ਹੁਣ ਮੇਨਕਾ ਗਾਂਧੀ ਨੇ ਲਟਕਾਇਆ ਡਾਗ ਕੰਪਾਊਂਡ ਪ੍ਰਾਜੈਕਟ

Friday, Sep 08, 2017 - 11:43 AM (IST)

ਹੁਣ ਮੇਨਕਾ ਗਾਂਧੀ ਨੇ ਲਟਕਾਇਆ ਡਾਗ ਕੰਪਾਊਂਡ ਪ੍ਰਾਜੈਕਟ

ਜਲੰਧਰ (ਖੁਰਾਣਾ) - ਸ਼ਹਿਰ 'ਚ ਹਜ਼ਾਰਾਂ ਦੀ ਗਿਣਤੀ 'ਚ ਆਵਾਰਾ ਘੁੰਮ ਰਹੇ ਕੁੱਤਿਆਂ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਅਕਾਲੀ-ਭਾਜਪਾ ਸਰਕਾਰ ਪਿਛਲੇ 10 ਸਾਲਾਂ ਤੋਂ ਇਸ ਮਾਮਲੇ ਵਿਚ ਲੋਕਾਂ ਨੂੰ ਲਾਰੇ ਲਾਉਂਦੀ ਆ ਰਹੀ ਹੈ। ਹੁਣ ਗਠਜੋੜ ਦੇ ਮੇਅਰ ਸੁਨੀਲ ਜੋਤੀ ਦਾ ਕਾਰਜਕਾਲ ਖਤਮ ਹੋਣ ਕੰਢੇ ਹੈ ਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਜਲੰਧਰ ਵਿਚ ਡਾਗ ਕੰਪਾਊਂਡ ਵੀ ਲਗਭਗ ਤਿਆਰ ਹੈ, ਜਿਥੇ ਕੁੱਤਿਆਂ ਦੀ ਨਸਬੰਦੀ ਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਨਿਗਮ ਇਹ ਪ੍ਰਾਜੈਕਟ ਪਸ਼ੂ ਪਾਲਣ ਵਿਭਾਗ ਦੇ ਨਾਲ ਮਿਲ ਕੇ ਚਲਾਉਣ ਜਾ ਰਿਹਾ ਹੈ, ਜਿਸ ਵਿਚ ਸਵੈ ਸੇਵੀ ਸੰਸਥਾਵਾਂ ਵੀ ਆਪਣਾ ਸਹਿਯੋਗ ਦੇਣਗੀਆਂ। ਇਸ ਪ੍ਰਾਜੈਕਟ ਦੇ ਤਹਿਤ ਨਿਗਮ ਦੀ ਨੰਗਲਸ਼ਾਮਾ ਵਿਚ ਪਈ ਖਾਲੀ ਜ਼ਮੀਨ 'ਤੇ 50 ਲੱਖ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਡਾਗ ਕੰਪਾਊਂਡ ਤਿਆਰ ਕੀਤਾ ਗਿਆ। ਨਿਗਮ ਇਸ ਡਾਗ ਕੰਪਾਊਂਡ ਦੇ ਉਦਘਾਟਨ ਦਾ ਐਲਾਨ ਕਈ ਵਾਰ ਕਰ ਚੁੱਕਾ ਹੈ ਪਰ ਹੁਣ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਦਖਲ ਕਾਰਨ ਇਹ ਪ੍ਰਾਜੈਕਟ ਥੋੜ੍ਹਾ ਹੋਰ ਲਟਕ ਜਾਣ ਦੀ ਸੰਭਾਵਨਾ ਹੈ ਕਿਉਂਕਿ ਮੇਨਕਾ ਗਾਂਧੀ ਨੇ ਪੂਰੇ ਪੰਜਾਬ ਵਿਚ ਨਿਗਮਾਂ ਵੱਲੋਂ ਚਲਾਏ ਜਾ ਰਹੇ ਅਜਿਹੇ ਪ੍ਰਾਜੈਕਟਾਂ 'ਤੇ ਨਾਖੁਸ਼ੀ ਪ੍ਰਗਟ ਕਰਦਿਆਂ ਜਲੰਧਰ ਦੇ ਮੇਅਰ ਸੁਨੀਲ ਜੋਤੀ ਨੂੰ ਨਿੱਜੀ ਤੌਰ 'ਤੇ ਕਈ ਫੋਨ ਕਰ ਕੇ ਫੁਲ-ਪਰੂਫ ਤਰੀਕੇ ਨਾਲ ਇਸ ਪ੍ਰਾਜੈਕਟ 'ਤੇ ਕੰਮ ਕਰਨ ਲਈ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਵਿਚ ਸਾਫ ਕਿਹਾ ਗਿਆ ਹੈ ਕਿ ਪੂਰਾ ਪ੍ਰਾਜੈਕਟ ਉਨ੍ਹਾਂ ਦੀ ਹਦਾਇਤ ਅਨੁਸਾਰ ਚਲਾਇਆ ਜਾਵੇ।
ਮੇਨਕਾ ਗਾਂਧੀ ਦਾ ਤਰਕ ਹੈ ਕਿ ਨਸਬੰਦੀ ਤੋਂ ਪਹਿਲਾਂ ਕੁੱਤਿਆਂ ਨੂੰ ਫੜਨ ਦਾ ਤਰੀਕਾ ਜ਼ਾਲਮਾਨਾ ਨਹੀਂ ਹੋਣਾ ਚਾਹੀਦਾ ਤੇ ਇਸ ਕੰਮ ਲਈ ਉਨ੍ਹਾਂ ਨੂੰ ਜਿਥੋਂ ਚੁੱਕਿਆ ਜਾਵੇ, ਉਥੇ ਵਾਪਸ ਛੱਡਣਾ ਯਕੀਨੀ ਬਣਾਇਆ ਜਾਵੇ। ਕੁੱਤਿਆਂ ਨੂੰ ਫੜਨ ਤੋਂ ਲੈ ਕੇ  ਉਨ੍ਹਾਂ ਦੀ ਨਸਬੰਦੀ ਕਰਨ ਵਾਲੇ ਡਾਕਟਰ, ਸਟਾਫ ਤੇ ਆਪ੍ਰੇਸ਼ਨ ਤੋਂ ਬਾਅਦ ਕੁੱਤਿਆਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀ ਸਾਰੇ ਪੂਰੀ ਤਰ੍ਹਾਂ ਟ੍ਰੇਂਡ ਹੋਣੇ ਚਾਹੀਦੇ ਹਨ। ਮੇਨਕਾ ਗਾਂਧੀ ਨੇ ਨਿਰਦੇਸ਼ ਦਿੱਤੇ ਹਨ ਕਿ ਇਸ ਪ੍ਰਾਜੈਕਟ ਨੂੰ ਚਲਾਉਣ ਵਾਲੇ ਅਧਿਕਾਰੀ ਤੇ ਕਰਮਚਾਰੀ ਦੇਹਰਾਦੂਨ ਵਿਚ ਚੱਲ ਰਹੇ ਅਜਿਹੇ ਪ੍ਰਾਜੈਕਟ ਨੂੰ ਦੇਖ ਕੇ ਆਉਣ ਜੋ ਬਿਲਕੁਲ ਸਹੀ ਢੰਗ ਨਾਲ ਕੰਮ ਕਰ ਰਹੇ ਹਨ। 
ਮੇਨਕਾ ਦੀ ਪ੍ਰਤੀਨਿਧੀ ਅੱਜ ਪ੍ਰਾਜੈਕਟ ਦੇਖਣ ਜਲੰਧਰ ਆਏਗੀ
ਮੇਨਕਾ ਗਾਂਧੀ ਵੱਲੋਂ ਚਲਾਈ ਜਾ ਰਹੀ ਸਵੈ ਸੇਵੀ ਸੰਸਥਾ ਦੀ ਇਕ ਪ੍ਰਤੀਨਿਧੀ ਕੱਲ ਚੰਡੀਗੜ੍ਹ ਤੋਂ ਜਲੰਧਰ ਆ ਕੇ ਨਗਰ ਨਿਗਮ ਵੱਲੋਂ ਨੰਗਲਸ਼ਾਮਾ ਵਿਚ ਬਣਾਏ ਗਏ ਨਵੇਂ ਡਾਗ ਕੰਪਾਊਂਡ ਦਾ ਨਿਰੀਖਣ ਕਰੇਗੀ ਤੇ ਉਸ ਤੋਂ ਬਾਅਦ ਨਿਗਮ ਵਿਚ ਮੇਅਰ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਵਿਚ ਹਿੱਸਾ ਲਵੇਗਾ।


Related News