ਅੰਮ੍ਰਿਤਸਰ ਦੇ ਸਕੂਲਾਂ ਦਾ ਡਾਟਾ ਨਾਮਨਜ਼ੂਰ
Sunday, Jan 07, 2018 - 04:21 AM (IST)

ਅੰਮ੍ਰਿਤਸਰ, (ਦਲਜੀਤ)- ਸਿੱਖਿਆ ਵਿਭਾਗ ਨੇ ਜ਼ਿਲਾ ਅੰਮ੍ਰਿਤਸਰ ਦੇ ਸਰਕਾਰੀ, ਗੈਰ-ਸਰਕਾਰੀ ਤੇ ਏਡਿਡ ਸਕੂਲਾਂ ਵੱਲੋਂ ਯੂ-ਡਾਇਸ ਤਹਿਤ ਦਿੱਤੀ ਸਮੂਹ ਜਾਣਕਾਰੀ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਵਿਭਾਗ ਨੇ ਸਕੂਲਾਂ ਵੱਲੋਂ ਦਿੱਤੀ ਜਾਣਕਾਰੀ ਵਿਚ ਭਾਰੀ ਤਰੁੱਟੀਆਂ ਤੇ ਝੂਠ ਹੋਣ ਕਰ ਕੇ ਸਕੂਲਾਂ ਨੂੰ ਇਕ ਹੋਰ ਮੌਕਾ ਦਿੰਦਿਆਂ 8 ਜਨਵਰੀ ਤੱਕ ਠੀਕ ਜਾਣਕਾਰੀ ਉਪਲਬਧ ਕਰਵਾਉਣ ਦੇ ਹੁਕਮ ਦਿੱਤੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਫਿਰ ਵੀ ਤਰੁੱਟੀਆਂ ਜਾਂ ਗਲਤ ਜਾਣਕਾਰੀ ਮੁਹੱਈਆ ਕਰਵਾਈ ਗਈ ਤਾਂ ਸਕੂਲ ਖੁਦ ਇਸ ਲਈ ਜ਼ਿੰਮੇਵਾਰ ਹੋਵੇਗਾ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਯੂ-ਡਾਇਸ ਤਹਿਤ ਪੰਜਾਬ ਦੇ ਸਮੂਹ ਸਕੂਲਾਂ ਦੀ ਜਾਣਕਾਰੀ ਆਨਲਾਈਨ ਹਾਸਲ ਕਰਨ ਲਈ ਰਾਜ ਭਰ ਦੇ ਜ਼ਿਲਾ ਸਿੱਖਿਆ ਅਫਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸਰਕਾਰੀ, ਗੈਰ-ਸਰਕਾਰੀ ਤੇ ਏਡਿਡ ਸਕੂਲਾਂ ਦੀ ਯੂ-ਡਾਇਸ 'ਤੇ ਸਮੂਹ ਜਾਣਕਾਰੀ ਠੀਕ ਢੰਗ ਨਾਲ ਵਿਭਾਗ ਕੋਲ ਭੇਜੀ ਜਾਵੇ। ਵਿਭਾਗ ਵੱਲੋਂ ਇਹ ਜਾਣਕਾਰੀ ਪੰਜਾਬ 'ਚੋਂ ਇਕੱਠੀ ਕਰ ਕੇ ਭਾਰਤ ਸਰਕਾਰ ਦੇ ਹਿਊਮਨ ਰਿਸੋਰਸਿਜ਼ ਤੇ ਡਿਵੈਲਪਮੈਂਟ ਵਿਭਾਗ (ਐੱਮ. ਐੱਚ. ਆਰ. ਡੀ.) ਨੂੰ ਭੇਜੀ ਜਾਂਦੀ ਹੈ।
ਵਿਭਾਗ ਵੱਲੋਂ ਭੇਜੀ ਸੂਚਨਾ ਤੋਂ ਬਾਅਦ ਹੀ ਐੱਮ. ਐੱਚ. ਆਰ. ਡੀ. ਸਕੂਲ ਵਿਚ ਮੁੱਢਲੀਆਂ ਸਹੂਲਤਾਂ ਦੇ ਵਿਸਥਾਰ ਲਈ ਗ੍ਰਾਂਟ ਜਾਰੀ ਕਰੇਗਾ। ਪਹਿਲਾਂ ਯੂ-ਡਾਇਸ ਲਈ ਪ੍ਰੋਫਾਰਮਿਆਂ 'ਤੇ ਜਾਣਕਾਰੀ ਦਿੱਤੀ ਜਾਂਦੀ ਸੀ ਪਰ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰੋਫਾਰਮਿਆਂ 'ਤੇ ਖਰਚ ਹੋਣ ਵਾਲੇ ਪੈਸੇ ਨੂੰ ਬਚਾਉਣ ਤੇ ਆਧੁਨਿਕ ਢੰਗ ਨਾਲ ਕੰਮ ਕਰਨ ਦੀ ਨੀਤੀ ਤਹਿਤ ਯੂ-ਡਾਇਸ ਨੂੰ ਆਨਲਾਈਨ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਅੰਮ੍ਰਿਤਸਰ ਸਮੇਤ ਕਈ ਜ਼ਿਲਿਆਂ ਵੱਲੋਂ ਵਾਰ-ਵਾਰ ਯੂ-ਡਾਇਸ 'ਤੇ ਤਰੁੱਟੀਆਂ ਭਰਪੂਰ ਜਾਂ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਇਸ ਵਾਰ ਵਿਭਾਗ ਨੇ ਸਕੂਲਾਂ ਨੂੰ ਆਖਰੀ ਮੌਕਾ ਦਿੰਦਿਆਂ ਕੰਮ 'ਚ ਸੁਧਾਰ ਲਿਆਉਣ ਲਈ ਕਿਹਾ ਹੈ।