ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਦੇਵੇਗੀ
Monday, Mar 12, 2018 - 06:30 AM (IST)
ਤਪਾ ਮੰਡੀ (ਸ਼ਾਮ, ਗਰਗ, ਮਾਰਕੰਡਾ, ਮੇਸ਼ੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ੁਕਰਾਨੇ ਵਜੋਂ ਬਾਅਦ ਦੁਪਹਿਰ ਗੁਰਦੁਆਰਾ ਟਿੱਬਾ ਸਾਹਿਬ (ਤਪਾ-ਦਰਾਜ) ਅਤੇ ਗੁਰਦੁਆਰਾ ਬਾਬਾ ਗੁਰਦਿੱਤਾ ਸਾਹਿਬ ਦਰਾਜ ਵਿਖੇ ਪਹਿਲੀ ਵਾਰ ਪਹੁੰਚਣ 'ਤੇ ਮੱਥਾ ਟੇਕਿਆ ਜਿਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਭਵਿੱਖ 'ਚ ਸ਼੍ਰੋਮਣੀ ਕਮੇਟੀ ਦਾ ਮੁੱਖ ਫੋਕਸ ਸਿੱਖੀ ਤੇ ਸਿੱਖਿਆ ਦੇ ਪ੍ਰਸਾਰ 'ਤੇ ਰਹੇਗਾ ਤੇ ਸਿੱਖੀ ਦਾ ਪ੍ਰਚਾਰ ਪਿੰਡ ਪੱਧਰ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦਾ ਪਤਾ ਲਾਏਗੀ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦੇਵੇਗੀ। ਜਦੋਂ ਉਨ੍ਹਾਂ ਦਾ ਧਿਆਨ 'ਚ ਲਿਆਂਦਾ ਗਿਆ ਕਿ ਹਰੇਕ ਪਿੰਡ, ਸ਼ਹਿਰ 'ਚ ਜਾਤੀ ਦੇ ਆਧਾਰ 'ਤੇ ਗੁਰਦੁਆਰਾ ਸਾਹਿਬ ਬਣ ਰਹੇ ਹਨ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਗੁਰੂ ਸਾਹਿਬ ਨੇ ਜਾਤ-ਪਾਤ ਦਾ ਭੇਦਭਾਵ ਮਿਟਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਸਨ, ਅਸੀਂ ਜਾਤ-ਪਾਤ ਦੇ ਆਧਾਰ 'ਤੇ ਗੁਰਦੁਆਰਾ ਸਾਹਿਬ ਬਣਾਉਣ ਦੇ ਵਿਰੋਧੀ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਪ੍ਰਤੀ ਸੰਵੇਦਨਸ਼ੀਲ ਹੋ ਕੇ ਹਰ ਲੋੜਵੰਦ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕਾਰਜਾਂ ਪ੍ਰਤੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ-ਵੱਡੇ ਕਾਲਜ ਬਣਾਏ ਜਾ ਰਹੇ ਹਨ ਤਾਂ ਜੋ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਪੜ੍ਹ-ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹੀ ਹੋ ਸਕੇ। ਇਸ ਮੌਕੇ ਚੇਅਰਮੈਨ ਜਗਦੀਸ਼ ਬਰਾੜ, ਮੈਨੇਜਰ ਜੰਗ ਸਿੰਘ ਜੰਗਿਆਣਾ, ਪ੍ਰਧਾਨ ਗੁਰਜੰਟ ਸਿੰਘ ਧਾਲੀਵਾਲ, ਗੁਰਨਾਮ ਸਿੰਘ ਜਨਰਲ ਸਕੱਤਰ, ਬੇਅੰਤ ਸਿੰਘ ਮਾਂਗਟ, ਐੱਸ. ਕੁਮਾਰ ਤਪਾ, ਬਾਈ ਮਲਕੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਬਾਬਾ ਮੱਘਰ ਸਿੰਘ, ਨਰੰਜਨ ਸਿੰਘ ਸਾਬਕਾ ਪ੍ਰਧਾਨ, ਮਦਨ ਲਾਲ ਧੌਲਾ, ਨੰਬਰਦਾਰ ਪ੍ਰੀਤਮ ਸਿੰਘ, ਗਮਦੂਰ ਸਿੰਘ, ਜਨਕ ਰਾਜ ਮੌੜ, ਬਲਵੀਰ ਸਿੰਘ ਦਰਾਕਾ, ਕਸ਼ਮੀਰਾ ਸਿੰਘ, ਬਲਵਿੰਦਰ ਸਿੰਘ, ਨਾਗਰ ਸਿੰਘ ਨਾਗੋ, ਕੁਲਵੰਤ ਸਿੰਘ ਬੋਘਾ, ਸੁਖਦੇਵ ਸਿੰਘ ਸਰਪੰਚ ਢਿੱਲਵਾਂ, ਕਰਨੈਲ ਸਿੰਘ, ਚਮਕੌਰ ਸਿੰਘ, ਗੁਰਦੀਪ ਸਿੰਘ, ਗੁਰਜੰਟ ਸਿੰਘ ਪੰਚ, ਮੈਨੇਜਰ ਗੁਲਜ਼ਾਰਾ ਸਿੰਘ, ਸਤ ਪਾਲ ਪੱਖੋ ਆਦਿ ਸੰਗਤ ਹਾਜ਼ਰ ਸੀ।
