ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ''ਤੇ ਪੈ ਰਹੀ ਦੋਹਰੀ ਮਾਰ

Monday, May 04, 2020 - 12:45 AM (IST)

ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ''ਤੇ ਪੈ ਰਹੀ ਦੋਹਰੀ ਮਾਰ

ਬਠਿੰਡਾ, (ਜ.ਬ.)— ਕੋਰੋਨਾ ਵਾਇਰਸ ਕਰ ਕੇ ਬਣੇ ਹਾਲਾਤਾਂ ਕਾਰਨ ਕਿਸਾਨ ਪਹਿਲਾਂ ਤੋਂ ਕਣਕ ਦੇ ਮੰਡੀਕਰਨ ਨੂੰ ਲੈ ਕੇ ਮੁਸ਼ਕਲਾਂ ਨਾਲ ਲੜ ਰਹੇ ਹਨ, ਜਦਕਿ ਹੁਣ ਖਰਾਬ ਮੌਸਮ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਖੇਤਰ 'ਚ ਐਤਵਾਰ ਨੂੰ ਪਏ ਤੇਜ਼ ਮੀਂਹ ਅਤੇ ਸ਼ਨੀਵਾਰ ਰਾਤ ਹੋਈ ਗੜੇਮਾਰੀ ਕਾਰਨ ਕਿਸਾਨਾਂ 'ਤੇ ਦੋਹਰੀ ਮਾਰ ਪੈਣ ਲੱਗੀ ਹੈ। ਜਿਥੇ ਮੰਡੀਆਂ 'ਚ ਫ਼ਸਲ ਦਾ ਨੁਕਸਾਨ ਹੋਣ ਦਾ ਡਰ ਹੈ, ਉਥੇ ਕਿਸਾਨਾਂ ਦੀ ਖੇਤਾਂ 'ਚ ਸੰਭਾਲੀ ਫ਼ਸਲ ਅਤੇ ਤੂੜੀ ਦੇ ਖਰਾਬ ਹੋਣ ਦਾ ਖਤਰਾ ਬਣਿਆ ਹੋਇਆ ਹੈ। ਬੀਤੀ ਰਾਤ ਵੀ ਬਠਿੰਡਾ ਅਤੇ ਨੇੜਲੇ ਕੁਝ ਇਲਾਕਿਆਂ ਵਿਚ ਗੜੇਮਾਰੀ ਅਤੇ ਮੀਂਹ ਪਿਆ। ਐਤਵਾਰ ਨੂੰ ਵੀ ਦੁਪਹਿਰ ਦੇ ਬਾਅਦ ਜ਼ਿਲ੍ਹੇ 'ਚ ਤੇਜ਼ ਮੀਂਹ ਪਿਆ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚਲਦੀਆਂ ਰਹੀਆਂ। ਮੀਂਹ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਫਿਰ ਤੋਂ ਜ਼ਿਲ੍ਹੇ 'ਚ ਮੀਂਹ ਅਤੇ ਗੜੇਮਾਰੀ ਹੋਣ ਦੇ ਆਸਾਰ ਹਨ, ਜਿਸ ਕਰ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਉਧਰ ਦੂਜੇ ਪਾਸੇ ਨਰਮਾ ਉਤਪਾਦਕ ਕਿਸਾਨ ਲਈ ਇਸ ਮੀਂਹ ਨੂੰ ਫਾਇਦੇਮੰਦ ਵੀ ਦੱਸਿਆ ਜਾ ਰਿਹਾ ਹੈ।

ਆਉਣ ਵਾਲੇ ਦਿਨਾਂ 'ਚ ਵੀ ਮੀਂਹ ਅਤੇ ਗੜੇਮਾਰੀ ਦੇ ਆਸਾਰ
ਮੌਸਮ ਵਿਭਾਗ ਵਲੋਂ ਜਾਰੀ ਕੀਤੀ ਰਿਪੋਰਟ ਮੁਤਾਬਕ ਅਗਲੇ ਕੁਝ ਦਿਨਾਂ ਦੌਰਾਨ ਆਸਮਾਨ 'ਤੇ ਬੱਦਲ ਛਾਏ ਰਹਿਣਗੇ ਅਤੇ 3 ਤੋਂ 5 ਮਈ ਦੌਰਾਨ ਗੜੇਮਾਰੀ ਹੋ ਸਕਦੀ ਹੈ। ਇਸ ਦੇ ਇਲਾਵਾ 6 ਮਈ ਨੂੰ ਜ਼ਿਲ੍ਹੇ 'ਚ 16 ਐੱਮ. ਐੱਮ. ਤਕ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਦੇ ਇਲਾਵਾ ਤੇਜ਼ ਹਾਵਾਵਾਂ ਚੱਲਣ ਦਾ ਵੀ ਅਨੁਮਾਨ ਹੈ। ਮੌਸਮ ਦੇ ਵਿਗੜੇ ਮਿਜਾਜ ਤੋਂ ਫ਼ਸਲ ਦੇ ਮੰਡੀਕਰਨ 'ਚ ਉਲਝੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

