ਹੁਸ਼ਿਆਰਪੁਰ ਵਾਸੀਆਂ ਨੂੰ ਗੰਦਗੀ ਦੇ ਢੇਰਾਂ ਤੋਂ ਕਦੋਂ ਮਿਲੇਗੀ ਨਿਜਾਤ

07/14/2017 1:27:39 AM

ਹੁਸ਼ਿਆਰਪੁਰ, (ਘੁੰਮਣ)- ਨਗਰ ਨਿਗਮ ਹੁਸ਼ਿਆਰਪੁਰ ਸ਼ਹਿਰ 'ਚ ਸਫ਼ਾਈ ਵਿਵਸਥਾ ਨੂੰ ਕਾਇਮ ਰੱਖਣ 'ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਚਮੜੀ ਰੋਗ, ਨਜ਼ਲਾ, ਜ਼ੁਕਾਮ, ਅਲਰਜੀ, ਦਮਾ ਅਤੇ ਕੈਂਸਰ ਵੰਡ ਰਹੀ ਹੈ। 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੇਬਰ ਪਾਰਟੀ ਭਾਰਤ ਅਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਜਤਿੰਦਰ ਕੁਮਾਰ ਸ਼ਰਮਾ ਨੇ ਸ਼ਹਿਰ ਵਿਚ ਨਗਰ ਨਿਗਮ ਵੱਲੋਂ ਸਵੱਛਤਾ ਅਤੇ ਸਫ਼ਾਈ ਦੇ ਝੂਠ ਦਾ ਪਰਦਾਫਾਸ਼ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿਚ ਸ਼ਹਿਰ ਦੇ ਚਾਰੇ ਪਾਸੇ ਅਤੇ ਵਿਚਕਾਰ ਗੰਦਗੀ ਹੀ ਗੰਦਗੀ ਨਜ਼ਰ ਆ ਰਹੀ ਹੈ। ਇਥੇ ਹੀ ਬਸ ਨਹੀਂ ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਬੇਸਹਾਰਾ ਪਸ਼ੂ ਭੋਜਨ ਦੀ ਤਲਾਸ਼ ਕਰਦੇ ਆਮ ਦੇਖੇ ਜਾ ਸਕਦੇ ਹਨ। 
ਧੀਮਾਨ ਨੇ ਕਿਹਾ ਕਿ ਬਰਸਾਤ ਦੇ ਦਿਨਾਂ 'ਚ ਖੁੱਲ੍ਹੀ ਹਵਾ ਵਿਚ ਧਰਤੀ 'ਤੇ ਕੂੜਾ ਪਏ ਰਹਿਣ ਕਾਰਨ ਬਹੁਤ ਤੇਜ਼ੀ ਨਾਲ ਵਿਨਾਸ਼ਕਾਰੀ ਬੈਕਟੀਰੀਆ ਪੈਦਾ ਹੁੰਦਾ ਹੈ, ਜੋ ਹਵਾ ਰਾਹੀਂ ਮਨੁੱਖਤਾ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਸ਼ਹਿਰ ਬਣਾਉਣ ਦੀਆਂ ਸਾਰੀਆਂ ਯੋਜਨਾਵਾਂ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਾ ਦਿੱਤੀਆਂ ਜਾਂਦੀਆਂ ਹਨ ਤੇ ਇਸ ਦਾ ਲੋਕ ਸੰਤਾਪ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵੱਛਤਾ ਦੀਆਂ ਦੁਹਾਈਆਂ ਦੇ ਰਹੇ ਹਨ ਤੇ ਦੂਜੇ ਪਾਸੇ ਹੁਸ਼ਿਆਰਪੁਰ ਦੇ ਲੀਡਰ ਸ਼ਹਿਰ 'ਚ ਗੰਦਗੀ ਭਰੇ ਮਾਹੌਲ ਵੱਲ ਧਿਆਨ ਨਹੀਂ ਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਵੱਲ ਨਗਰ ਕੌਂਸਲ ਹੀ ਨਹੀਂ ਸਗੋਂ ਸਿਹਤ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਜਿਹੜੇ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੌੜੀ ਅਤੇ ਝੂਠ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਅੰਦਰ ਸਫਾਈ ਦਾ ਢਾਂਚਾ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ। 
ਕੀ ਕਹਿੰਦੇ ਹਨ ਮੇਅਰ : ਜਦੋਂ ਇਸ ਸਬੰਧੀ ਮੇਅਰ ਸ਼ਿਵ ਸੂਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਰ ਰੋਜ਼ ਸਫ਼ਾਈ ਕਰਮਚਾਰੀ ਕੂੜਾ ਇਕੱਠਾ ਕਰਦੇ ਹਨ, ਜੋ ਕਿ 65 ਤੋਂ 70 ਟਨ ਤੱਕ ਹੁੰਦਾ ਹੈ ਤੇ ਉਸ ਨੂੰ ਸੈਕੰਡਰੀ ਪੁਆਇੰਟ 'ਤੇ ਪਹੁੰਚਾਉਂਦੇ ਹਨ, ਜਿਥੋਂ ਅੱਗੇ ਲਿਫਟਿੰਗ ਕਰ ਕੇ ਡੰਪ ਤੱਕ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜੇ ਨਿਗਮ ਕੋਲ ਸਫ਼ਾਈ ਕਰਮਚਾਰੀਆਂ ਦੀ ਕਮੀ ਹੈ ਪਰ ਫਿਰ ਵੀ ਅਸੀਂ ਇਸ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਡੰਪਾਂ ਨੂੰ ਕਵਰ ਕਰ ਕੇ ਸ਼ੈੱਡਾਂ ਬਣਾਈਆਂ ਜਾ ਰਹੀਆਂ ਹਨ ਤੇ ਹੁਣ ਤੱਕ 3 ਸ਼ੈੱਡ ਬਣਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਕੋਲੋਂ ਰੀ-ਸਾਈਕਲਿੰਗ ਪਲਾਂਟ ਲਾਉਣ ਦੀ ਵੀ ਮੰਗ ਕਰ ਰਹੇ ਹਾਂ ਤਾਂ ਜੋ ਸ਼ਹਿਰ ਦੇ ਕੂੜੇ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹਾਂ ਤੇ ਰੋਜ਼ਾਨਾ ਦੋ ਵਾਰਡਾਂ ਵਿਚ ਸਪਰੇਅ ਦਾ ਕੰਮ ਵੀ ਕੀਤਾ ਜਾ ਰਿਹਾ ਹੈ। 


Related News