ਜ਼ਿਲਾ ਮੈਜਿਸਟਰੇਟ ਨੇ ਜਾਰੀ ਕੀਤੇ ਪਾਬੰਦੀਆਂ ਦੇ ਹੁਕਮ

Friday, Apr 20, 2018 - 02:04 AM (IST)

ਹੁਸ਼ਿਆਰਪੁਰ, (ਘੁੰਮਣ)- ਜ਼ਿਲਾ ਮੈਜਿਸਟਰੇਟ ਸ਼੍ਰੀ ਵਿਪੁਲ ਉਜਵਲ ਨੇ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਜਨਤਾ ਨੂੰ ਜ਼ਿਲਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ 'ਤੇ ਜਾਂ ਜਨਤਕ ਥਾਵਾਂ 'ਤੇ ਨਾ ਚਰਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਹੁਕਮ ਵਿਚ ਉਨ੍ਹਾਂ ਦੱਸਿਆ ਕਿ ਕੁਝ ਲੋਕ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਅਤੇ ਜਨਤਕ ਥਾਵਾਂ 'ਤੇ ਚਰਾਉਂਦੇ ਹਨ। ਅਜਿਹਾ ਕਰਨ ਨਾਲ ਸੜਕਾਂ 'ਤੇ ਦੁਰਘਟਨਾਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਆਮ ਆਵਾਜਾਈ ਵਿਚ ਵਿਘਨ ਪੈਂਦਾ ਹੈ। ਇਸ ਤੋਂ ਇਲਾਵਾ ਜੋ ਜ਼ਿਲੇ ਵਿਚ ਬੂਟੇ ਲਾਏ ਜਾਂਦੇ ਹਨ, ਉਨ੍ਹਾਂ ਨੂੰ ਵੀ ਪਸ਼ੂ ਨੁਕਸਾਨ ਪਹੁੰਚਾਉਂਦੇ ਹਨ।
ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਧਾਰਾ 144 ਸੀ. ਆਰ. ਪੀ. ਸੀ. ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਕ ਹੋਰ ਹੁਕਮ ਜਾਰੀ ਕੀਤਾ ਹੈ, ਜਿਸ ਅਨੁਸਾਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਅਤੇ 18-ਐਮੂਨੀਸ਼ਨ ਡਿਪੂ, ਉੱਚੀ ਬੱਸੀ ਦੀ ਬਾਹਰਲੀ ਚਾਰਦੀਵਾਰੀ ਦੇ 914 ਮੀਟਰ ਦੇ ਘੇਰੇ ਅੰਦਰ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਉਸਾਰੀ (ਸਿਵਾਏ ਸਰਕਾਰੀ ਉਸਾਰੀ) ਕਰਨ 'ਤੇ ਪੂਰਨ ਤੌਰ 'ਤੇ ਰੋਕ ਲਾ ਦਿੱਤੀ ਗਈ ਹੈ। ਇਹ ਦੋਵੇਂ ਹੁਕਮ 16 ਜੂਨ, 2018 ਤੱਕ ਲਾਗੂ ਰਹਿਣਗੇ।


Related News