਦਲ ਨੂੰ ਲਿਆ ਲੰਮੇ ਹੱਥੀਂ

Friday, Jan 10, 2020 - 06:57 PM (IST)

ਫਤਿਹਗੜ੍ਹ ਸਾਹਿਬ,(ਵਿਪਨ) : ਹਲਕਾ ਅਮਲੋਹ ਦੇ ਪਿੰਡ ਲਾਡਪੁਰ 'ਚ ਬੀਤੇ ਦਿਨ ਪਿੰਡ ਵਾਸੀਆਂ ਵਲੋਂ ਨਸ਼ੇ ਦੀ ਸਪਲਾਈ ਕਰਦੇ ਰੰਗੇ ਹੱਥੀਂ ਕਾਬੂ ਕੀਤੇ ਅਕਾਲੀ ਯੂਥ ਵਿੰਗ ਦੇ ਪ੍ਰਧਾਨ ਸੂਰਜ ਦੱਤ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਕ-ਦੂਜੇ 'ਤੇ ਨਸ਼ਾ ਤਸਕਰੀ ਦਾ ਇਲਜ਼ਾਮ ਲਗਾਉਣ ਵਾਲੀਆਂ ਪਾਰਟੀਆਂ ਦੀ ਦਖਲ-ਅੰਦਾਜ਼ੀ ਨਾਲ ਹੁਣ ਇਹ ਮਾਮਲਾ ਸਿਆਸੀ ਰੂਪ ਲੈ ਗਿਆ ਹੈ। ਇਸ ਮਾਮਲੇ ਦਾ ਸਿਆਸੀ ਲਾਹਾ ਲੈਂਦੇ ਹੋਏ ਸਥਾਨਕ ਕਾਂਗਰਸ ਹਮਲਾਵਰ ਹੋ ਗਈ ਹੈ। ਕਾਂਗਰਸ ਦੇ ਬਲਾਕ ਪ੍ਰਧਾਨ ਸੰਜੀਵ ਦੱਤਾ ਅਤੇ ਬਲਾਕ ਯੂਥ ਕਾਂਗਰਸ ਅਮਲੋਹ ਦੇ ਪ੍ਰਧਾਨ ਅਮਿਤ ਕੁਮਾਰ ਸ਼ਰਮਾ ਨੇ ਅਕਾਲੀ ਦਲ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਇਕ ਵਾਰ ਫਿਰ ਤੋਂ ਅਕਾਲੀ ਦਲ ਦਾ ਨੰਗਾ ਚਿਹਰਾ ਬੇਨਕਾਬ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਜਿੱਥੇ ਸਰਕਾਰ ਪੂਰੇ ਸੂਬੇ 'ਚ ਨਸ਼ੇ ਨੂੰ ਠੰਡ ਪਾਉਣ ਲਈ ਦਿਨ-ਰਾਤ ਯਤਨ ਕਰ ਰਹੀ ਹੈ, ਉੱਥੇ ਹੀ ਅਕਾਲੀ ਦਲ ਦੇ ਅਜਿਹੇ ਨੇਤਾ ਅਜੇ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਅਕਾਲੀ ਹਮੇਸ਼ਾਂ ਹੀ ਨਸ਼ੇ ਨੂੰ ਲੈ ਕੇ ਕਾਂਗਰਸ 'ਤੇ ਦੋਸ਼ ਲਗਾਉਂਦੇ ਰਹਿੰਦੇ ਹਨ ਪਰ ਇਸ ਦੇ ਬਾਅਦ ਸਾਫ ਹੋ ਗਿਆ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ 'ਚ ਕੌਣ ਧਕੇਲ ਰਿਹਾ ਹੈ ਅਤੇ ਉਨ੍ਹਾਂ ਨੂੰ ਸਪਲਾਈ ਕੌਣ ਕਰ ਰਿਹਾ ਹੈ। 

ਉਧਰ ਇਸ ਮਾਮਲੇ 'ਚ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਬਚਦੇ ਨਜ਼ਰ ਆਏ ਤੇ ਮਾਮਲੇ 'ਚ ਆਪਣਾ ਪੱਲਾ ਝਾੜ ਦਿੱਤਾ। ਜਦਕਿ 28 ਜਨਵਰੀ 2019 ਨੂੰ ਉਨ੍ਹਾਂ ਆਪਣੇ ਦਫਤਰ 'ਚ ਮੀਟਿੰਗ ਕਰ ਉਕਤ ਨੌਜਵਾਨ ਨੂੰ ਪ੍ਰਧਾਨ ਨਿਯੁਕਤ ਕੀਤਾ। ਇਹ ਖਬਰ ਮੀਡੀਆ 'ਚ ਵੀ ਪ੍ਰਕਾਸ਼ਿਤ ਹੋਈ, ਇਸ ਦੇ ਬਾਵਜੂਦ ਵੀ ਹੁਣ ਰਾਜੂ ਖੰਨਾ ਉਕਤ ਨੌਜਵਾਨ ਤੋਂ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਤੋਂ ਇਨਕਾਰ ਕਰ ਰਹੇ ਹਨ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਪ ਪ੍ਰਧਾਨ ਜਗਦੀਪ ਸਿੰਘ ਚੀਮਾ ਅੱਗੇ ਆਏ ਤੇ ਉਕਤ ਨੌਜਵਾਨ ਦੇ ਪਾਰਟੀ ਨਾਲ ਸਬੰਧਾਂ 'ਤੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਨਸ਼ੇ ਤੇ ਨਸ਼ਾ ਤਸਕਰਾਂ ਖਿਲਾਫ ਰਿਹਾ ਹੈ। ਉਨ੍ਹਾਂ ਨੇ ਉਕਤ ਨੌਜਵਾਨ ਦੇ ਪਾਰਟੀ ਨਾਲ ਸਬੰਧਾਂ 'ਤੇ ਹਾਮੀ ਭਰਦਿਆਂ ਕਿਹਾ ਕਿ ਮਾਮਲਾ ਸੀਨੀਅਰ ਲੀਡਰਸ਼ਿਪ ਦੇ ਧਿਆਨ 'ਚ ਲਿਆਇਆ ਜਾਵੇਗਾ ਅਤੇ ਮਾਮਲੇ ਦੀ ਜਾਂਚ ਕਰਕੇ ਇਸ 'ਚ ਜੋ ਵੀ ਉੱਚਿਤ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਹੁਦੇਦਾਰ ਨਸ਼ੇ ਦੇ ਮਾਮਲੇ 'ਚ ਫੜਿਆ ਜਾਂਦਾ ਹੈ, ਚਾਹੇ ਉਹ ਪਾਰਟੀ ਦੇ ਕਿਸੇ ਵੀ ਵਿੰਗ ਨਾਲ ਸਬੰਧਿਤ ਹੋਵੇ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।


Related News