ਦਿਵਿਆਂਗ ਵੋਟਰਾਂ ਲਈ ਵ੍ਹੀਲਚੇਅਰ ਦਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼

Saturday, Apr 27, 2019 - 11:31 AM (IST)

ਦਿਵਿਆਂਗ ਵੋਟਰਾਂ ਲਈ ਵ੍ਹੀਲਚੇਅਰ ਦਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਲੋਕ ਸਭਾ ਚੋਣਾਂ-2019 ਦੌਰਾਨ ਦਿਵਿਆਂਗ ਵੋਟਰਾਂ ਲਈ ਵ੍ਹੀਲਚੇਅਰ ਦਾ ਪ੍ਰਬੰਧ ਕਰਨਾ ਯਕੀਨੀ ਬਣਾਵੇ। ਇੱੱਥੇ ਡਾ. ਰਾਜੂ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਪੰਜਾਬ ਰਾਜ ਦੇ ਸਮੂਹ ਏ. ਡੀ. ਸੀ. (ਡੀ) ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜੁ ਨੇ ਕਿਹਾ ਕਿ ਪੰਜਾਬ 'ਚ ਇਕ ਲੱਖ, 201 ਹਜ਼ਾਰ ਦੇ ਕਰੀਬ ਪੀ. ਡਬਲਿਊ. ਡੀ. ਵੋਟਰ ਹਨ, ਜਿਨ੍ਹਾਂ ਦੀ ਚੋਣਾਂ 'ਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਕਈ ਉਪਰਾਲੇ ਕੀਤੇ ਗਏ ਹਨ।

ਇਨ੍ਹਾਂ 'ਚ ਚੱਲਣ-ਫਿਰਨ 'ਚ ਅਸਮਰੱਥ ਲੋਕਾਂ ਨੂੰ ਵੋਟ ਪਾਉਣ ਲਈ ਗੱਡੀ 'ਚ ਲਿਆਉਣ ਅਤੇ ਲਿਜਾਣ ਤੋਂ ਇਲਾਵਾ ਵ੍ਹੀਲਚੇਅਰ, ਪੀ. ਡਬਲਿਊ. ਡੀ. ਵੋਟਰ ਨੂੰ ਬੂਥ ਤੱਕ ਜਾਣ ਲਈ ਸਹਾਇਕ ਵਜੋਂ ਵਾਲੰਟੀਅਰ ਮੁਹੱਈਆ ਕਰਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਪੀ. ਡਬਲਿਊ. ਡੀ. ਵੋਟਰਜ਼ ਲਈ ਰੈਂਪ ਦੀ ਸਹੂਲਤ ਅਤੇ ਬਿਨਾ ਲਾਈਨ 'ਚ ਲੱਗੇ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਸੂਬੇ ਦੇ ਸਮੂਹ ਡੀ. ਡੀ. ਪੀਜ਼ ਨੂੰ ਹਦਾਇਕ ਕੀਤੀ ਕਿ ਅਗਲੇ 5 ਦਿਨਾਂ 'ਚ ਜ਼ਿਲੇ ਦੀਆਂ ਪੰਚਾਇਤਾਂ ਦੀ ਗਿਣਤੀ ਮੁਤਾਬਕ ਪ੍ਰਤੀ ਪੰਚਾਇਤ ਘੱਟੋ-ਘੱਟ ਇਕ ਵ੍ਹੀਲਚੇਅਰ ਜ਼ਰੂਰ ਖਰੀਦ ਲਈ ਜਾਵੇ। ਮੀਟਿੰਗ 'ਚ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਸਕਿਰਨ ਸਿੰਘ ਅਤੇ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ ਤੰਨੂ ਕਸ਼ਯਪ ਆਈ. ਏ. ਐੱਸ. ਵੀ ਹਾਜ਼ਰ ਸਨ।


author

Babita

Content Editor

Related News