ਨੁਕਸਾਨ ਦੇ ਨਾਲ-ਨਾਲ ਫਾਇਦੇਮੰਦ ਵੀ ਮੀਂਹ : ਸਿੱਧੂ
ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਵਿਗੜੇ ਮੌਸਮ ਕਰ ਕੇ ਕਣਕ ਦੀ ਫ਼ਸਲ ਨੂੰ ਨੁਕਸਾਨ ਪੁੱਜ ਸਕਦਾ ਹੈ ਅਤੇ ਉਸ ਦੀ ਕੁਆਲਿਟੀ ਪ੍ਰਭਾਵਤ ਹੋ ਸਕਦੀ ਹੈ। ਕੇਂਦਰ ਸਰਕਾਰ ਨੇ ਪਹਿਲਾਂ ਹੀ ਕਮਜ਼ੋਰ ਦਾਣਿਆਂ ਦੀ ਖਰੀਦ 'ਤੇ ਕਟੌਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਮੌਸਮ ਕਰ ਕੇ ਹੋਣ ਵਾਲੇ ਨੁਕਸਾਨ ਨੂੰ ਵੇਖਦੇ ਹੋਏ ਸਰਕਾਰ ਨੂੰ ਕਣਕ ਦੀ ਖਰੀਦ ਦੌਰਾਨ ਲਾਈ ਜਾਣ ਵਾਲੀ ਨਮੀ ਅਤੇ ਹੋਰ ਸ਼ਰਤਾਂ ਨੂੰ ਨਰਮ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਮੁਸ਼ਕਲ ਨਾ ਆਵੇ। ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਮੀਂਹ ਨਰਮਾ ਉਤਪਾਦਕ ਕਿਸਾਨਾਂ ਲਈ ਫਾਇਦੇਮੰਦ ਵੀ ਹੈ। ਇਸ ਨਾਲ ਗਰਮੀ ਕਾਰਨ ਝੁਲਸ ਰਹੀ ਨਰਮੇ ਦੀ ਫਸਲ ਨੂੰ ਰਾਹਤ ਮਿਲੇਗੀ। ਇਸਦੇ ਨਾਲ ਹੀ ਨਰਮੇ ਦੀ ਬਿਜਾਈ ਲਈ ਕਿਸਾਨਾਂ ਨੂੰ ਹੁਣ ਬਹੁਤਾ ਪਾਣੀ ਵੀ ਨਹੀਂ ਲਾਉਣਾ ਪਵੇਗਾ, ਜਿਸ ਕਾਰਨ ਕਿਸਾਨਾਂ ਦੇ ਖਰਚੇ ਵੀ ਘਟਣਗੇ।

ਕਰਫਿਊ 'ਚ ਬਾਹਰ ਨਿਕਲੇ ਲੋਕਾਂ ਨੂੰ ਮੀਂਹ ਨੇ ਘਰਾਂ 'ਚ ਕੀਤਾ ਬੰਦ
ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਏ ਗਏ ਕਰਫਿਊ ਦੌਰਾਨ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਮੀਂਹ ਨੇ ਘਰਾਂ 'ਚ ਹੀ ਬੰਦ ਕਰ ਦਿੱਤਾ। ਸ਼ਾਮ ਸਾਢੇ 4 ਵਜੇ ਸ਼ੁਰੂ ਹੋਏ ਮੀਂਹ ਦੌਰਾਨ ਸੜਕਾਂ ਪੂਰੀ ਤਰ੍ਹਾਂ ਸੁੰਨਸਾਨ ਰਹੀਆਂ ਅਤੇ ਕਈ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ। ਗੌਰਤਲਬ ਹੈ ਕਿ ਆਮ ਤੌਰ 'ਤੇ ਲੋਕ ਸ਼ਾਮ ਦੇ ਸਮੇਂ ਘਰਾਂ ਤੋਂ ਨਿਕਲ ਕੇ ਕਰਫਿਊ ਦੀ ਉਲੰਘਣਾ ਕਰਦੇ ਹਨ। ਪੁਲਸ ਵਲੋਂ ਵੀ ਇਸ ਤਰ੍ਹਾਂ ਦੇ ਲੋਕਾਂ 'ਤੇ ਨਜ਼ਰ ਰੱਖੀ ਜਾਂਦੀ ਹੈ ਪਰ ਫ਼ਿਰ ਵੀ ਜ਼ਿਆਦਾਤਰ ਲੋਕ ਪੁਲਸ ਦੀ ਨਜ਼ਰ 'ਚ ਨਹੀਂ ਆਉਂਦੇ ਪਰ ਐਤਵਾਰ ਨੂੰ ਪਏ ਮੀਂਹ ਨੇ ਲੋਕਾਂ ਨੂੰ ਘਰਾਂ 'ਚ ਕੈਦ ਹੋਣ ਲਈ ਮਜ਼ਬੂਰ ਕਰ ਦਿੱਤਾ।


author

KamalJeet Singh

Content Editor

Related News