ਨਸ਼ੇ ਦਾ ਸੇਵਨ ਕਰਦੇ ਹੋਏ ASI ਸਣੇ 2 ਗ੍ਰਿਫਤਾਰ
Saturday, Jul 13, 2019 - 09:32 PM (IST)

ਪਠਾਨਕੋਟ,(ਸ਼ਾਰਦਾ): ਡਵੀਜ਼ਨ ਨੰਬਰ 1 ਵਲੋਂ ਆਪਣੇ ਵਿਭਾਗ 'ਚ ਤਾਇਨਾਤ ਏ. ਐੱਸ. ਆਈ. ਤੇ ਇਕ ਹੋਰ ਨੌਜਵਾਨ ਨੂੰ ਨਸ਼ੇ ਦਾ ਸੇਵਨ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਡਵੀਜ਼ਨ ਨੰਬਰ 1 ਦੇ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੈਟ੍ਰੋਲਿੰਗ ਪਾਰਟੀ ਵਲੋਂ ਖੱਡੀ ਸਰਕੂਲਰ ਰੋਡ 'ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਇਕ ਸੜਕ 'ਤੇ ਖੜ੍ਹੀ ਕਾਰ 'ਚੋਂ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਾਤਾਂ 'ਚ ਪੁੱਛ-ਗਿੱਛ ਕੀਤੀ ਗਈ ਤਾਂ ਉਹ ਨਸ਼ੇ ਦਾ ਸੇਵਨ ਕਰ ਰਹੇ ਸਨ। ਪੈਟਰੋਲਿੰਗ ਪਾਰਟੀ ਦੀ ਅਗਵਾਈ ਕਰ ਰਹੇ ਧਰਮਪਾਲ ਨੇ ਜਦੋਂ ਦੋਵੇਂ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਤਾਂ ਉਨ੍ਹਾਂ 'ਚੋਂ ਇਕ ਪਠਾਨਕੋਟ ਡਵੀਜ਼ਨ ਨੰਬਰ 1 'ਚ ਹੀ ਟ੍ਰੈਫਿਕ ਸਟਾਫ਼ 'ਚ ਤਾਇਨਾਤ ਏ. ਐੱਸ. ਆਈ. ਬਤੌਰ ਡਰਾਈਵਰ ਸਤਪਾਲ ਸਿੰਘ ਪੁੱਤਰ ਹੰਸਰਾਜ ਵਾਸੀ ਪਿੰਡ ਛੰਨੀਰਾਇਆ ਵਜੋਂ ਹੋਈ। ਜਦ ਕਿ ਦੂਸਰਾ ਨੌਜਵਾਨ ਅਮਨ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਘਰਥੌਲੀ ਪਠਾਨਕੋਟ ਵੱਜੋਂ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਨਸ਼ੇ ਨੂੰ ਤੋਲਣ ਵਾਲਾ ਇਕ ਇਲੈਕਟ੍ਰੋਨਿਕ ਕੰਡਾ, ਦੋ ਲਾਈਟਰ ਤੇ ਇਕ ਪੇਪਰ ਫੋਯਲ ਬਰਾਮਦ ਕੀਤਾ ਗਿਆ ਤੇ ਦੋਵੇਂ ਨਸ਼ੇ 'ਚ ਧੁੱਤ ਪਾਏ ਗਏ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।