ਚਰਚਾ ਨਾਲ ਨਿਕਲੇਗਾ ਹੱਲ, ਹਰ ਸੰਭਵ ਬਦਲ ਅਪਣਾਉਣ ਲਈ ਕੇਂਦਰ ਤਿਆਰ : ਅਸ਼ਵਨੀ ਸ਼ਰਮਾ
Tuesday, Dec 22, 2020 - 09:22 PM (IST)
ਲੁਧਿਆਣਾ, (ਗੁਪਤਾ)- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਿਚ ਹਰ ਸੋਧ ਦੇ ਸੁਝਾਅ ’ਤੇ ਖੁੱਲ੍ਹੇ ਮਨ ਨਾਲ ਪੂਰੇ ਆਦਰ ਨਾਲ ਵਿਚਾਰ ਕਰਨ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕਿਸਾਨਾਂ ਨੂੰ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਵਾਲੀ। ਇਸ ਲਈ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਪ੍ਰਸਤਾਵ ’ਤੇ ਮੁੜ ਵਿਚਾਰ ਕਰ ਕੇ ਉਸ ਨੂੰ ਮੰਨ ਲੈਣਾ ਚਾਹੀਦਾ ਹੈ।
ਭਾਜਪਾ ਲੁਧਿਆਣਾ ਦੇ ਬੁਲਾਰੇ ਅੰਕਿਤ ਬੱਤਰਾ ਵੱਲੋਂ ਸਨਮਾਨਿਤ ਕੀਤੇ ਜਾਣ ਮੌਕੇ ‘ਜਗ ਬਾਣੀ’ ਨਾਲ ਗੱਲਬਾਤ ਵਿਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਇਹ ਸਾਫ ਕੀਤਾ ਹੈ ਕਿ ਕਾਨੂੰਨ ਏ. ਪੀ. ਐੱਮ. ਸੀ. ਜਾਂ ਐੱਮ. ਐੱਸ. ਪੀ. ਨੂੰ ਪ੍ਰਭਾਵਿਤ ਨਹੀਂ ਕਰਨਗੇ। ਲੋਕ ਸਭਾ ਅਤੇ ਰਾਜ ਸਭਾ ਵਿਚ ਖੇਤੀ ਬਿੱਲ ਸਾਰੇ ਦਲਾਂ ਨਾਲ ਬਹਿਸ ਹੋਣ ਤੋਂ ਬਾਅਦ ਪਾਸ ਹੋਏ ਹਨ ਪਰ ਹੁਣ ਕੁਝ ਸਿਆਸੀ ਦਲ ਆਪਣੇ ਸਵਾਰਥਾਂ ਦੀਆਂ ਰੋਟੀਆਂ ਸੇਕਣ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਗੱਲਬਾਤ ਜ਼ਰੀਏ ਇਸ ਮਸਲੇ ਦਾ ਹੱਲ ਨਹੀਂ ਹੋਣ ਦੇ ਰਹੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੱਦੀ ਸੰਭਾਲਣ ਉਪਰੰਤ ਖੇਤੀ ਕਿਸਾਨੀ ਦੇ ਵਿਕਾਸ ਲਈ ਭਾਰਤ ਸਰਕਾਰ ਨੇ ਅਨੇਕਾਂ ਕਦਮ ਚੁੱਕੇ ਹਨ। ਖੇਤੀ ਸੁਧਾਰ ਦੇ ਨਵੇਂ ਕਾਨੂੰਨਾਂ ਨਾਲ ਕਿਸਾਨਾਂ ਦਾ ਵਰਤਮਾਨ ਤਾਂ ਸੁਧਰੇਗਾ ਹੀ, ਭਵਿੱਖ ਵੀ ਬਿਹਤਰ ਹੋਵੇਗਾ। ਇਹ ਕਾਨੂੰਨ ਪੂਰੇ ਦੇਸ਼ ਦੇ ਕਿਸਾਨਾਂ ਨੂੰ ਲੰਬੇ ਸਮੇਂ ਤੱਕ ਲਾਭ ਪਹੁੰਚਾਉਣਗੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਸੰਘਰਸ਼ ਕਰਨ ਵਾਲਿਆਂ ਦੀ ਸਿਹਤ ਦੀ ਵੀ ਚਿੰਤਾ ਹੈ। ਇਸੇ ਲਈ ਉਨ੍ਹਾਂ ਨੂੰ ਆਪਣੇ ਘਰ ਮੁੜ ਜਾਣ ਦੀ ਸਰਕਾਰ ਨੇ ਬੇਨਤੀ ਕੀਤੀ ਹੈ। ਸਰਕਾਰ ਨੇ ਗੱਲਬਾਤ ਦਾ ਸਿਲਸਿਲਾ ਖਤਮ ਨਹੀਂ ਕੀਤਾ। ਕਿਸੇ ਵੀ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਹੈ। ਸਰਕਾਰ ਨੂੰ ਉਮੀਦ ਹੈ ਕਿ ਕਿਸਾਨ ਜਥੇਬੰਦੀਆਂ ਸਰਕਾਰ ਦੇ ਪ੍ਰਸਤਾਵ ਨਾਲ ਸਹਿਮਤ ਹੋ ਕੇ ਚਰਚਾ ਕਰਨਗੀਆਂ।