ਦੋਰਾਹਾ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ , ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
Thursday, May 27, 2021 - 06:05 PM (IST)
ਦੋਰਾਹਾ (ਵਿਨਾਇਕ) : ਦੋਰਾਹਾ ਪੁਲਸ ਨੇ ਮੱਧ ਪ੍ਰਦੇਸ਼ ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 2 ਨੌਜਵਾਨਾਂ ਨੂੰ ਜੀ. ਟੀ. ਰੋਡ ਦੋਰਾਹਾ ਵਿਖੇ ਕੀਤੀ ਸਪੈਸ਼ਲ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਬਾਅਦ ’ਚ ਕਥਿਤ ਦੋਸ਼ੀਆਂ ਦੀ ਪਛਾਣ ਲਵਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਗੰਡੀਵਿੰਡ ਧੱਧਲ ਅਤੇ ਜੋਬਨਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਪੱਖੋਪੁਰ ਥਾਣਾ ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਗੈਗਸਟਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਅਧੀਨ ਪਾਇਲ ਦੇ ਡੀ. ਐੱਸ. ਪੀ. ਹਰਦੀਪ ਸਿੰਘ ਚੀਮਾਂ, ਦੋਰਾਹਾ ਦੇ ਐੱਸ. ਐੱਚ. ਓ. ਨਛੱਤਰ ਸਿੰਘ ਅਤੇ ਸਹਾਇਕ ਥਾਣੇਦਾਰ ਅਮਰ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਵੱਲੋਂ ਜੀ. ਟੀ. ਰੋਡ ਦੋਰਾਹਾ ਵਿਖੇ ਐੱਫ. ਸੀ. ਆਈ. ਗੋਦਾਮਾਂ ਸਾਹਮਣੇ ਸਪੈਸ਼ਲ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਕਿਸੇ ਖਾਸ ਮੁਖਬਰ ਨੇ ਪੁਲਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਉਕਤ ਕਥਿਤ ਦੋਸ਼ੀ ਲਵਜੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ, ਜੋ ਕਿ ਇੱਕ ਟੈਕਸੀ ਨੰਬਰ ਡੀ. ਐੱਲ-1-ਜੈਡ. ਬੀ-7328 ਸਵਿੱਫਟ ਕਾਰ ‘ਚ ਸਵਾਰ ਹੋ ਕੇ ਵੱਡੀ ਮਾਤਰਾ ‘ਚ ਗੈਰ ਕਾਨੂੰਨੀ ਹਥਿਆਰ ਲੈ ਕੇ ਖੰਨਾ ਤੋਂ ਲੁਧਿਆਣਾ ਸਾਈਡ ਆ ਰਹੇ ਹਨ।
ਇਹ ਵੀ ਪੜ੍ਹੋ : ਦਿੱਲੀ ’ਚ ਘੜਿਆ ਕਾਨੂੰਨ ਹਮੇਸ਼ਾ ਸਾਡੀ ਹੋਂਦ ਨੂੰ ਸੱਟ ਮਾਰਦਾ : ਦੀਪ ਸਿੱਧੂ
ਇਸ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਮੌਕੇ ਉਕਤ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਦੋਵੇਂ ਨੋਜਵਾਨਾਂ ਪਾਸੋਂ ਮਿਲੇ ਪਿੱਠੂ ਬੈਗ ’ਚੋਂ ਗੈਰ ਕਾਨੂੰਨੀ ਹਥਿਆਰ, ਜਿਨ੍ਹਾਂ ‘ਚ 7 ਪਿਸਟਲ 32 ਬੌਰ, ਇੱਕ ਪਿਸਟਲ 30 ਬੌਰ ਸਮੇਤ 12 ਮੈਗਜ਼ੀਨ ਬਰਾਮਦ ਕੀਤੇ ਗਏ। ਦੋਰਾਹਾ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮੁੱਕਦਮਾ ਨੰਬਰ 83 ਧਾਰਾ 25, 54, 59 ਆਰਮਜ਼ ਐਕਟ ਅਧੀਨ ਦਰਜ ਰਜਿਸਟਰ ਕਰਕੇ ਦੋਵੇਂ ਦੋਸ਼ੀਆਂ ਲਵਜੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਐੱਸ. ਐੱਸ. ਪੀ. ਗਰੇਵਾਲ ਨੇ ਅੱਗੇ ਦੱਸਿਆ ਕਿ ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਪੰਜਾਬ ਰਾਜ ਵਿੱਚ ਗੈਰ ਕਾਨੂੰਨੀ ਹਥਿਆਰ ਸਪਲਾਈ ਕਰਨ ’ਚ ਸ਼ਾਮਲ ਸੀ ਅਤੇ ਇਹ ਹਥਿਆਰ ਲੁੱਟ-ਖੋਹ ’ਤੇ ਫਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤਦੇ ਸਨ। ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆ ਨੇ ਕਬੂਲ ਕੀਤਾ ਕਿ ਉਹ ਦੋਵੇਂ ਗਿਰੋਹ ਦੇ ਮੁੱਖੀ ਧਰਮਵੀਰ ਸਿੰਘ ਵਾਸੀ ਪੱਖੋਪੁਰ ਥਾਣਾ ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਸਪੰਰਕ ‘ਚ ਸਨ, ਜੋ ਕਿ ਉਨ੍ਹਾਂ ਤੋ ਗੈਰ ਕਾਨੂੰਨੀ ਹਥਿਆਰ ਬਾਹਰਲੇ ਸੂਬਿਆਂ ਤੋ ਮੰਗਵਾ ਕੇ ਆਪਣੇ ਖੇਤਰ ਵਿੱਚ ਸਪਲਾਈ ਕਰਵਾਉਂਦਾ ਸੀ।
ਇਹ ਵੀ ਪੜ੍ਹੋ : 1 ਲੱਖ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਨੂੰ ਹਾਸਲ ਕਰਨ ਦੀ ਰਾਹ ’ਤੇ ਪੰਜਾਬ ਸਰਕਾਰ
ਦੋਸ਼ੀਆਂ ਨੇ ਇਹ ਹਥਿਆਰ ਵੀ ਮੱਧ ਪ੍ਰਦੇਸ਼ ਤੋਂ ਲਿਆ ਕੇ ਤਰਨ ਤਾਰਨ ਖੇਤਰ ‘ਚ ਸਪਲਾਈ ਕਰਨੇ ਸਨ। ਇਸ ਤੋਂ ਇਲਾਵਾ ਦੋਸ਼ੀ ਲਵਜੀਤ ਸਿੰਘ ਖ਼ਿਲਾਫ਼ ਪਹਿਲਾ ਹੀ ਲੁੱਟ-ਖੋਹ ਅਤੇ ਫਿਰੌਤੀ ਦੀ ਵਾਰਦਾਤ ਦਾ ਮੁੱਕਦਮਾ ਥਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ ਵਿਖੇ ਦਰਜ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਕਥਿਤ ਦੋਸ਼ੀ ਲਵਜੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ। ਇਸ ਉਪਰੰਤ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਹਿਮ ਖੁਲਾਸੇ ਹੋਣ ਦੀ ਪੂਰਨ ਸੰਭਾਵਨਾ ਹੈ। ਦੋਸ਼ੀਆਂ ਦੀ ਇਸ ਗ੍ਰਿਫ਼ਤਾਰੀ ਨਾਲ ਦੋਰਾਹਾ ਪੁਲਸ ਵੱਲੋਂ ਪੰਜਾਬ ਅੰਦਰ ਵੱਡੀ ਵਰਦਾਤ ਨੂੰ ਅੰਜਾਮ ਦੇਣ ਤੋਂ ਰੋਕ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਪਾਲਣ-ਪੋਸ਼ਣ ’ਚ ਵੀ ਮਦਦ ਕਰੇਗੀ ਪੰਜਾਬ ਸਰਕਾਰ!
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